ਕੀਰਤਨ ਦੀ ਸਿਖ ਧਰਮ ਵਿਚ ਮਹੱਤਾ

In ਮੁੱਖ ਲੇਖ
September 20, 2024
ਰਜਿੰਦਰ ਕੌਰ ਜੀਤ : ਕੀਰਤਨ ਗੁਰੂ ਦੀ ਬਖਸ਼ੀ ਉਹ ਦਾਤ ਹੈ ਜਿਸ ਨਾਲ ਰੂਹ ਦੀ ਤ੍ਰਿਪਤੀ ਹੁੰਦੀ ਹੈ। ਜਦੋਂ ਇਹ ਸੋਝੀ ਆਉਂਦੀ ਹੈ ਤਾਂ ਇਹ ਆਨੰਦ ਦਾ ਖਜ਼ਾਨਾ ਲੱਗਦਾ ਹੈ। ਇਸ ਕਲਯੁਗ ਵਿੱਚ ਕੀਰਤਨ ਹੀ ਹੈ ਜੋ ਤਾਰਨਹਾਰ ਹੈ। ਇਹ ਅਜਿਹਾ ਵਰਦਾਨ ਹੈ ਜੋ ਗੁਰੂ ਨੇ ਸਾਨੂੰ ਦਿੱਤਾ ਹੈ। ਕੀਰਤਨ ਦਾ ਅਰਥ ਹੈ ਪ੍ਰਭੂ ਦੀ ਗਾ ਕੇ ਕੀਰਤੀ, ਉਸਤਤ ਤੇ ਸਿਫ਼ਤ ਸਲਾਹ ਕਰਨੀ । ਸਿੱਖ ਧਰਮ ’ਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀਰਤਨ ਪਰੰਪਰਾ ਦੇ ਮੋਢੀ ਮੰਨਿਆ ਜਾਂਦਾ ਹੈ । ਆਪ ਜੀ ਜਦੋਂ ਸੰਸਾਰ ਨੂੰ ਤਾਰਨ ਲਈ ਉਦਾਸੀਆਂ (ਧਾਰਮਿਕ ਯਾਤਰਾਵਾਂ) ਲਈ ਰਵਾਨਾ ਹੋਏ ਤਾਂ ਉਨ੍ਹਾਂ ਨੇ ਆਪਣੇ ਨਾਲ ਭਾਈ ਮਰਦਾਨਾ ਰਬਾਬੀ ਨੂੰ ਸਾਥੀ ਵਜੋਂ ਚੁਣਿਆ। ਗੁਰੂ ਸਾਹਿਬ ਸ਼ਬਦ ਗਾਇਨ ਕਰਦੇ ਤੇ ਭਾਈ ਮਰਦਾਨਾ ਰਬਾਬ ਤੇ ਸੰਗਤ ਕਰਦਾ । ਗੁਰੂ ਸਾਹਿਬ ਦੀ ਸਰੋਦੀ ਤੇ ਰੂਹਾਨੀ ਆਵਾਜ਼ ਤੇ ਭਾਈ ਮਰਦਾਨਾ ਜੀ ਦੀ ਰਬਾਬ ਦੀ ਇਲਾਹੀ ਟੁਣਕਾਰ ਦੇ ਸੁਮੇਲ ਨਾਲ ਸੰਗਤ ਉੱਤੇ ਅਜਿਹਾ ਪ੍ਰਭਾਵ ਪੈਂਦਾ ਕਿ ਉਨ੍ਹਾਂ ਦੀ ਸੁਰਤ ਸਹਿਜੇ ਹੀ ਪ੍ਰਭੂ ਨਾਲ ਜੁੜ ਜਾਂਦੀ । ਸਿੱਖ ਧਰਮ ਵਿਚ ਸਭ ਤੋਂ ਵੱਧ ਪ੍ਰਧਾਨਤਾ ਗੁਰਬਾਣੀ ਦੇ ਕੀਰਤਨ ਨੂੰ ਦਿੱਤੀ ਗਈ ਹੈ । ਕੀਰਤਨ ਅਜਿਹਾ ਵਰਦਾਨ ਹੈ ਜਿਸ ਨਾਲ ਸੁਰਤ ਸ਼ਬਦ ਵਿੱਚ ਸਹਜੇ ਹੀ ਜੁੜ ਜਾਂਦੀ ਹੈ। ਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਿਆ ਹੈ :- ਧੁਨ ਮਹਿ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ।।੩।। (ਅੰਗ – ੮੭੮) ਸੋ ਗੁਰਬਾਣੀ ਕੀਰਤਨ ਦੀ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤੀ ਸੀ। ਗੁਰੂ ਸਾਹਿਬ ਖ਼ੁਦ ਕੀਰਤਨ ਕਰਦੇ ਅਤੇ ਭਾਈ ਮਰਦਾਨਾ ਰਬਾਬ ਵਜਾਉਂਦਾ। ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰ ਭਾਈ ਸਾਦੂ ਤੇ ਭਾਈ ਬਾਦੂ ਰਬਾਬੀ ਕੀਰਤਨ ਕਰਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਸੱਤਾ ਤੇ ਭਾਈ ਬਲਵੰਡ ਕੀਰਤਨ ਦੀ ਸੇਵਾ ਕਰਦੇ ਰਹੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਭਾਈ ਬਾਬਕ ਰਬਾਬੀ ਜੋ ਢਾਡੀ ਬਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੂਰਬੀਰਾਂ ਦੀਆਂ ਵਾਰਾਂ ਗਾਉਂਦਾ ਰਿਹਾ ਹੈ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਭਾਈ ਬਾਬਕ ਕਈ ਸਾਲਾਂ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਵੀ ਕਰਦਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਭਾਈ ਸੱਦੂ ਤੇ ਭਾਈ ਮੱਦੂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ। ਰਾਗ-ਬੱਧ ਗੁਰਬਾਣੀ ਨੂੰ ਸੁਰ ਦੇ ਨਾਲ ਮਿਲਾ ਕੇ ਗਾਉਣ ਲਈ ਗੁਰੂ ਸਾਹਿਬਾਨ ਨੇ ਰਬਾਬ, ਸਿਰੰਦਾ, ਤਾਊਸ, ਦਿਲਰੁਬਾ ਅਤੇ ਤਾਨਪੁਰਾ ਦੀ ਵਰਤੋਂ ਕੀਤੀ। ਇਨ੍ਹਾਂ ਦੇ ਨਾਲ ਸੁਰਾਂ ਨੂੰ ਤਾਲ ਦੇਣ ਲਈ ਮ੍ਰਿਦੰਗ, ਪਖਾਵਜ ਅਤੇ ਢੋਲਕ ਵਰਤੇ ਜਾਂਦੇ ਰਹੇ ਇਹ ਸਾਰੇ ਸਾਜ਼ ਤਾਰ (ਤੰਤੀ) ਨਾਲ ਵਜਾਉਣ ਵਾਲੇ ਹੋਣ ਕਾਰਨ ‘ਤੰਤੀ ਸਾਜ਼’ ਅਖਵਾਏ। ਗੁਰੂ ਸਾਹਿਬਾਨ ਤੋਂ ਮਗਰੋਂ ਰਾਗੀ ਸਿੰਘ ਤੰਬੂਰਾ, ਦੋਤਾਰਾ, ਸਿਤਾਰ ਅਤੇ ਚੌਤਾਰਾ ਦੀ ਵਰਤੋਂ ਵੀ ਕਰਦੇ ਰਹੇ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੰਸਰੀ, ਅਲਗੋਜ਼ੇ, ਇਕਤਾਰਾ ਅਤੇ ਸਾਰੰਗੀ ਵਰਗੇ ਸਾਜ਼ ਵਜਾਉਣ ਦੀ ਸ਼ੁਰੂ ਤੋਂ ਮਨਾਹੀ ਹੈ। ਕੀਰਤਨ ਦੀ ਮਹਿਮਾ ਕੀਰਤਨ ਸੁਣਨ ਨਾਲ ਮਨ ਛੇਤੀ ਕਾਬੂ ਵਿੱਚ ਆ ਜਾਂਦਾ ਹੈ। ਜਦੋਂ ਸੰਗੀਤ ਦੀਆਂ ਧੁਨਾਂ ਤੇ ਗੁਰੂ ਦੀ ਬਾਣੀ ਗਾਈ ਜਾਂਦੀ ਹੈ। ਮਨ ਇਕਾਗਰ ਹੋ ਜਾਂਦਾ ਹੈ। ਪਤਾ ਹੀ ਨਹੀਂ ਲੱਗਦਾ ਸਮਾਂ ਕਿਵੇਂ ਲੰਘ ਜਾਂਦਾ ਹੈ। ਜਦੋਂ ਕੋਈ ਰੂਹ ਤੋਂ ਭਿੱਜ ਕੇ ਕੀਰਤਨ ਕਰਦੀ ਹੈ ਤਾਂ ਉਹ ਸੁਰ ਸ਼ਬਦ ਸੁਣਨ ਵਾਲਿਆਂ ਦੀ ਮਾਨਸਿਕ ਅਵਸਥਾ ਤੇ ਜਰੂਰ ਅਸਰ ਕਰਦੀ ਹੈ ਜਾਂ ਜਦੋਂ ਕੋਈ ਮਾਨਸਿਕ, ਪਰਿਵਾਰਿਕ ਪਰੇਸ਼ਾਨੀ ਹੋਵੇ ਤਾਂ ਉਸ ਅਕਾਲ ਪੁਰਖ ਨੂੰ ਯਾਦ ਕੀਤਾ ਜਾਵੇ, ਰੂਹ ਤੜਫਦੀ ਹੋਵੇ, ਤਾਂ ਇਉਂ ਲੱਗਦਾ, ਜਿਵੇਂ ਗੁਰਬਾਣੀ ਸਾਡੇ ਹੀ ਦਰਦ ਨੂੰ ਬਿਆਨ ਕਰ ਰਹੀ ਹੈ ਅਤੇ ਸਾਨੂੰ ਸਮਝਾ ਰਹੀ ਹੈ। ਗੱਲ ਉਸ ਸਮੇਂ ਦੀ ਹੈ ਜਦੋਂ ਮੇਰੇ ਪੁੱਤਰ ਦੀ ਸਿਹਤ ਬਹੁਤ ਹੀ ਖ਼ਰਾਬ ਹੋ ਗਈ ਸੀ, ਮਨ ਬਹੁਤ ਡੋਲ ਰਿਹਾ ਸੀ ਗੁਰੂ ਘਰ ਜਾ ਕੇ ਅਰਦਾਸ ਜੋਦੜੀ ਕਰਨੀ ਅੱਖਾਂ ਵਿੱਚੋਂ ਨੀਰ ਵਹਿ ਤੁਰਨਾ। ਗੁਰੂ ਘਰ ਕੀਰਤਨੀਆਂ ਪਾਸੋਂ ਸ਼ਬਦ ਸੁਣਿਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਮੇਰੀ ਉਸ ਸਮੇਂ ਮਾਨਸਿਕ ਅਵਸਥਾ ਅਜਿਹੀ ਬਣੀ ਹੋਈ ਸੀ, ਕਿ ਅਰਦਾਸ ਕੀਤੀ ਹੇ ਵਾਹਿਗੁਰੂ ਤੁਸੀਂ ਮੈਨੂੰ ਇਹ ਦਾਤ ਦਿੱਤੀ, ਤੁਹਾਡੇ ਸਹਾਰੇ ਮੈਂ ਉੱਡੀ ਫਿਰਦੀ ਹਾਂ, ਬੱਚਿਆਂ ਨਾਲ ਲਾਡ ਲਡਾਉਂਦੇ ਜੀਵਨ ਬਤੀਤ ਕਰਦੇ ਹਾਂ, ਸਾਡੇ ਤੋਂ ਹੋਈਆਂ ਭੁੱਲਾਂ ਲਈ ਸਾਨੂੰ ਬਖਸ਼ ਦੇ ਸਾਨੂੰ ਭੁੱਲਿਆਂ ਨੂੰ ਰਾਹ ਦਿਖਾਓ ਬਖਸ਼ ਲਓ। ਕੀਰਤਨ ਸੁਣਦੇ ਹੋਏ ਪਤਾ ਨਹੀਂ ਕੀ ਹੋਇਆ ਅੱਖੀਆਂਵਿਚੋਂ ਨੀਰ ਵਹਿ ਰਹੇ ਸਨ, ਜੋ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ।