ਦਰਸ਼ਕਾਂ ਦਾ ਹਰਮਨਪਿਆਰਾ ਅਦਾਕਾਰ ਯੋਗੇਸ਼ ਛਾਬੜਾ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਜਿਨ੍ਹਾਂ ਕਲਾਕਾਰਾਂ ਦੀ ਇੱਕ ਵੇਲੇ ਤੂਤੀ ਬੋਲਦੀ ਹੁੰਦੀ ਸੀ ਉਨ੍ਹਾਂ ਵਿਚੋਂ ਅਦਾਕਾਰ, ਪ੍ਰੋਡਿਊਸਰ ਤੇ ਡਾਇਰੈਕਟਰ ਯੋਗੇਸ ਛਾਬੜਾ ਦਾ ਅਕਸਰ ਜ਼ਿਕਰ ਛਿੜਦਾ ਹੈ। ਉਨ੍ਹਾਂ ਆਪਣੇ ਕੰਮ ਦੀ ਬਦੌਲਤ ਇੱਕ ਵੱਖਰੀ ਪਛਾਣ ਬਣਾਈ। ਯੋਗੇਸ਼ ਛਾਬੜਾ ਭਾਵੇਂ ਇਸ ਵੇਲੇ ਫ਼ਿਲਮਾਂ ਵਿੱਚ ਬਹੁਤ ਘੱਟ ਨਜ਼ਰ ਆਉਦਾ ਹੈ ਪਰ ਉਨ੍ਹਾਂ ਹਿੰਦੀ ਤੋਂ ਲੈ ਕੇ ਪੰਜਾਬੀ ਸਿਨੇਮੇ ਵਿੱਚ ਜਿੰਨਾ ਵੀ ਕੰਮ ਕੀਤਾ ਉਹ ਚਰਚਿਤ ਹੋਇਆ। ਉਹ ਅੱਜ ਵੀ ਪੰਜਾਬੀ ਫ਼ਿਲਮ ਇੰਡਸਟਰੀ ਲਈ ਫਿਕਰਮੰਦ ਹਨ। ਇਸ ਨਿੱਘੇ ਸੁਭਾਅ ਤੇ ਮਿਲਣਸਾਰ ਸ਼ਖ਼ਸੀਅਤ ਦੇ ਮਾਲਕ ਨਾਲ ਪਿਛਲੇ ਦਿਨੀਂ ਗੱਲਬਾਤ ਹੋਈ, ਪੇਸ਼ ਹਨ ਉਸ ਦੇ ਕੁਝ ਅੰਸ਼ :- - ਆਪਣੇ ਪਿਛੋਕੜ ਬਾਰੇ ਕੁਝ ਦੱਸੋ? ਸਾਡਾ ਪਰਿਵਾਰਕ ਪਿਛੋਕੜ ਤਾਂ ਪਾਕਿਸਤਾਨ ਦਾ ਹੈ। ਵੰਡ ਵੇਲੇ ਸਾਡਾ ਪਰਿਵਾਰ ਪਹਿਲਾਂ ਕਰਨਾਲ ਫਿਰ ਕੁਰੂਕਸ਼ੇਤਰ ਆ ਕੇ ਵਸਿਆ ਸੀ ਪਰ ਫਿਰ ਪੱਕੇ ਤੌਰ ’ਤੇ ਗੰਗਾਨਗਰ ਆ ਵਸ ਗਿਆ ਸੀ। ਜਿੱਥੇ ਮੇਰੀ ਮੁੱਢਲੀ ਤੋਂ ਲੈ ਕੇ ਬੀਏ ਤੱਕ ਦੀ ਪੜ੍ਹਾਈ ਖ਼ਾਲਸਾ ਸਕੂਲ ਤੇ ਕਾਲਜ ਤੋਂ ਪੂਰੀ ਹੋਈ। - ਤੁਹਾਨੂੰ ਕਲਾ ਖੇਤਰ ਨਾਲ ਕਿਵੇਂ ਲਗਾਅ ਹੋਇਆ? ਮੇਰੇ ਪਿਤਾ ਮਦਨ ਲਾਲ ਛਾਬੜਾ ਜੀ ਸੰਗੀਤ ਨੂੰ ਬੇਹੱਦ ਪਿਆਰ ਕਰਦੇ ਸਨ, ਜਿਸ ਕਰ ਕੇ ਉਹ ਵੰਡ ਵੇਲੇ ਆਪਣੀ ਪਿੱਠ ’ਤੇ ਕੱਪੜੇ ’ਚ ਬੰਨ੍ਹ ਕੇ ਸਿਰਫ਼ ਵਾਜਾ ਹੀ ਲੈ ਕੇ ਆਏ ਸਨ। ਅਕਸਰ ਘਰ ਵਿੱਚ ਵੀ ਉਨ੍ਹਾਂ ਦੀ ਕਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਤਾਤਾ ਲੱਗਿਆ ਰਹਿੰਦਾ ਸੀ। ਉਨ੍ਹਾਂ ਦਾ ਸੰਗੀਤ ਨਾਲ ਐਨਾ ਲਗਾਅ ਦੇਖ ਕੇ ਹੀ ਮੈਂ ਕਲਾ ਖੇਤਰ ਵਿੱਚ ਦਾਖ਼ਲ ਹੋਇਆ ਸੀ। - ਤੁਸੀਂ ਬਕਾਇਦਾ ਐਕਟਿੰਗ ਦੀ ਪੜ੍ਹਾਈ ਕੀਤੀ, ਇਹ ਸਬੱਬ ਕਿਵੇਂ ਬਣਿਆ? ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਰਿਣੀ ਹਾਂ ਖ਼ਾਸ ਕਰ ਕੇ ਪਿਤਾ ਜੀ ਦਾ ਜੋ ਮੈਨੂੰ ਹੀਰੋ ਬਣਾਉਣਾ ਚਾਹੁੰਦੇ ਸਨ, ਜਿਨ੍ਹਾਂ ਦੀ ਬਦੌਲਤ ਮੈਂ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਇੰਡੀਆ ਪੂਨਾ ਵਿਖੇ ਦਾਖ਼ਲਾ ਲੈ ਲਿਆ। ਐਕਟਿੰਗ ਕੋਰਸ ਵਿੱਚ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਸੀ। ਮੇਰੇ ਨਾਲ ਚੋਟੀ ਦੇ ਕਲਾਕਾਰਾਂ ਜਯਾ ਬੱਚਨ, ਅਨਿਲ ਧਵਨ, ਡੈਨੀ ਸਾਹਿਬ, ਮਿਥੁਨ ਚੱਕਰਵਰਤੀ ਆਦਿ ਨੇ ਕੋਰਸ ਕੀਤਾ ਸੀ। - ਤੁਸੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਿੱਥੋਂ ਕੀਤੀ? ਮੈਂ ਜਿਵੇਂ ਹੀ ਆਪਣਾ ਐਕਟਿੰਗ ਕੋਰਸ ਪੂਰਾ ਕੀਤਾ ਤਾਂ ਮੈਨੂੰ ਸਭ ਤੋਂ ਪਹਿਲਾਂ ਗੁਲਜ਼ਾਰ ਸਾਹਿਬ ਦੀ ਹਿੰਦੀ ਫ਼ਿਲਮ ‘ਮੇਰੇ ਅਪਨੇ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਵਿੱਚ ਮੀਨਾ ਕੁਮਾਰੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਹ ਫ਼ਿਲਮ ਉਨ੍ਹਾਂ ਦੀ ਆਖ਼ਰੀ ਫ਼ਿਲਮ ਸੀ। ਇਸ ਤੋਂ ਬਾਅਦ ਹਿੰਦੀ ਦੀਆਂ ਚਰਚਿਤ ਫ਼ਿਲਮਾਂ ਜਿਵੇਂ ‘ਗੰਗਾ ਕੀ ਸੌਗੰਧ’, ‘ਗੁੰਮਰਾਹ’, ‘ਨਮਕ ਹਰਾਮ’, ‘ਜ਼ਹਿਰੀਲੇ ਇਨਸਾਨ’ ਤੇ ‘ਜੰਗਲ ਮੇਂ ਮੰਗਲ’ ਵਿੱਚ ਵੀ ਦਿੱਗਜ ਹਸਤੀਆਂ ਨਾਲ ਕੰਮ ਕੀਤਾ। - ਤੁਸੀਂ ਪੰਜਾਬੀ ਵਾਲੇ ਪਾਸੇ ਕਿਵੇਂ ਆਏ? ਉਨ੍ਹਾਂ ਸਮਿਆਂ ’ਚ ਮੇਰਾ ਹਿੰਦੀ ਫ਼ਿਲਮਾਂ ਵਿੱਚ ਚੰਗਾ ਨਾਮ ਬਣ ਗਿਆ ਸੀ ਅਤੇ ਮੈਨੂੰ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਅੱਸੀ ਦੇ ਦਹਾਕੇ ’ਚ ਮੇਹਰ ਮਿੱਤਲ ਸਾਹਿਬ ਲੈ ਕੇ ਆਏ, ਜਿਨ੍ਹਾਂ ਮੈਨੂੰ ਕਿਹਾ ਸੀ ਕਿ ਛਾਬੜਾ ਸਾਹਿਬ ਤੁਹਾਨੂੰ ਬਤੌਰ ਹੀਰੋ ਲੈ ਕੇ ਫ਼ਿਲਮ ਬਣਾਉਣੀ ਹੈ। ਉਨ੍ਹਾਂ ਮੈਨੂੰ ਪੰਜਾਬੀ ਦੀ ਧਾਰਮਿਕ ਫ਼ਿਲਮ ‘ਜੈ ਮਾਤਾ ਸ਼ੇਰਾਂ ਵਾਲੀ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਇਸ ਫ਼ਿਲਮ ਵਿੱਚ ਕੰਮ ਕਰਨ ਬਦਲੇ ਮੈਨੂੰ ਸ਼ਗਨ ਵਜੋਂ ਇਕਵੰਜਾ ਰੁਪਏ ਮਿਲੇ ਸੀ। ਇਹ ਫ਼ਿਲਮ ਸੁਪਰਹਿੱਟ ਰਹੀ ਸੀ। ਉਨ੍ਹਾਂ ਸਮਿਆਂ ਵਿੱਚ ਫ਼ਿਲਮ ਨੇ 18-19 ਲੱਖ ਰੁਪਏ ਕਮਾਏ ਸੀ, ਜੋ ਅੱਜ ਦੇ ਕਰੋੜਾਂ ਰੁਪਏ ਦੇ ਬਰਾਬਰ ਹਨ। ਫਿਰ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਬਾਅਦ ਚੱਲ ਸੋ ਚੱਲ ਰਹੀ। ਦੂਜੀ ਪੰਜਾਬੀ ਫ਼ਿਲਮ ‘ਵਲੈਤੀ ਬਾਬੂ’ ਕੀਤੀ। ਅਮਿਤਾਭ ਬੱਚਨ ਸਾਹਿਬ ਨਾਲ ਦੋਸਤਾਨਾ ਸਬੰਧ ਹੋਣ ਕਰ ਕੇ ਉਨ੍ਹਾਂ ਨੇ ਵੀ ਪਹਿਲੀ ਵਾਰ ਇਸ ਵਿੱਚ ਟਾਂਗੇ ਵਾਲੇ ਦਾ ਰੋਲ ਅਦਾ ਕੀਤਾ ਸੀ। ਇਹ ਫ਼ਿਲਮ ਵੀ ਸੁਪਰਹਿੱਟ ਰਹੀ ਸੀ। - ਤੁਸੀਂ ਪੰਜਾਬੀ ਦੀਆਂ ਕਈ ਦਰਜਨ ਫ਼ਿਲਮਾਂ ’ਚ ਕੰਮ ਕੀਤਾ, ਕੋਈ ਯਾਦਗਾਰੀ ਭੂਮਿਕਾ? ਉਂਝ ਤਾਂ ਇਕ ਕਲਾਕਾਰ ਲਈ ਉਸ ਦੀਆਂ ਸਾਰੀਆਂ ਹੀ ਫ਼ਿਲਮਾਂ ਚਾਹੇ ਪੰਜਾਬੀ ਹੋਣ ਜਾ ਹਿੰਦੀ ਹਿੱਟ ਹੁੰਦੀਆਂ ਹਨ ਪਰ ਮੇਰੇ ਲਈ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਭ ਤੋਂ ਵੱਧ ਚਰਚਿਤ ਪੰਜਾਬੀ ਫ਼ਿਲਮ ‘ਸਰਪੰਚ’ ਰਹੀ ਹੈ। ਇਸ ਤੋਂ ਮੈਨੂੰ ਰਾਤੋਂ ਰਾਤ ਪਛਾਣ ਮਿਲੀ। ਇਸ ਫ਼ਿਲਮ ਵਿਚਲੇ ਇੱਕ ਗੀਤ ਜੋ ਮੇਰੇ ’ਤੇ ਫਿਲਮਾਇਆ ਗਿਆ ਸੀ ‘ਨਈਉਂ ਭੁੱਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ’ ਨੇ ਉਨ੍ਹਾਂ ਸਮਿਆਂ ’ਚ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਪਿੱਛੋਂ ਤਾਂ ਮੈਨੂੰ ਸਾਰੇ ‘ਨਈਉਂ ਭੁੱਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ’ ਵਾਲੇ ਯੋਗੇਸ਼ ਛਾਬੜਾ ਦੇ ਨਾਂ ਨਾਲ ਜ਼ਿਆਦਾ ਜਾਨਣ ਲੱਗ ਪਏ ਸੀ। - ਤੁਸੀਂ ਕਿਹੜੀਆਂ ਪ੍ਰਮੁੱਖ ਹਿੰਦੀ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ? ਸਾਰੀਆਂ ਫ਼ਿਲਮਾਂ ਦੇ ਨਾਂ ਤਾਂ ਇਸ ਵੇਲੇ ਮੈਨੂੰ ਵੀ ਪੂਰੀ ਤਰ੍ਹਾਂ ਯਾਦ ਨਹੀਂ ਹੋਣੇ ਪਰ ਚੋਣਵੀਆਂ ਫ਼ਿਲਮਾਂ ਦੇ ਨਾਂ ਮੈਨੂੰ ਯਾਦ ਹਨ, ਜਿਨ੍ਹਾਂ ਵਿੱਚ ‘ਜਵਾਨੀ ਦੀਵਾਨੀ’, ‘ਅੰਧੀ ਜਵਾਨੀ’, ‘ਜ਼ਹਿਰੀਲੇ ਇਨਸਾਨ’, ‘ਜੰਗਲ ਮੇਂ ਮੰਗਲ’, ‘ਨਮਕ ਹਰਾਮ’, ‘ਜੱਗ ਵਾਲਾ ਮੇਲਾ’, ‘ਪੀਂਘਾਂ ਪਿਆਰ ਦੀਆਂ’, ‘ਵੈਰੀ ਜੱਟ’, ‘ਮਾਮਲਾ ਗੜਬੜ ਹੈ’, ‘ਨੈਣ ਪ੍ਰੀਤੋ ਦੇ’, ‘ਅਨੋਖਾ ਮੋੜ’, ‘ਬਟਵਾਰਾ’, ‘ਜੱਟੀ’, ‘ਪਟਵਾਰੀ’, ‘ਲਾਜੋ’, ‘ਮਾਂ ਦਾ ਲਾਡਲਾ’ ਆਦਿ ਹਨ। - ਅੱਜ ਪੰਜਾਬੀ ਫ਼ਿਲਮ ਇੰਡਸਟਰੀ ਕਿੱਥੇ ਖੜ੍ਹੀ ਹੈ ਅਤੇ ਤੁਹਾਡੀਆਂ ਭਵਿੱਖੀ ਯੋਜਨਾਵਾਂ ਕੀ ਹਨ? ਦੇਖੋ ਜੀ ਸਮੇਂ ਦੇ ਨਾਲ ਹੀ ਚੱਲਣਾ ਚਾਹੀਦਾ ਹੈ। 40-50 ਸਾਲ ਪਹਿਲਾਂ ਪੰਜਾਬੀ ਫ਼ਿਲਮਾਂ ਦੀ ਹੋਰ ਗੱਲ ਸੀ। ਉਨ੍ਹਾਂ ਸਮਿਆਂ ਵਿੱਚ ਨਾ ਤਾਂ ਫ਼ਿਲਮਾਂ ਦਾ ਬਜਟ ਵੱਡਾ ਸੀ ਤੇ ਨਾ ਹੀ ਕਲਾਕਾਰਾਂ ਨੂੰ ਬਹੁਤਾ ਮਿਹਨਤਾਨਾ ਮਿਲਦਾ ਸੀ ਪਰ ਉਨ੍ਹਾਂ ਸਮਿਆਂ ’ਚ ਹਰ ਕੋਈ ਸੰਤੁਸ਼ਟ ਸੀ। ਫ਼ਿਲਮਾਂ ਵੀ ਬਾਕਮਾਲ ਬਣਦੀਆ ਸਨ, ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਪਸੰਦ ਕਰਦੇ ਹਨ। ਮੌਜੂਦਾ ਸਮੇਂ ਪੰਜਾਬੀ ਫ਼ਿਲਮ ਇੰਡਸਟਰੀ ਨੇ ਕਾਫੀ ਉੱਚਾ ਮੁਕਾਮ ਹਾਸਲ ਕਰ ਲਿਆ ਹੈ। ਭਵਿੱਖ ਵਿੱਚ ਪੰਜਾਬ ਆ ਕੇ ਕੁਝ ਨਵੇਂ ਪ੍ਰਾਜੈਕਟ ਦੀ ਗੱਲ ਫਾਈਨਲ ਕਰਾਂਗੇ। - ਜੌਹਰੀ ਮਿੱਤਲ

Loading