
ਸ੍ਰੀ ਗੋਇੰਦਵਾਲ ਸਾਹਿਬ, 19 ਸਤੰਬਰ:
ਸ੍ਰੀ ਗੁਰੂ ਰਾਮਦਾਸ ਦੇ ਗੁਰਤਾਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਦੇ ਜੋਤੀ-ਜੋਤਿ ਦਿਵਸ ਦੇ 450 ਸਾਲ ਪੂਰੇ ਹੋਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਅੱਜ ਇੱਥੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੌਮ ਦੀਆਂ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਮਗਰੋਂ ਸੰਬੋਧਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਦਰਸਾਈ ਜੀਵਨ ਜਾਂਚ ਦੀ ਰੌਸ਼ਨੀ ’ਚ ਸਿੱਖ ਕੌਮ ਆਪਾ ਪੜਚੋਲ ਕੇ ਵਿਆਪਕ ਪੰਥਕ ਏਜੰਡਾ ਨਿਰਧਾਰਿਤ ਕਰੇ। ਸਿੱਖਾਂ ਦੀਆਂ ਕੌਮੀ ਤਰਜੀਹਾਂ ਅਤੇ ਹਿੱਤਾਂ ਨੂੰ ਵਿਸ਼ਾਲ ਪ੍ਰਸੰਗ ਵਿੱਚ ਵਿਚਾਰ ਕੇ ਸ਼ਕਤੀਸ਼ਾਲੀ ਬੌਧਿਕ, ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਮੰਚ ਮਜ਼ਬੂਤ ਕਰਨਾ ਅੱਜ ਪਹਿਲੀ ਲੋੜ ਹੈ। ਉਨ੍ਹਾਂ ਕੌਮੀ ਸੰਕਟਾਂ ਦੀ ਗੱਲ ਕਰਦਿਆਂ ਕਿਹਾ ਕਿ ਆਪਸੀ ਧੜੇਬੰਦੀਆਂ, ਵਖਰੇਵਿਆਂ ਤੋਂ ਉੱਪਰ ਉੱਠ ਕੇ ਏਕਤਾ ਦੇ ਰਾਹ ਤੁਰਨਾ ਹੀ ਇਨ੍ਹਾਂ ਵਿੱਚੋਂ ਨਿਕਲਣ ਦਾ ਅਸਲ ਮਾਰਗ ਹੈ, ਜਿਸ ਨੂੰ ਯਕੀਨੀ ਤੌਰ ’ਤੇ ਅਪਨਾਉਣਾ ਪਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਬੀਤੇ ’ਚ ਸ਼ਤਾਬਦੀਆਂ ਮੌਕੇ ਹਰ ਸਰਕਾਰ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ ਪਰ ਮੌਜੂਦਾ ਸਰਕਾਰ ਦਾ ਨਕਾਰਾਤਮਕ ਰਵੱਈਆ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਥੇ ਵਿਕਾਸ ਕਾਰਜ ਅਤੇ ਸ਼ਮੂਲੀਅਤ ਤਾਂ ਦੂਰ ਦੀ ਗੱਲ, ਬਲਕਿ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਪੰਜਾਬ ਅੰਦਰ ਛੁੱਟੀ ਤੱਕ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ ਵਿਖੇ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੀ ਆਮਦ ਮੌਕੇ ਹੋਈ ਮਰਿਆਦਾ ਦੀ ਉਲੰਘਣਾ ’ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਪੰਥ ਵਿਰੋਧੀ ਕਿਸੇ ਵੀ ਏਜੰਡੇ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ ਅਤੇ ਏਕੇ ਨਾਲ ਕੌਮੀ ਹੱਕਾਂ ਵਾਸਤੇ ਯਤਨ ਕੀਤੇ ਜਾਣ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਅਗਵਾਈ ਦਾ ਕੇਂਦਰ ਹੈ, ਜਿੱਥੇ ਪੂਰੀ ਕੌਮ ਨੂੰ ਪੰਥਕ ਮਾਮਲਿਆਂ ਵਿੱਚ ਸਾਰੇ ਮਤਭੇਦ ਪਾਸੇ ਰੱਖ ਕੇ ਇਕਜੁੱਟ ਹੋਣਾ ਚਾਹੀਦਾ ਹੈ।
ਸਮਾਗਮ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬੀਬੀ ਅਵਤਾਰ ਸਿੰਘ ਸੁਰਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਪਦਮਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ,ਬਾਬਾ ਘੋਲਾ ਸਿੰਘ,ਬਾਬਾ ਗੁਰਨਾਮ ਸਿੰਘ ਸੰਪਰਦਾਇ ਸਰਹਾਲੀ ਸਾਹਿਬ ਵਾਲੇ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਗਿਆਨੀ ਗਗਨਦੀਪ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਗਿਆਨੀ ਤਨਵੀਰ ਸਿੰਘ ਨੇ ਹਾਜ਼ਰੀ ਭਰੀ।