ਇਹ ਮੇਰੀ ਰੋਜ਼ ਦੀ ਅਵਸਥਾ ਬਣ ਗਈ। ਕੀਰਤਨ ਸੁਣ ਕੇ ਮਨ ਐਵੇਂ ਹੌਲਾ ਹੋ ਜਾਂਦਾ,ਜਿਵੇਂ ਕਿੰਨਾ ਭਾਰ ਮਨੋ ਲੈ ਗਿਆ ਹੋਵੇ। । ਇਹ ਦੁੱਖ ਅਜਿਹਾ ਆਇਆ ਕਿ ਨਾਮ ਦਾਰੂ ਬਣ ਗਿਆ ਉਸ ਨੂੰ ਭੁੱਲੇ ਵਿਸਰੇ ਫਿਰਦੇ ਸਾਂ ।ਕੀਰਤਨ ਸੁਣ ਕੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਕੀਰਤਨ ਕਰਨ ਵਾਲੇ ਕੀਰਤਨੀ ਸਿੰਘ ਦੀ ਪਦਵੀ ਕਿੰਨੀ ਉੱਚੀ ਅਤੇ ਸਤਿਕਾਰਯੋਗ ਹੈ। ਗੁਰੂ ਘਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਗ੍ਰੰਥੀ, ਢਾਡੀ, ਪ੍ਰਚਾਰਕ ਆਦਿ ਗੁਰੂ ਘਰ ਦੇ ਵਜ਼ੀਰ ਹਨ। ਇਹ ਉਪਾਧੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਦਿੱਤੀ ਸੀ। ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਗੁਰੂ ਘਰਾਂ ਦੀ ਵਜ਼ੀਰਾਂ ਦਾ ਸਤਿਕਾਰ ਕਰੀਏ। ਉਨਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਨਿਵਾਜੀਏ। ਅਜੋਕੀ ਹਾਲਤ ਉਹ ਹੈ ਕਿ ਅਸੀਂ ਇੱਕ ਗੀਤ ਗਾਉਣ ਵਾਲੇ ਨੂੰ ਲੱਖਾਂ ਰੁਪਏ ਭੇਟਾ ਕਰਦੇ ਹਾਂ ਪਰ ਗੁਰੂ ਦੇ ਕੀਰਤਨ ਕਰਨ ਵਾਲੇ ਕੀਰਤਨੀਏ ਨੂੰ ਅਸੀਂ ਬਣਦਾ ਮਾਨ ਸਨਮਾਨ ਵੀ ਨਹੀਂ ਦਿੰਦੇ। ਉਹ ਗੁਰੂ ਘਰ ਦੇ ਵਜ਼ੀਰ ਸਾਡੇ ਬੱਚਿਆਂ ਦੀਆਂ ਅਰਦਾਸਾਂ ਕਰਦੇ ਹਨ। ਅਸੀਂ ਸੋਚਦੇ ਹਾਂ ਕਿ ਇਹ ਗੁਰੂ ਘਰ ਦੇ ਤਨਖਾਈਏ ਹਨ ਇਹਨਾਂ ਨੂੰ ਕਾਹਦੀਆਂ ਭੇਟਾਂਵਾ। ਅਸੀਂ ਰੋਜਾਨਾ ਖਬਰਾਂ ਵਿੱਚ ਪੜਦੇ ਹਾਂ ਸੁਣਦੇ ਹਾਂ ਕਿ ਗੁਰੂ ਘਰਾਂ ਦੇ ਵਿੱਚ ਬਹੁਤ ਗਲਤ ਕੰਮ ਹੁੰਦੇ ਹਨ ਗੁਰੂ ਘਰਾਂ ਵਿੱਚ ਕੰਮ ਕਰਦੇ ਇਹਨਾਂ ਵਜ਼ੀਰਾਂ ਦਾ ਚਰਿਤਰ ਡਿੱਗ ਚੁੱਕਾ ਹੈ । ਪਰ ਕੀ ਇਹ ਸਾਰੇ ਗੁਰੂ ਘਰਾਂ ਦੇ ਵਜ਼ੀਰਾਂ ਦੇ ਉੱਤੇ ਗੱਲ ਢੁੱਕਦੀ ਹੈ। ਕੋਈ ਇੱਕ ਦੋ ਪ੍ਰਤੀਸ਼ਤ ਵਿਅਕਤੀ ਅਜਿਹੇ ਹੋ ਸਕਦੇ ਹਨ ਪਰ ਸਾਰੇ ਨਹੀਂ। ਅਸੀਂ ਕਰਤੇ ਬਣ ਕੇ ਫੈਸਲੇ ਕਰਦੇ ਹਾਂ। ਇਹ ਕਰਮਾਂ ਦੀ ਖੇਡ ਹੈ ਸਾਨੂੰ ਇਸ ਨੂੰ ਉਸ ਅਕਾਲ ਪੁਰਖ ਤੇ ਛੱਡ ਦੇਣਾ ਚਾਹੀਦਾ ਹੈ। ਇਹ ਗੁਰੂ ਘਰ ਦੇ ਵਜ਼ੀਰ ਵੀ ਆਪਣੇ ਬੱਚਿਆਂ ਦੀ ਚੰਗੀ ਪਾਲਣਾ ਪੋਸ਼ਣਾ ਦੀ ਕਾਮਨਾ ਲੋਚਦੇ ਹਨ ਇਹ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਲਈ ਹੀ ਤਨਖਾਹ ਤੇ ਕੰਮ ਕਰਦੇ ਹਨ ਤਾਂ ਇਸ ਵਿੱਚ ਗਲਤ ਕੀ ਹੈ। ਅਸੀਂ ਸਾਰੇ ਕਿਰਤ ਕਰਦੇ ਹਾਂ, ਸਗੋਂ ਇਹਨਾਂ ਵਜ਼ੀਰਾਂ ਦੀ ਕਿਰਤ ਸਾਡੇ ਸਭ ਤੋਂ ਉੱਚੀ ਹੈ। ਜੋ ਨਿਤ ਗੁਰੂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ। ਬਾਣੀ ਪੜ੍ਹਦੇ ਹਨ। ਰਸਨਾ ਤੇ ਵਾਹਿਗੁਰੂ ਹੈ, ਸਾਡੇ ਪਰਿਵਾਰਾਂ ਦੀ ਖੁਸ਼ੀ ਲਈ ਭਲਾ ਮੰਗਦੇ ਹਨ। ਪਰ ਇਨ੍ਹਾਂ ਗੁਰੂ ਘਰਾਂ ਦੇ ਵਜ਼ੀਰਾਂ ਦੀ ਤਨਖ਼ਾਹ ਆਮ ਵਿਅਕਤੀ ਨਾਲੋਂ ਵੀ ਬਹੁਤ ਘੱਟ ਹੈ। ਫਿਰ ਵੀ ਅਸੀਂ ਇਹਨਾਂ ਦਾ ਤ੍ਰਿਸਕਾਰ ਕਰਦੇ ਹਾਂ। ਜਦੋਂ ਕਿ ਇਹਨਾਂ ਦਾ ਦਰਜਾ ਬਹੁਤ ਉੱਚਾ ਹੈ। ਜੇਕਰ ਕਿਸੇ ਦਾ ਵਿਰਤੀ ਕਰਮ ਗਲਤ ਹੋਵੇਗਾ ਵੀ ਤਾਂ ਅਸੀਂ ਕੌਣ ਹਾਂ ਕਿਸੇ ਵੀ ਵਜ਼ੀਰ ਨੂੰ ਕੁਝ ਕਹਿਣ ਜਾਂ ਉਸ ਪ੍ਰਤੀ ਧਾਰਨਾ ਬਣਾਉਣ ਵਾਲੇ ਇਹ ਕੰਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਜੋ ਸਭ ਨੂੰ ਆਪਣੇ ਆਪਣੇ ਕਰਮਾਂ ਦਾ ਫਲ ਦਿੰਦਾ ਹੈ। ਮੈਂ ਇਸ ਗੱਲ ਨੂੰ ਮਹਿਸੂਸ ਕਰ ਰਹੀ ਹਾਂ, ਕਿ ਇਹਨਾਂ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਆਪਣਾ ਅਮਲੀ ਜੀਵਨ ਉੱਚਾ ਬਣਾਉਣਾ ਚਾਹੀਦਾ ਹੈ । ਇਹ ਨਦਰ ਗੁਰੂ ਹਰ ਕਿਸੇ ਤੇ ਨਹੀਂ ਕਰਦਾ ਹੈ, ਇਹ ਉਸ ਤੇ ਹੀ ਹੁੰਦੀ ਹੈ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਅਤੇ ਮਾਣ ਦਿੰਦਾ ਹੈ ਜਿਵੇਂ ਬਾਬਾ ਬੁੱਢਾ ਜੀ ਨੂੰ ਮਿਲਿਆ। ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰਾਂ ਦੇ ਵਜ਼ੀਰਾਂ ਪ੍ਰਤੀ ਸਤਿਕਾਰ ਨੂੰ ਵਧਾਉਣ ਲਈ ਪਰਸਪਰ ਯਤਨ ਕਰਨੇ ਚਾਹੀਦੇ ਹਨ।ਅਸਲ ਵਿੱਚ ਗੁਰੂ ਅਕਾਲ ਪੁਰਖ ਅਤੇ ਸੰਗਤ ਕੀਰਤਨੀ ਨੂੰ ਨਦਰ-ਏ-ਮਹਿਰਮਤ ਕਰਕੇ ਕੀਰਤਨੀਆ ਬਣਾਉਂਦੀ ਹੈ। ਅਸਲ ਵਿੱਚ ਕੀਰਤਨੀਆ ਗੁਰੂ ਦੀ ਵਡਿਆਈ ਗਾਉਂਦੇ ਹੋਣ ਕਰਕੇ ਹਮੇਸ਼ਾ ਨਿਮਰਤਾ ਵਿੱਚ ਰਹਿੰਦੇ ਹਨ ਕੀਰਤਨ ਕਰਕੇ ਮੇਰੀ ਵਡਿਆਈ ਨੂੰ ਗੁਰੂ ਦੀ ਵਡਿਆਈ ਹੀ ਮੰਨਿਆ ਜਾਣਾ ਚਾਹੀਦਾ ਹੈ। ਕਲਯੁਗ ਦੀ ਇਸ ਹਨੇਰੀ ਵਿੱਚ ਕੀਰਤਨ ਹੀ ਪ੍ਰਧਾਨ ਹੈ ਗੁਰੂ ਮੁੱਖ ਵਾਕ ਹੈ :- ਕਲਜੁਗ ਮਹਿ ਕੀਰਤਨ ਪਰਧਾਨਾ।। ਗੁਰਮੁਖਿ ਜਪੀਐ ਲਾਇ ਧਿਆਨਾ।। (ਅੰਗ-੧੦੭੫) ਨਿਰਬਾਣ ਕੀਰਤਨ ਦੀ ਸ਼ਰਤ ਇਹ ਹੈ ਕਿ ਰਸਨਾ ਸ਼ਬਦ ਗਾਇਨ ਕਰੇ, ਹਿਰਦਾ ਗਾਹਕ ਹੋਵੇ ਅਤੇ ਸੁਰਤ ਬਿਰਤੀ ਦੀ ਚਾਹਕ ਵਾਲੀ ਹੋਵੇ। ਜਦੋਂ ਗੁਰਮਤਿ, ਸੰਗੀਤ ਤੇ ਗੁਰੂ ਸ਼ਬਦ ਮਿਲ ਜਾਣ ਤਾਂ ਕੀਰਤਨ ਦਾ ਇੱਕ ਵਿਲੱਖਣ ਰੂਪ ਪੈਦਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਤੋਂ ਲੈ ਕੇ ਹੁਣ ਤੱਕ ਜੋ ਰੱਬੀ ਕੀਰਤਨ ਹੈ, ਉਹ ਸਭ ਦੇ ਹਿਰਦਿਆਂ ਨੂੰ ਠਾਰਦਾ ਹੈ। ਚਾਹੇ ਉਹ ਇਨਸਾਨ ਹੈ ਜਾਂ ਜੀਵ। ਜਦੋਂ ਅੱਖਾਂ ਬੰਦ ਕਰਕੇ ਸੁਰਤ ਟਿਕਾਉਣ ਦਾ ਯਤਨ ਕਰਦੇ ਹਾਂ, ਉਸ ਸਮੇਂ ਆਨੰਦ ਪ੍ਰਾਪਤ ਹੁੰਦਾ ਹੈ। ਬਹੁਤੇ ਲੋਕਾਂ ਲਈ ਇਹ ਵਾਦ ਵਿਵਾਦ ਦਾ ਵਿਸ਼ਾ ਹੈ। ਪਰ ਜੋ ਕਿਰਪਾ ਦ੍ਰਿਸ਼ਟੀ ਦੇ ਪਾਤਰ ਹਨ ਉਹਨਾਂ ਲਈ ਇਹ ਆਨੰਦ ਦੀ ਅਵਸਥਾ ਹੈ, ਮਨ ਦੀ ਸ਼ਾਂਤੀ ਅਤੇ ਟਿਕਾਊ ਦੀ ਅਵਸਥਾ ਹੈ।

Loading