ਇੰਦਰਜੀਤ ਗੁਰਮ:
ਹਰ ਦੇਸ਼ ਦੀ ਅਰਥ-ਵਿਵਸਥਾ ਦੇ ਤਿੰਨ ਮਹੱਤਵਪੂਰਨ ਖੇਤਰ ਹੁੰਦੇ ਹਨ। ਸਨਅਤ ਖੇਤੀਬਾੜੀ ਅਤੇ ਇਨ੍ਹਾਂ ਨਾਲ ਜੁੜੀਆਂ ਸੇਵਾਵਾਂ। ਭਾਰਤ ਵਿਚ 18ਵੀਂ ਸਦੀ ਤੱਕ ਖੇਤੀ ਰਵਾਇਤੀ ਤਰੀਕਿਆਂ ਨਾਲ ਹੁੰਦੀ ਆ ਰਹੀ ਸੀ, ਜਿਸ ਕਾਰਨ ਦੇਸ਼ ਦੀ ਤਰੱਕੀ ਵਿਚ ਖੇਤੀ ਤੋਂ ਹੋਣ ਵਾਲੀ ਕਮਾਈ ਦਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਸੀ ਹੁੰਦਾ। ਭਾਰਤ ਵਿਚ 60-70 ਫ਼ੀਸਦੀ ਆਬਾਦੀ ਖੇਤੀ ਨਾਲ ਜੁੜੀ ਹੋਈ ਸੀ। ਦੁਨੀਆ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਭਾਰਤ ਵਿਚ ਵੀ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਸੀ। ਜਿਸ ਨਾਲ ਪੂਰੇ ਦੇਸ਼ ਵਿਚ ਅਨਾਜ ਦੀ ਕਮੀ ਆ ਰਹੀ ਸੀ। ਭਾਰਤ ਨੂੰ ਕਣਕ ਅਤੇ ਚੌਲ ਦਰਾਮਦ ਕਰਨੇ ਪੈਂਦੇ ਸਨ। ਇਸ ਨਾਲ ਖੇਤੀ ਤੋਂ ਹੋਣ ਵਾਲੀ ਕਮਾਈ ਵੀ ਕੋਈ ਜ਼ਿਆਦਾ ਨਹੀਂ ਸੀ। 1964-65 ਅਤੇ 1965-66 ਵਿਚ ਭਾਰਤ ਨੂੰ ਸੋਕੇ ਦਾ ਸਾਹਮਣਾ ਕਰਨਾ ਪਿਆ। 1966 ਵਿਚ ਭਾਰਤ ਦੀ ਉਸ ਵੇਲੇ ਦੀ ਸਰਕਾਰ ਨੇ ਭਾਰਤ ਵਿਚ ਹਰੀ ਕ੍ਰਾਂਤੀ ਨੂੰ ਅਜ਼ਮਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੀ ਜ਼ਮੀਨ ਉਪਜਾਊ ਹੋਣ ਕਾਰਨ ਪੰਜਾਬ ਵਿਚ ਇਸਨੂੰ ਅਜ਼ਮਾਉਣ ਦਾ ਫ਼ੈਸਲਾ ਹੋਇਆ। ਹਰੀ ਕ੍ਰਾਂਤੀ ਇਕ ਯੋਜਨਾਬੱਧ ਤਰੀਕੇ ਨਾਲ ਖੇਤੀ ਵਿਚ ਕੀਤੇ ਸੁਧਾਰਾਂ ਦੀ ਲੜੀ ਸੀ, ਜਿਸ ਨਾਲ ਫ਼ਸਲਾਂ ਦੀ ਪੈਦਾਵਾਰ ਵਧ ਸਕੇ। ਸਭ ਤੋਂ ਪਹਿਲਾਂ ਇੱਥੇ ਹਾਈਬ੍ਰਿਡ ਭਾਵ ਵੱਧ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ ਹੋਣ ਲੱਗੀ। ਕਣਕ ਅਤੇ ਝੋਨੇ ਦੀਆਂ ਨੀਵੇਂ ਜਾਂ ਮਧਰੇ ਕੱਦ ਵਾਲੀਆਂ ਫ਼ਸਲਾਂ ਦੀ ਖੇਤੀ ਕੀਤੀ ਗਈ। ਸੁਚੱਜੇ ਢੰਗ ਨਾਲ ਪਾਣੀ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ। ਟਿਊਬਵੈੱਲਾਂ ਦੇ ਕੁਨੈਕਸ਼ਨ ਅਤੇ ਹੋਰ ਸਿੰਚਾਈ ਦੇ ਸਾਧਨਾਂ ਦੀ ਪੈਦਾਵਾਰ ਵਧਾਈ ਗਈ। ਫ਼ਸਲਾਂ ਨੂੰ ਕੀੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟਨਾਸ਼ਕ ਅਤੇ ਨਵੀਂ ਕਿਸਮ ਦੀਆਂ ਖਾਦਾਂ ਮੁਹੱਈਆ ਕਰਵਾਈਆਂ ਜਾਣ ਲੱਗੀਆਂ। ਛੋਟੇ ਕਿਸਾਨਾਂ ਨੂੰ ਘੱਟ ਵਿਆਜ ਦਰਾਂ 'ਤੇ ਕਰਜ਼ਾ ਮੁਹੱਈਆ ਕਰਵਾਇਆ ਜਾਣ ਲੱਗਾ, ਤਾਂ ਜੋ ਕਿਸਾਨ ਅਸਾਨੀ ਨਾਲ ਇਨ੍ਹਾਂ ਯੋਜਨਾਵਾਂ ਨੂੰ ਆਪਣੇ ਖੇਤਾਂ ਅੰਦਰ ਅਜ਼ਮਾ ਸਕਣ। ਫ਼ਸਲਾਂ ਨੂੰ ਬੀਜਣ ਅਤੇ ਕੱਟਣ ਲਈ ਆਧੁਨਿਕ ਮਸ਼ੀਨਾਂ ਅਤੇ ਔਜ਼ਾਰਾਂ ਨੂੰ ਵੀ ਵਧਾਇਆ ਗਿਆ ਅਤੇ ਉਨ੍ਹਾਂ ਦੀ ਪਹੁੰਚ ਕਿਸਾਨਾਂ ਤੱਕ ਆਸਾਨੀ ਨਾਲ ਕੀਤੀ ਗਈ। ਹਰੀ ਕ੍ਰਾਂਤੀ ਦੀਆਂ ਯੋਜਨਾਵਾਂ ਸ਼ੁਰੂ ਹੋਣ ਦਾ ਸਿੱਟਾ ਇਹ ਨਿਕਲਿਆ ਕਿ 1970 ਦੇ ਆਉਂਦੇ-ਆਉਂਦੇ ਦੇਸ਼ ਦੇ ਕੁੱਲ ਅਨਾਜ ਦਾ 70% ਹਿੱਸਾ ਪੰਜਾਬ ਤੋਂ ਜਾ ਰਿਹਾ ਸੀ। ਅਨਾਜ ਵਿਚ ਹਿੱਸਾ ਵਧਣ ਨਾਲ ਇੱਥੋਂ ਦੇ ਕਿਸਾਨਾਂ ਦੀ ਆਮਦਨ ਵੀ ਵਧਣ ਲੱਗੀ ਅਤੇ ਹਰੀ ਕ੍ਰਾਂਤੀ ਨੇ ਇੱਕ ਮਿਸਾਲ ਪੈਦਾ ਕੀਤੀ। ਆਉਣ ਵਾਲੇ ਕੁਝ ਸਾਲਾਂ ਵਿਚ ਹੀ ਭਾਰਤ ਭੁੱਖਮਰੀ ਤੋਂ ਬਾਹਰ ਆ ਗਿਆ। ਅਤੇ ਅਨਾਜ ਦੂਸਰੇ ਦੇਸ਼ਾਂ ਨੂੰ ਭੇਜਣ ਯੋਗ ਵੀ ਬਣ ਗਿਆ। ਭਾਰਤ ਵਿਚ ਹਰੀ ਕ੍ਰਾਂਤੀ ਵਰਦਾਨ ਦੀ ਤਰ੍ਹਾਂ ਸਾਬਿਤ ਹੋਈ ਪਰ ਸਮਾਂ ਬੀਤਣ ਨਾਲ ਪੰਜਾਬ ਦੇ ਭਵਿੱਖ ਲਈ ਇਹ ਸਰਾਪ ਬਣ ਗਈ। ਇਸ ਨੇ ਪੰਜਾਬ ਦੇ ਛੋਟੇ ਕਿਸਾਨਾਂ ਦੇ ਜੀਵਨ ਨੂੰ ਮੁਸ਼ਕਿਲਾਂ ਨਾਲ ਭਰ ਦਿੱਤਾ। ਜ਼ਿਆਦਾ ਝਾੜ ਵਾਲੇ ਬੀਜ, ਫ਼ਸਲਾਂ ਦੀ ਪਨੀਰੀ, ਨਵੀਆਂ ਸਿੰਚਾਈ ਤਕਨੀਕਾਂ ਅਤੇ ਔਜ਼ਾਰਾਂ, ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ, ਇਨ੍ਹਾਂ ਸਭ ਚੀਜ਼ਾਂ ਨੂੰ ਖਰੀਦਣ ਲਈ ਛੋਟੇ ਕਿਸਾਨਾਂ ਨੂੰ ਕਰਜ਼ੇ ਲੈਣੇ ਪਏ। ਸਰਕਾਰੀ ਬੈਂਕਾਂ ਤੋਂ ਬਾਅਦ ਨਿੱਜੀ ਬੈਂਕ ਵੀ ਕਿਸਾਨਾਂ ਨੂੰ ਕਰਜ਼ੇ ਦੇਣ ਲੱਗ ਪਏ। ਪਰ। ਵਿਆਜ ਦਰ ਬਹੁਤ ਜ਼ਿਆਦਾ ਹੁੰਦੀ ਸੀ, ਜੋ ਕਿ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਕਿਸਾਨ ਸਮਝ ਨਾ ਸਕੇ ਅਤੇ ਇਕ ਤੋਂ ਇਕ ਬਾਅਦ ਦੂਸਰੇ ਕਰਜ਼ੇ ਵਿਚ ਫਸਣ ਲੱਗੇ। ਬੀ.ਟੀ. ਕਪਾਹ ਦੇ ਬੀਜ ਵੇਚਣ ਵਾਲਿਆਂ ਦਾ ਦਾਅਵਾ ਸੀ ਕਿ ਫ਼ਸਲ ਦੀ ਕਾਸ਼ਤ ਲਈ ਕੀਟਨਾਸ਼ਕ ਦੀ ਲੋੜ ਨਹੀਂ ਰਹੇਗੀ। ਪਰ ਇਸ ਤਰ੍ਹਾਂ ਨਾ ਹੋਇਆ ਅਤੇ ਮਹਿੰਗੇ ਕੀਟਨਾਸ਼ਕਾਂ ਦਾ ਛਿੜਕਾਅ ਬੀ.ਟੀ. ਕਪਾਹ ਦੀ ਫ਼ਸਲ 'ਤੇ ਵੀ ਵਧਦਾ ਗਿਆ। ਨਤੀਜਾ ਇਹ ਨਿਕਲਿਆ ਕਿ ਬਹੁਤ ਸਾਰੇ ਕਿਸਾਨ ਕਰਜ਼ਾ ਨਾ ਮੋੜ ਸਕੇ ਅਤੇ ਖ਼ੁਦਕੁਸ਼ੀਆਂ ਦੇ ਰਾਹ ਵੱਲ ਤੁਰ ਪਏ।
ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਇਸੇ ਦੌਰ ਵਿਚ ਸ਼ੁਰੂ ਹੋਇਆ ਸੀ। ਕਿਸਾਨਾਂ ਤੋਂ ਇਲਾਵਾ ਹਰੀ ਕ੍ਰਾਂਤੀ ਦਾ ਮਾੜਾ ਪ੍ਰਭਾਵ ਵਾਤਾਵਰਨ ਅਤੇ ਆਮ ਲੋਕਾਂ ਨੂੰ ਵੀ ਸਹਿਣਾ ਪਿਆ। ਹਰੀ ਕ੍ਰਾਂਤੀ ਅੰਦਰ ਤੇਜ਼ੀ ਨਾਲ ਵਧਾਈ ਗਈ ਫ਼ਸਲਾਂ ਦੀ ਪੈਦਾਵਾਰ ਅਤੇ ਖ਼ਾਸ ਕਰਕੇ ਝੋਨੇ ਦੀ ਖੇਤੀ ਨੇ ਜ਼ਮੀਨ ਪਾਣੀ ਦੇ ਪੱਧਰ ਨੂੰ ਚਿੰਤਾਜਨਕ ਹੱਦ ਤੱਕ ਘਟਾ ਦਿੱਤਾ।
ਨਵੀਂ ਕਿਸਮ ਦੀਆਂ ਫ਼ਸਲਾਂ ਉੱਪਰ ਹੁੰਦੀਆਂ ਕੀਟਨਾਸ਼ਕਾਂ ਅਤੇ ਖਾਦਾਂ ਦੀਆਂ ਸਪਰੇਆਂ ਨੇ ਜ਼ਮੀਨ 'ਤੇ ਵੀ ਬਹੁਤ ਮਾੜਾ ਅਸਰ ਪਾਇਆ, ਨਾਲ ਹੀ ਇਨ੍ਹਾਂ ਨੇ ਫ਼ਸਲਾਂ ਦੇ ਪੋਸ਼ਕ ਤੱਤਾਂ ਨੂੰ ਵੀ ਖ਼ਤਮ ਕਰ ਦਿੱਤਾ। ਹੌਲੀ-ਹੌਲੀ ਇਹ ਕੀਟਨਾਸ਼ਕ ਅਤੇ ਖਾਦਾਂ ਬਿਮਾਰੀਆਂ ਦਾ ਕਾਰਨ ਬਣਨ ਲੱਗੇ। ਪਰ ਜ਼ਿਆਦਾ ਪੈਦਾਵਾਰ ਅਤੇ ਮੁਨਾਫ਼ੇ ਦੇ ਆਦੀ ਕਿਸਾਨਾਂ ਨੇ ਇਨ੍ਹਾਂ ਦਾ ਪ੍ਰਯੋਗ ਉਸੇ ਤਰ੍ਹਾਂ ਜਾਰੀ ਰੱਖਿਆ ਅਤੇ ਅੱਜ ਹਰੀ ਕ੍ਰਾਂਤੀ ਦੇ ਸ਼ੁਰੂ ਹੋਣ ਤੋ 58 ਸਾਲ ਬਾਅਦ ਵੀ ਇਹ ਸਾਰਾ ਕੁਝ ਉਸੇ ਤਰ੍ਹਾਂ ਚੱਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਖੇਤਰ ਕੈਂਸਰ, ਚਮੜੀ ਦੇ ਰੋਗ, ਦਿਮਾਗ਼ੀ ਬਿਮਾਰੀਆਂ ਅਤੇ ਹੋਰ ਜਾਨਲੇਵਾ ਬਿਮਾਰੀਆਂ ਦੇ ਨਾਲ ਪੀੜਤ ਹਨ। ਇਨ੍ਹਾਂ ਤੋਂ ਇਲਾਵਾ ਔਰਤਾਂ-ਮਰਦਾਂ ਅੰਦਰ ਬਾਂਝਪਣ ਅਤੇ ਬੱਚਿਆਂ ਅੰਦਰ ਵਿਕਲਾਂਗਤਾ ਵੀ ਇਸੇ ਦੇ ਦੁਸ਼-ਪ੍ਰਭਾਵ ਹਨ। ਇਨ੍ਹਾਂ ਕੀਟਨਾਸ਼ਕਾਂ ਦਾ ਜ਼ਹਿਰ ਹੁਣ ਮਿੱਟੀ ਅਤੇ ਫ਼ਸਲਾਂ ਤੋਂ ਹੁੰਦਾ ਹੋਇਆ ਸਾਡੇ ਪਾਣੀ ਅਤੇ ਹਵਾ ਨੂੰ ਵੀ ਦੂਸ਼ਿਤ ਕਰ ਚੁੱਕਾ ਹੈ। ਮਾਲਵੇ ਦੇ ਜ਼ਿਆਦਾਤਰ ਖੇਤਰ ਹੁਣ ਪੰਛੀਆਂ ਅਤੇ ਜਾਨਵਰਾਂ ਤੋਂ ਵੀ ਸੱਖਣੇ ਹੁੰਦੇ ਜਾ ਰਹੇ ਹਨ ਅਤੇ ਕੈਂਸਰ ਦਾ ਗੜ੍ਹ ਬਣਦੇ ਜਾ ਰਹੇ ਹਨ। ਮਾਲਵੇ ਦੇ ਇਹ ਖੇਤਰ ਹਰੀ ਕ੍ਰਾਂਤੀ ਦੇ ਨਾਂਅ ਥੱਲ੍ਹੇ ਮਨੁੱਖੀ ਜਾਨਾਂ ਨਾਲ ਹੋਏ ਖਿਲਵਾੜ ਦਾ ਸਾਫ਼-ਸਾਫ਼ ਨਮੂਨਾ ਹਨ। ਅਖੀਰ ਵਿਚ ਇਹੀ ਕਹਾਂਗੇ ਕਿ ਹਰੀ ਕ੍ਰਾਂਤੀ ਨੇ ਦੇਸ਼ ਦਾ ਢਿੱਡ ਭਰਨ ਅਤੇ ਇੱਕ ਨਵੀਂ ਅਰਥ-ਵਿਵਸਥਾ ਖੜ੍ਹੀ ਕਰਨ ਦਾ ਕੰਮ ਤਾਂ ਬਹੁਤ ਵਧੀਆ ਕੀਤਾ ਪਰ ਇਸਦੇ ਪੈਂਦੇ ਮਾੜੇ ਪ੍ਰਭਾਵਾਂ ਨੂੰ ਸਮੇਂ ਸਿਰ ਕਾਬੂ ਕਰਨ ਦੀ ਸਖ਼ਤ ਲੋੜ ਸੀ ਤਾਂ ਜੋ ਹਵਾ, ਪਾਣੀ, ਮਿੱਟੀ ਅਤੇ ਇੱਥੋ ਦੇ ਲੋਕਾਂ ਦੀ ਸਿਹਤ ਨਾਲ ਹੋਰ ਖਿਲਵਾੜ ਨਾ ਹੁੰਦਾ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਦੇਸ਼ ਦੀਆਂ ਸਰਕਾਰਾਂ ਨੂੰ ਬਾਕੀ ਮਸਲਿਆਂ ਵਾਂਗ ਇਸ ਮਸਲੇ 'ਤੇ ਵੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ, ਤਾਂ ਜੋ ਰੰਗਲਾ ਪੰਜਾਬ ਮੁੜ ਹੋਂਦ ਵਿਚ ਆ ਸਕੇ। ਇਹ ਕਹਿਣਾ ਵੀ ਗ਼ਲਤ ਨਹੀ ਹੋਵੇਗਾ ਕਿ ਇਹ ਹਰੀ ਕ੍ਰਾਂਤੀ ਪੰਜਾਬ ਲਈ ਹੁਣ ਕੈਂਸਰ ਕ੍ਰਾਂਤੀ ਸਾਬਤ ਹੋ ਰਹੀ ਹੈ, ਜਿਸ ਦਾ ਸੰਤਾਪ ਪੰਜਾਬ ਅਜੇ ਹੋਰ ਪਤਾ ਨਹੀਂ ਕਿੰਨੇ ਸਾਲ ਤੱਕ ਭੁਗਤੇਗਾ।