ਬਾਦਲ ਪਰਿਵਾਰ ’ਤੇ ਟੌਹੜਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਤਾਰਪੀਡੋ ਕਰਨ ਦਾ ਦੋਸ਼

In ਪੰਜਾਬ
September 21, 2024
ਟੌਹੜਾ (ਪਟਿਆਲਾ), 21 ਸਤੰਬਰ: ਢਾਈ ਦਹਾਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਨ ਬਾਰੇ ਦੋਵੇਂ ਅਕਾਲੀ ਧੜਿਆਂ ਵੱਲੋਂ 24 ਸਤੰਬਰ ਨੂੰ ਦੋ ਸਮਾਗਮ ਕੀਤੇ ਜਾ ਰਹੇ ਹਨ। ਉਧਰ ਸ੍ਰੀ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਹਰਮੇਲ ਸਿੰਘ ਟੌਹੜਾ ਸਮੇਤ ਦੋਹਤੇ ਹਰਿੰਦਰਪਾਲ ਟੌਹੜਾ ਵੱਲੋਂ ਬਾਦਲਕਿਆਂ ’ਤੇ ਉਨ੍ਹਾਂ ਦੇ ਬਰਾਬਰ ਸਮਾਗਮ ਰੱਖ ਕੇ ਸਮਾਗਮ ਨੂੰ ਤਾਰਪੀਡੋ ਕਰਨ ਦੇ ਦੋਸ਼ ਲਾਏ ਗਏ ਹਨ ਤੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਜਾ ਰਿਹਾ ਹੈ। ਦੂਜੇ ਬੰਨੇ ਟੌਹੜਾ ਦੇ ਛੋਟੇ ਦੋਹਤੇ ਅਤੇ ਭਾਜਪਾ ਦੇ ਸੂਬਾਈ ਸਕੱਤਰ ਕੰਵਰਵੀਰ ਸਿੰਘ ਟੌਹੜਾ ਨੇ ਵੀ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੂੰ ਲੰਬੇ ਹੱਥੀਂ ਲਿਆ ਹੈ। ਉਹ ਆਪਣੀ ਪਤਨੀ ਤੇ ਅਦਾਕਾਰਾ ਮਹਿਰੀਨ ਕਾਲੇਕਾ ਸਮੇਤ ਪਿੰਡ ਟੌਹੜਾ ਵਿੱਚ ਉਸ ਘਰ ’ਚ ਰਹਿ ਰਹੇ ਹਨ, ਜਿਥੇ ਗੁਰਚਰਨ ਸਿੰਘ ਟੌਹੜਾ ਨੇ ਸਾਰੀ ਉਮਰ ਬਿਤਾਈ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਭਾਜਪਾ ਦਾ ਹਿੱਸਾ ਹਨ ਪਰ ਇਸ ਸਮਾਗਮ ਪ੍ਰਤੀ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕਦੇ ਕਿਸੇ ਨੇ ਸਾਰ ਨਹੀਂ ਲਈ ਪਰ ਹੁਣ ਬਾਦਲ ਹਮਦਰਦੀ ਦਾ ਕਥਿਤ ਅਡੰਬਰ ਰਚ ਰਹੇ ਹਨ। ਸਮਾਗਮ ਨੂੰ ਤਾਰਪੀਡੋ ਕਰਨ ਦੀ ਥਾਂ ਬਾਦਲ ਧੜੇ ਨੂੰ ਆਪਣਾ ਵੱਖਰਾ ਪ੍ਰੋਗਰਾਮ ਰੱਦ ਕਰਕੇ ਪਰਿਵਾਰ ਦੀ ਸਹਿਮਤੀ ਵਾਲੇ ਸਮਾਗਮ ’ਚ ਸ਼ਿਰਕਤ ਕਰਨੀ ਚਾਹੀਦੀ ਹੈ। ਕੰਵਰਵੀਰ ਟੌਹੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਮੁੱਖ ਮੰਤਰੀ ਹੁੰਦਿਆਂ ਟੌਹੜਾ ਦੀ ਵੱਡੀ ਯਾਦਗਾਰ ਬਣਾਉਣ ਦੀ ਪੇਸ਼ਕਸ਼ ਰੱਖੀ ਸੀ ਤਾਂ ਬਾਦਲਕਿਆਂ ਨੇ ਇਹ ਕਹਿ ਕੇ ਜਵਾਬ ਦਿਵਾ ਦਿੱਤਾ ਕਿ ਅਕਾਲੀ ਸਰਕਾਰ ਬਣਨ ’ਤੇ ਉਹ ਖੁਦ ਯਾਦਗਾਰ ਬਣਾਉਣਗੇ ਪਰ ਉਸ ਮਗਰੋਂ ਦੋ ਵਾਰ ਅਕਾਲੀ ਸਰਕਾਰ ਬਣਨ ’ਤੇ ਵੀ ਉਨ੍ਹਾਂ ਕੁੱਝ ਨਹੀਂ ਕੀਤਾ।

Loading