
-ਆਸਟ੍ਰੇਲੀਆ ਪ੍ਰਸ਼ਾਂਤ ਅਤੇ ਇੰਡੀਆ ਮਹਾਂਸਾਗਰਾਂ ਦੇ ਵਿਚਕਾਰ ਸਥਿਤ ਇੱਕ ਮਹਾਂਦੀਪੀ ਦੇਸ਼ ਹੈ। ਇਹ ਟਾਪੂ ਨੁਮਾ ਦੇਸ਼ ਲਗਭਗ 8 ਮਿਲੀਅਨ ਵਰਗ ਕਿਲੋਮੀਟਰ ਦੇ ਕੁੱਲ ਖੇਤਰ ਦੇ ਨਾਲ ਵਿਸ਼ਵ ਪੱਧਰ ’ਤੇ ਛੇਵਾਂ ਸਭ ਤੋਂ ਵੱਡਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਦੇਸ਼ ਹੈ, ਜਿਸ ਦੇ ਕੁਦਰਤੀ ਸੁਹੱਪਣ ਦੇ ਚਰਚੇ ਦੂਰ ਦੂਰ ਤੱਕ ਹੁੰਦੇ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਵਿਦੇਸ਼ੀ ਸੈਲਾਨੀਆਂ ਦੇ ਨਾਲ- ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਆਕ੍ਰਸ਼ਿਤ ਕਰਦੀ ਹੈ। ਵੱਡੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਕਰਨ ਦੇ ਬਹਾਨੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਨਣ ਲਈ ਵੱਖ- ਵੱਖ ਦੇਸ਼ਾਂ ਤੋਂ ਆਸਟ੍ਰੇਲੀਆ ਆਉਂਦੇ ਹਨ। ਆਸਟ੍ਰੇਲੀਆ ਵਿੱਚ ਅਜਿਹੇ ਕੁਦਰਤੀ ਸੋਮੇ ਅਤੇ ਦ੍ਰਿਸ਼ ਹਨ, ਜਿਨ੍ਹਾਂ ਨੂੰ ਵੇਖ ਕੇ ਵਿਦਿਆਰਥੀਆਂ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਸਖ਼ਤ ਪੜ੍ਹਾਈ ਕਾਰਨ ਥੱਕੇ ਵਿਦਿਆਰਥੀ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਵੇਖ ਕੇ ਮੁੜ ਤਰੋ ਤਾਜ਼ਾ ਹੋ ਜਾਂਦੇ ਹਨ। ਅਸਲ ਵਿੱਚ ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਭਾਰਤੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਭਾਰਤ ਤੋਂ ਆਸਟ੍ਰੇਲੀਆ ਜਾ ਰਹੇ ਹਨ। ਹੁਣ ਆਸਟ੍ਰੇਲੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਨਵੇਂ ਕਾਨੂੰਨ ਬਣਾ ਦਿੱਤੇ ਹਨ ਪਰ ਇਹਨਾਂ ਕਾਨੂੰਨਾਂ ਦਾ ਆਸਟ੍ਰੇਲੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵੱਡੀਆਂ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ‘ਯੂਨੀਵਰਸਿਟੀਜ਼ ਆਸਟ੍ਰੇਲੀਆ’ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਸੈਕਟਰ ’ਤੇ ਹੈਂਡ ਬ੍ਰੇਕ ਲਗਾਉਣ ਵਾਂਗ ਹੋਵੇਗਾ। ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਮੁਖੀ ਪ੍ਰੋਫੈਸਰ ਡੇਵਿਡ ਲੋਇਡ ਨੇ ਇੱਕ ਬਿਆਨ ’ਚ ਕਿਹਾ ਕਿ ਅਸੀਂ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਸਰਕਾਰ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਾਂ ਪਰ ਅਜਿਹਾ ਕਿਸੇ ਇੱਕ ਖੇਤਰ, ਖਾਸ ਤੌਰ ’ਤੇ ਸਿੱਖਿਆ ਵਰਗੇ ਖੇਤਰ ਦੀ ਕੀਮਤ ’ਤੇ ਨਹੀਂ ਕੀਤਾ ਜਾਣਾ ਚਾਹੀਦਾ ਹੈ, ਜੋ ਆਰਥਿਕ ਤੌਰ ’ਤੇ ਮਹੱਤਵਪੂਰਨ ਹੈ। ਭਾਰਤ ਸਮੇਤ ਦੁਨੀਆਂ ਦੇ ਵੱਖ- ਵੱਖ ਦੇਸ਼ਾਂ ਦੇ ਵਿਦਿਆਰਥੀ ਆਸਟ੍ਰੇਲੀਆ ਵਿੱਚ ਸਿੱਖਿਆ ਪ੍ਰਾਪਤ ਕਰਨਾ ਮਹੱਤਵਪੂਰਨ ਸਮਝਦੇ ਹਨ। ਇਥੇ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀਆਂ ਨੂੰ ਆਪਣੇ ਚੰਗੇ ਕੈਰੀਅਰ ਬਣਨ ਦੀ ਉਮੀਦ ਹੁੰਦੀ ਹੈ।
ਆਸਟ੍ਰੇਲੀਆ ਦੇ ਘੁੰਮਣਯੋਗ ਸਥਾਨ :
ਕੰਗਾਰੂਆਂ, ਘੁੰਮਦੀਆਂ ਡਾਲਫਿਨਾਂ ਵਾਲੇ ਸਮੁੰਦਰੀ ਸੰਸਾਰ ਅਤੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਓਪੇਰਾ ਹਾਊਸ ਕਾਰਨ ਆਸਟ੍ਰੇਲੀਆ ਦੀ ਆਪਣੀ ਵੱਖਰੀ ਹੀ ਸ਼ਾਨ ਹੈ। ਆਸਟ੍ਰੇਲੀਆ ਦੇ ਬਰਫੀਲੇ ਪਹਾੜ, ਡੈਨਟਰੀ ਨੈਸ਼ਨਲ ਪਾਰਕ, ਦ ਰੌਕਸ, ਗ੍ਰੇਟ ਓਸ਼ਨ ਰੋਡ, ਫਰੇਜ਼ਰ ਟਾਪੂ, ਤਸਮਾਨੀਆ ਦਾ ਪੁਰਾਣੀ ਅਤੇ ਨਵੀਂ ਕਲਾ ਦਾ ਅਜਾਇਬ ਘਰ, ਆਇਰਸ ਰੌਕ, ਕਾਰਲਟਨ ਗਾਰਡਨ, ਹਾਰਬਰ ਬ੍ਰਿਜ, ਸਿਡਨੀ ਵਿੱਚ ਆਧੁਨਿਕ ਕਲਾ ਦਾ ਹੈਡ ਮਿਊਜ਼ੀਅਮ ਘੁੰਮਣਯੋਗ ਥਾਂਵਾਂ ਹਨ। ਆਸਟ੍ਰੇਲੀਆ ਵਿੱਚ ਬਹੁਤ ਸਾਰੇ ਘੁੰਮਣਯੋਗ ਸਥਾਨ ਹਨ, ਜਿਥੇ ਕਿ ਹਰ ਸਾਲ ਵੱਡੀ ਗਿਣਤੀ ਸੈਲਾਨੀ ਦੁਨੀਆਂ ਭਰ ਤੋਂ ਪਹੁੰਚਦੇ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀਆਂ ਗੁਲਾਬੀ ਝੀਲਾਂ ਵੀ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹਨ। ਇਹਨਾਂ ਝੀਲਾਂ ਦਾ ਗੁਲਾਬੀ ਰੰਗ ਦਾ ਪਾਣੀ ਸੈਲਾਣੀਆਂ ਨੂੰ ਖਿੱਚ ਪਾਉਂਦਾ ਰਹਿੰਦਾ ਹੈ। ਆਸਟ੍ਰੇਲੀਆ ਵਿਖੇ ਵਾਲਮਨ ਫਾਲਸ, ਮਿਸ਼ੇਲ ਫਾਲਸ, ਈਬੋਰ ਫਾਲਸ, ਮੈਕੇਂਜੀ ਫਾਲਸ, ਜਿਮ ਜਿਮ ਫਾਲਸ, ਮਿਲਿਆ ਮਿਲਿਆ ਫਾਲ, ਫਿਟਜ਼ਰੋਏ ਫਾਲਸ, ਐਲਨਬਰੋ ਫਾਲਸ, ਮੋਰੀਅਲਟਾ ਫਾਲਸ, ਰਸਲ ਫਾਲਸ, ਦੱਖਣੀ ਰੌਕਹੋਲ, ਕ੍ਰਿਸਟਲ ਸ਼ਾਵਰ ਵਾਟਰਫਾਲ, ਬੀਚੈਂਪ ਫਾਲਸ ਵਰਗੇ ਅਨੇਕਾਂ ਹੀ ਸੁੰਦਰ ਕੁਦਰਤੀ ਝਰਨੇ ਹਨ, ਜੋ ਕਿ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਹਨ।
ਪੜ੍ਹਾਈ ਤੇ ਕੰਮ ਦੇ ਨਾਲ ਸੈਰ ਸਪਾਟਾ ਵੀ ਜ਼ਰੂਰੀ :
ਵੱਡੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀ ਵੀ ਆਪਣੀ ਪੜ੍ਹਾਈ ਵਿਚੋਂ ਸਮਾਂ ਕੱਢਕੇ ਵੱਖ ਵੱਖ ਸੈਲਾਨੀ ਥਾਂਵਾਂ ’ਤੇ ਘੁੰਮ ਕੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਨ। ਅਨੇਕਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੜ੍ਹਾਈ ਅਤੇ ਕੰਮ ਦੇ ਬੋਝ ਨੂੰ ਘੱਟ ਕਰਨ ਲਈ ਅਤੇ ਮੁੜ ਤਰੋ ਤਾਜ਼ਾ ਹੋਣ ਲਈ ਅਕਸਰ ਉਹ ਆਸਟ੍ਰੇਲੀਆ ਦੇ ਸੈਲਾਨੀ ਕੇਂਦਰਾਂ ’ਤੇ ਘੁੰਮਣ ਚਲੇ ਜਾਂਦੇ ਹਨ ਭਾਵੇਂਕਿ ਪੜ੍ਹਾਈ ਅਤੇ ਕੰਮ ਦੇ ਬੋਝ ਕਾਰਨ ਉਹਨਾਂ ਨੂੰ ਘੁੰਮਣ ਦਾ ਸਮਾਂ ਘੱਟ ਹੀ ਮਿਲਦਾ ਹੈ ਫਿਰ ਵੀ ਅਨੇਕਾਂ ਵਿਦਿਆਰਥੀ ਘੁੰਮਣ ਦਾ ਸ਼ੌਂਕ ਕਿਸੇ ਨਾ ਕਿਸੇ ਤਰੀਕੇ ਨਾਲ ਪੂਰਾ ਕਰ ਹੀ ਲੈਂਦੇ ਹਨ। ਦੁਨੀਆਂ ਦੇ ਵੱਖ- ਵੱਖ ਦੇਸ਼ਾਂ ਤੋਂ ਆਸਟ੍ਰੇਲੀਆ ਆ ਕੇ ਪੜਾਈ ਕਰ ਰਹੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ ਸਖਤ ਮਿਹਨਤ ਕਰਕੇ ਆਪਣੀਆਂ ਫੀਸਾਂ ਦਾ ਪ੍ਰਬੰਧ ਕਰਦੇ ਹਨ।
ਪਰਵਾਸੀਆਂ ਦੀ ਵਧਦੀ ਗਿਣਤੀ ਤੋਂ ਮੂਲ ਵਸਨੀਕ ਚਿੰਤਤ :
ਜਿਸ ਤਰ੍ਹਾਂ ਅਮਰੀਕਾ ਤੇ ਕੈਨੇਡਾ ਦੇ ਮੂਲ ਵਸਨੀਕ ਉਹਨਾਂ ਦੇਸ਼ਾਂ ਵਿੱਚ ਪਰਵਾਸੀ ਲੋਕਾਂ ਦੀ ਵਧ ਰਹੀ ਗਿਣਤੀ ਤੋਂ ਪ੍ਰੇਸ਼ਾਨ ਹਨ, ਉਸੇ ਤਰ੍ਹਾਂ ਹੁਣ ਆਸਟ੍ਰੇਲੀਆ ਦੇ ਮੂਲ ਵਸਨੀਕ ਵੀ ਆਸਟ੍ਰੇਲੀਆ ਵਿੱਚ ਪਰਵਾਸੀ ਲੋਕਾਂ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਤੋਂ ਚਿੰਤਤ ਹਨ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਨਿਰਯਾਤ ਉਦਯੋਗ ਹੈ। 2022-2023 ਵਿੱਤੀ ਸਾਲ ’ਚ ਆਰਥਿਕਤਾ ’ਚ ਇਸ ਖੇਤਰ ਦਾ ਯੋਗਦਾਨ 36.4 ਅਰਬ ਆਸਟ੍ਰੇਲੀਅਨ ਡਾਲਰ ਯਾਨੀ ਲਗਭਗ ਦੋ ਹਜ਼ਾਰ ਅਰਬ ਰੁਪਏ ਸੀ। ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਲੋਕ ਪ੍ਰਵਾਸੀਆਂ ਦੀ ਵਧਦੀ ਗਿਣਤੀ ਤੋਂ ਚਿੰਤਤ ਹਨ।
ਇੱਕ ਸਰਵੇਖਣ ਅਨੁਸਾਰ ਵੋਟਰ ਵਿਦੇਸ਼ੀ ਵਿਦਿਆਰਥੀਆਂ ਅਤੇ ਕੰਮ ਕਰਨ ਵਾਲਿਆਂ ਦੀ ਆਮਦ ਤੋਂ ਚਿੰਤਤ ਹਨ, ਜੋ ਹਾਊਸਿੰਗ ਮਾਰਕੀਟ ’ਤੇ ਵਧੇਰੇ ਦਬਾਅ ਪਾ ਰਹੇ ਹਨ। ਇਸ ਕਾਰਨ ਪ੍ਰਵਾਸ ਇੱਕ ਸਾਲ ਅੰਦਰ ਚੋਣ ਮੁੱਦਿਆਂ ’ਚੋਂ ਇੱਕ ਬਣ ਸਕਦਾ ਹੈ। 30 ਸਤੰਬਰ, 2023 ਤੱਕ ਸਾਲ ’ਚ ਸ਼ੁੱਧ ਪ੍ਰਵਾਸ 60 ਫੀਸਦੀ ਵਧ ਕੇ ਰਿਕਾਰਡ 5,48,800 ਹੋ ਗਿਆ ਸੀ। ਇਨ੍ਹਾਂ ’ਚ ਵੱਡੀ ਗਿਣਤੀ ਭਾਰਤ, ਚੀਨ ਅਤੇ ਫਿਲੀਪੀਨਜ਼ ਦੇ ਵਿਦਿਆਰਥੀ ਸਨ। 2022-23 ’ਚ ਦੇਸ਼ ’ਚ ਆਏ ਪ੍ਰਵਾਸੀਆਂ ਦੀ ਕੁੱਲ ਗਿਣਤੀ 5,18,000 ਸੀ। ਬ੍ਰਿਟੇਨ ਅਤੇ ਕੈਨੇਡਾ ਦੀ ਤਰਜ਼ ’ਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਆਸਟ੍ਰੇਲੀਆ ਨੇ ਪਿਛਲੇ ਕੁਝ ਮਹੀਨਿਆਂ ’ਚ ਕਈ ਸਖ਼ਤ ਕਦਮ ਚੁੱਕੇ ਹਨ। ਪਿਛਲੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਗਈ ਸੀ। ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਨਾਮਜ਼ਦਗੀ ਅੱਠ ਲੱਖ ਨੂੰ ਪਾਰ ਕਰਨ ਦੀ ਉਮੀਦ ਹੈ, ਜੋ ਕਿ 2019 ਦੇ ਮੁਕਾਬਲੇ 17 ਫੀਸਦੀ ਵੱਧ ਹੈ।
2024 ’ਚ ਨਾਮਜ਼ਦਗੀਆਂ ਦੀ ਕੁੱਲ ਗਿਣਤੀ 2,89,230 ਹੈ, ਜੋ ਇਸ ਸਮੇਂ ਲਈ ਇੱਕ ਰਿਕਾਰਡ ਹੈ ਅਤੇ 2019 ’ਚ 2,49,261 ਨਾਮਜ਼ਦਗੀਆਂ ਤੋਂ 16 ਫੀਸਦੀ ਵੱਧ ਹੈ। ਇਹ ਰਿਕਾਰਡ ਅੰਕੜਾ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵੱਲ ਖਿੱਚ ਨਾ ਸਿਰਫ਼ ਵਧੀ ਹੈ, ਸਗੋਂ ਨਵੀਆਂ ਉਚਾਈਆਂ ’ਤੇ ਪਹੁੰਚ ਗਈ ਹੈ। ਇਸ ਦਾ ਇੱਕ ਕਾਰਨ ਕੈਨੇਡਾ ਅਤੇ ਬ੍ਰਿਟੇਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਘੱਟ ਵੀਜ਼ਿਆਂ ਦੀ ਗਿਣਤੀ ਹੈ। ਅੰਕੜੇ ਦਸ ਰਹੇ ਹਨ ਕਿ ਆਸਟ੍ਰੇਲੀਆ ਜਾਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਵਸੇ ਹੋਏ ਲੋਕ ਆਸਟ੍ਰੇਲੀਆ ਜਾਣ ਲਈ ਹਰ ਤਰੀਕਾ ਅਪਨਾਉਣ ਲਈ ਤਿਆਰੀ ਕਰ ਰਹੇ ਹਨ।
ਕਿੱਤਾਮੁੱਖੀ ਕੋਰਸਾਂ ਵਿੱਚ ਵਧੀ ਵਿਦਿਆਰਥੀਆਂ ਦੀ ਗਿਣਤੀ:
ਦੁਨੀਆਂ ਭਰ ਤੋਂ ਭਾਵੇਂ ਆਸਟ੍ਰੇਲੀਆ ਵਿੱਚ ਹਰ ਕਿਸਮ ਦੇ ਕੋਰਸਾਂ ਵਿੱਚ ਦਾਖਲੇ ਲੈਣ ਲਈ ਅੰਤਰਰਾਸ਼ਟਰੀ ਵਿਦਿਆਰਥੀ ਆ ਰਹੇ ਹਨ ਪਰ ਕਿੱਤਾਮੁੱਖੀ ਕੋਰਸਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਅੱਜ ਸਾਡੀਆਂ ਯੂਨੀਵਰਸਿਟੀਆਂ ’ਚ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਹਨ, ਜਦ ਕਿ ਨਿੱਜੀ ਕਿੱਤਾ ਮੁਖੀ ਅਤੇ ਸਿਖਲਾਈ ਸੰਸਥਾਵਾਂ ’ਚ ਉਨ੍ਹਾਂ ਦੀ ਗਿਣਤੀ ਲਗਭਗ 50 ਫ਼ੀਸਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਨਵੀਂ ਹੱਦ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਯੂਨੀਵਰਸਿਟੀਆਂ ਲਈ 145,000 ਅਤੇ ਪ੍ਰੈਕਟੀਕਲ ਅਤੇ ਹੁਨਰ-ਅਧਾਰਿਤ ਕੋਰਸਾਂ ਲਈ 95,000 ਤੱਕ ਸੀਮਤ ਕੀਤੀ ਜਾਵੇਗੀ, ਜੋ ਕਰੀਬ 2023 ਦੇ ਪੱਧਰ ਦੇ ਨੇੜੇ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨੂੰ ਰੋਕ ਸਕਣਗੇ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਉਣਾ ਪਹਿਲਾਂ ਵਾਂਗ ਹੀ ਜਾਰੀ ਰਹੇਗਾ?
ਆਸਟ੍ਰੇਲੀਆ ਦਾ ਸ਼ਾਂਤ ਮਾਹੌਲ ਅਤੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਸਾਫ਼ ਸੁਥਰਾ ਵਾਤਾਵਰਣ ਜਿਥੇ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਖਿੱਚਦਾ ਹੈ,ਉਥੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਨੂੰ ਤਰਜੀਹ ਦੇ ਰਹੇ ਹਨ। ਭਾਵੇਂ ਕਿ ਹੁਣ ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਖ਼ਤ ਕਾਨੂੰਨ ਬਣਾਉਣ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਿਤ ਹੋਣ ਦੇ ਖ਼ਦਸ਼ੇ ਖੜੇ ਹੋ ਗਏ ਹਨ, ਫਿਰ ਵੀ ਭਾਰਤ ਸਮੇਤ ਦੁਨੀਆਂ ਦੇ ਵੱਖ- ਵੱਖ ਮੁਲਕਾਂ ਤੋਂ ਵੱਡੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਜਾਣ ਦੇ ਯਤਨ ਕਰ ਰਹੇ ਹਨ।