
ਅੱਜ ਔਰਤ ਸਾਡੇ ਸਮਾਜ ’ਚ ਬੜੀ ਤੇਜ਼ੀ ਨਾਲ ਉੱਚ ਦਰਜੇ ਦੀ ਧਾਰਨੀ ਬਣ ਰਹੀ ਹੈ। ਸਮਾਜਿਕ ਅਧਿਕਾਰਾਂ ਪ੍ਰਤੀ ਸੁਚੇਤਗੀ ਉਸ ਨੂੰ ਮੱਧਕਾਲੀ ਸੰਵੇਦਨਾਮਈ ਔਰਤ ਨਾਲੋਂ ਵੱਖ ਕਰਦੀ ਹੈ। ਪੁਰਾਣੇ ਸਮੇਂ ’ਚ ਔਰਤ ਨੂੰ ਮਰਦ ਆਪਣੀ ਇੱਛਾ ਪੂਰਤੀ ਤੇ ਲੋੜ ਪੂਰਤੀ ਲਈ ਵਰਤਦਾ ਰਿਹਾ ਹੈ। ਆਦਿ-ਕਾਲ ਭਾਰਤੀ ਸਮਾਜ ’ਚ ਭਾਵੇਂ ਔਰਤ ਨੂੰ ਮਰਦ ਦੀ ਬਰਾਬਰੀ ਦਾ ਹੱਕ ਪ੍ਰਾਪਤ ਸੀ ਪਰ ਭਾਰਤ ’ਚ ਮੁਸਲਮਾਨਾਂ ਦੇ ਪ੍ਰਵੇਸ਼ ਨਾਲ ਹੌਲੀ-ਹੌਲੀ ਉਨ੍ਹਾਂ ਦਾ ਸਨਮਾਨ ਘਟਦਾ ਗਿਆ। ਸ਼ਾਇਦ ਇਸੇ ਲਈ ਸੰਸਕ੍ਰਿਤ ਤੇ ਹਿੰਦੀ ਵਿੱਚ ‘ਨਰ’ ਦੀ ਬਰਾਬਰਤਾ ਦਾ ਜਿਹੜਾ ਸੂਚਕ ਸ਼ਬਦ ‘ਨਾਰੀ’ ਵਰਤਿਆ ਜਾਂਦਾ ਸੀ, ਉਹ ਮੁਸਲਮਾਨਾਂ ਦੇ ਆਉਣ ਨਾਲ ‘ਔਰਤ’ ਜਾਂ ਅਉਰਤ’ ਵਿਚ ਤਬਦੀਲ ਹੋ ਗਿਆ, ਜਿਸ ਦਾ ਅਰਥ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਹੈ, ‘ਲੁਕਾ ਕੇ ਰੱਖਣ ਲਾਇਕ ਵਸਤੂ’। ਇਹ ਸ਼ਾਬਦਿਕ ਤਬਦੀਲੀ ਔਰਤ ਦੀ ਸਮਾਜਿਕ ਸਥਿਤੀ ਵਿਚ ਆਏ ਬਦਲਾਅ ਨੂੰ ਵੀ ਦਰਸਾਉਂਦੀ ਹੈ।
ਪੰਜਾਬੀ ਗਾਇਕੀ ’ਚ ਅਸ਼ਲੀਲਤਾ ਦੀ ਪ੍ਰਧਾਨਤਾ
ਅਫ਼ਸੋਸਨਾਕ ਗੱਲ ਹੈ ਕਿ ਅਜੋਕੀ ਪੰਜਾਬੀ ਗਾਇਕੀ ’ਚ ਔਰਤ ਬੜੀ ਨਿਘਾਰਮਈ ਸਥਿਤੀ ’ਚ ਪੇਸ਼ ਹੋ ਰਹੀ ਹੈ। ਸਮਾਜਿਕ ਰੂਪ ਵਿਚ ਇਸਤਰੀ ਭਾਵੇਂ ਮਾਂ, ਭੈਣ, ਪਤਨੀ, ਧੀ, ਚਾਚੀ, ਤਾਈ, ਮਾਸੀ, ਦਾਦੀ, ਨਾਨੀ ਆਦਿ ਰੂਪਾਂ ਵਿਚ ਹੁੰਦੀ ਹੈ ਤੇ ਆਪਣੇ ਵੱਖ-ਵੱਖ ਰੂਪਾਂ ’ਚ ਪਰਿਵਾਰ ਅਤੇ ਸਮਾਜ ਨੂੰ ਥੰਮਣ ਦਾ ਕਾਰਜ ਬੜੇ ਸੁਯੋਗ ਤੇ ਸੁਚੱਜੇ ਢੰਗ ਨਾਲ ਨਿਭਾਉਂਦੀ ਹੈ ਪਰ ਅੱਜ-ਕੱਲ੍ਹ ਦੀ ਪੰਜਾਬੀ ਗਾਇਕੀ ਵਿਚ ਉਸ ਦਾ ਕੇਵਲ ਪ੍ਰੇਮਿਕਾ ਵਾਲਾ ਰੂਪ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬੀ ਗਾਇਕੀ ਦੇ ਵਰਤਮਾਨ ’ਚ ਵਿਖਾਇਆ ਜਾਣ ਵਾਲਾ ਨਾਰੀ ਦਾ ਇਹ ਰੂਪ ਹਵਸ ਤੇ ਅਸ਼ਲੀਲਤਾ ਨਾਲ ਲਬਰੇਜ਼ ਵਿਖਾਇਆ ਜਾਂਦਾ ਹੈ। ਇਸ ਦਾ ਪ੍ਰਮਾਣ ਅਜੋਕੇ ਕਈ ਪੰਜਾਬੀ ਗੀਤਾਂ ਵਿਚਲੇ ਬੋਲਾਂ ਤੋਂ ਮਿਲ ਜਾਂਦਾ ਹੈ। ਗੀਤਕਾਰ ਤੇ ਗਾਇਕ ਉਸ ਦੀ ਸਰੀਰਕ ਸੁੰਦਰਤਾ ਤੇ ਸਰੀਰ ਦੇ ਵੱਖ-ਵੱਖ ਅੰਗਾਂ ਦਾ ਮਾਪ ਦੱਸਦਿਆਂ ਆਪਣੇ ਸ਼ਾਬਦਿਕ ਵਰਣਨ ਰਾਹੀਂ ਉਸ ਨੂੰ ਕੇਵਲ ਮਾਤਰ ਦਿਖਾਵੇ ਦੀ ਵਸਤੂ ਬਣਾ ਕੇ ਪੇਸ਼ ਕਰਦੇ ਹਨ। ਵਧੇਰੇ ਕਰਕੇ ਪੰਜਾਬੀ ਗੀਤਾਂ ’ਚ ਔਰਤ ਦੀ ਸਰੀਰਕ ਸੁੰਦਰਤਾ ਦਾ ਤਾਅਲੁਕ ਵੀ ਸਿਰਫ਼ ਉਸ ਦੇ ਲੱਕ, ਅੱਖਾਂ ਤੇ ਵੱਖ-ਵੱਖ ਸਰੀਰਕ ਅੰਗਾਂ ਦੀ ਸੁੰਦਰਤਾ ਤਕ ਸੀਮਤ ਰਹਿੰਦਾ ਹੈ। ਕਿਹਾ ਜਾ ਸਕਦਾ ਹੈ ਕਿ ਨੰਗੇਜ਼, ਪੰਜਾਬੀ ਗਾਇਕੀ ਦਾ ਅਹਿਮ ਪਹਿਲੂ ਬਣ ਚੁੱਕਿਆ ਹੈ। ਗਾਣਿਆਂ ’ਚ ਤਾਂ ਔਰਤ ਵਿਖਾਵਾ ਮਾਤਰ ਬਣ ਕੇ ਰਹਿ ਗਈ ਹੈ।
ਸਮਾਜਿਕ ਰਿਸ਼ਤਿਆਂ ਨੂੰ ਬਦਨਾਮ ਕਰਨ ਤੋਂ ਨਹੀਂ ਹਟਦੇ ਪਿੱਛੇ
ਸਮਾਜਿਕ ਉਲਾਰ ਨੂੰ ਪੇਸ਼ ਕਰਦਿਆਂ ਇਹ ਗਾਇਕ ਸਮਾਜਿਕ ਰਿਸ਼ਤਿਆਂ ਨੂੰ ਵੀ ਬਦਨਾਮ ਕਰਨ ਤੋਂ ਪਿੱਛੇ ਨਹੀਂ ਹਟਦੇ। ਇਹ ਗਾਇਕ ਮਾਡਲ ਕੁੜੀ ਲਈ ਰਕਾਣ, ਵੈਲਣ, ਪਟੋਲਾ, ਫੱਤੋ, ਸੈਂਪਲ, ਟੋਟਾ, ਯੈਂਕਣ ਅਤੇ ਪਤਾ ਨਹੀਂ ਹੋਰ ਕਿਹੜੇ-ਕਿਹੜੇ ਅਪਸ਼ਬਦ ਵਰਤਦੇ ਹਨ। ਔਰਤ ਨੂੰ ਭੰਡਣ ਵੇਲੇ ਇਹ ਗਾਇਕ ‘ਜਣੇ-ਖਣੇ ਨੂੰ ਯਾਰ ਬਣਾਈ ਫਿਰਦੀ’, ਜਿੰਨੇ ਗੱਲ ਦੀ ਗਾਨੀ ਦੇ ਮਣਕੇ, ਨੀ ਓਨੇ ਤੇਰੇ ਯਾਰ ਵੈਰਨੇ ਆਦਿ ਤੁੱਕਾਂ ਵਰਤ ਕੇ ਸਮੁੱਚੀ ਔਰਤ ਜਾਤੀ ਨੂੰ ਨਿੰਦਿਆ ਦਾ ਪਾਤਰ ਬਣਾ ਦਿੰਦੇ ਹਨ। ਗਾਇਕ ਜਦੋਂ ਇਹ ਆਖਦਾ ਹੈ ਕਿ ‘ਸਾਡੀ ਮਾਂ ਨੂੰ ਪੁੱਤ ਨੀ ਲੱਭਣੇ’ ਤਾਂ ਇਕ ਪਾਸੇ ਤਾਂ ਉਹ ਪੁੱਤਰ ਧਰਮ ਨਿਭਾਉਣ ਦਾ ਅਖੌਤੀ ਵਿਖਾਵਾ ਕਰਦਾ ਹੈ ਅਤੇ ਨਾਲ ਹੀ ਦੂਜੇ ਪਾਸੇ ਉਹ ਇਕ ਇਕ ਔਰਤ ਦੀ ਕਿਰਦਾਰਕੁਸ਼ੀ ਕਰਦਿਆਂ ‘ਤੈਨੂੰ ਯਾਰ ਬਥੇਰੇ’ ਵੀ ਆਖਦਾ ਹੈ। ਔਰਤ ਦੇ ਅਕਸ ਨੂੰ ਢਾਹ ਲਾਉਣ ਵਾਲਾ ਇਹ ਬਖਾਣ ਵਰਤਮਾਨਕ ਪੰਜਾਬੀ ਸਮਾਜ ਨੂੰ ਵੀ ਕਲੰਕਿਤ ਕਰ ਰਿਹਾ ਹੈ। ਇਸ ਮਾਨਸਿਕ ਅਸੰਤੁਲਨ ਦੀ ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਪੰਜਾਬੀ ਗਾਣਿਆਂ ਵਿਚ ਮਾਡਲ ਕੁੜੀ ਨੂੰ ਸਿਗਰਟ, ਸ਼ਰਾਬ ਦਾ ਸੇਵਨ ਕਰਦਿਆਂ ਦਿਖਾਇਆ ਜਾਂਦਾ ਹੈ ਅਤੇ ਗਾਇਕ ‘ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ’ ਵਰਗੇ ਬੋਲਾਂ ਨਾਲ ਆਮ ਲੋਕਾਂ ਨੂੰ ਭਰਮਾਉਂਦਾ ਹੈ। ਇਹ ਗਾਇਕ ਆਪਣੇ ਗਾਣਿਆਂ ਰਾਹੀਂ ਇਸਤਰੀ ਨੂੰ ਬਹੁ-ਮੰਤਵੀ ਪੇਸ਼ ਕਰਦਿਆਂ (ਉਸ ਦੀਆਂ ਮਜਬੂਰੀਆਂ ਨੂੰ ਅੱਖੋਂ ਓਹਲੇ ਕਰ ਕੇ) ‘ਕਬੂਤਰੀ’ ਆਖ ਕੇ ਇਸ ਤਰ੍ਹਾਂ ਪੇਸ਼ ਕਰਦੇ ਹਨ, ਜਿਵੇਂ ਉਨ੍ਹਾਂ ਦੇ ਰਿਸ਼ਤੇ ਵਿਚ ਆਉਣ ਵਾਲੀਆਂ ਸਾਰੀਆਂ ਅੜਚਨਾਂ ਲਈ ਸਾਰਾ ਦੋਸ਼ ਕੇਵਲ ਉਸ ਦਾ ਹੀ ਹੈ। ਉਹ ਆਪਣੇ ਅਸਫਲ ਪਿਆਰ ਦਾ ਸਾਰਾ ਦੋਸ਼ ਇਸਤਰੀ ’ਤੇ ਮੜ੍ਹਦਿਆਂ ਇਹ ਸਾਬਿਤ ਕਰਨ ’ਚ ਵੀ ਕੋਈ ਕਸਰ ਨਹੀਂ ਛੱਡਦਾ ਕਿ ਉਹ ਮਨਮਰਜ਼ੀ ਨਾਲ ਕਿਸੇ ਹੋਰ ਨਾਲ ਵਿਆਹ ਕਰਵਾ ਰਹੀ ਹੈ ਤੇ ਇਸ ਦਾ ਅਸਲ ਕਾਰਨ ਆਰਥਿਕ ਵਸੀਲੇ ਹਨ।
ਗ਼ਲਤ ਤਰੀਕੇ ਨਾਲ ਹੋ ਰਿਹਾ ਔਰਤ ਦਾ ਚਿਤਰਣ
ਵਰਤਮਾਨਕ ਪੰਜਾਬੀ ਗਾਇਕੀ ’ਚ ਪੇਸ਼ ਹੋ ਰਹੀ ਔਰਤ ਦੀ ਇਹ ਕੁਹਜੀ ਤਸਵੀਰ ਸਮਾਜਿਕ ਦੁਰਵਿਹਾਰ ਪੈਦਾ ਕਰਨ ਵਾਲੀ ਹੈ। ਸਮਾਜ ’ਚ ਔਰਤ ਨੂੰ ਪੂਜ ਮੰਨਦਿਆਂ ਹਰ ਧਰਮ ਤੇ ਵਰਗ ਇਸ ਦੀ ਸ਼ਾਲੀਨਤਾ ਤੇ ਉੱਚਤਾ ਕਾਰਨ ਉਸ ਨੂੰ ਉੱਚ ਦਰਜੇ ਦਾ ਧਾਰਨੀ ਮੰਨਦਾ ਹੈ। ਹਿੰਦੂ ਧਰਮ ’ਚ ਕੰਜਕ ਪੂਜਣ ਤੇ ਦੇਵੀ ਪੂਜਣ ਰਾਹੀਂ ਇਸ ਨੂੰ ਮੁਖਾਤਿਬ ਹੋਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਤਾਂ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ’ ਕਹਿ ਕੇ ਔਰਤ ਦੀ ਮਹਿਮਾ ਨੂੰ ਵਡਿਆਉਂਦੇ ਹਨ। ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਦੇ ਮਹਾਨ ਸੂਫੀ ਅਤੇ ਵਿਸ਼ਵ ਪ੍ਰਸਿੱਧ ਦਾਰਸ਼ਨਿਕ ਬਣਨ ਪਿੱਛੇ ਉਨ੍ਹਾਂ ਦੀ ਮਾਤਾ ‘ਮਰੀਅਮ’ ਦਾ ਅਹਿਮ ਰੋਲ ਸੀ। ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਦੇ ਪਰਉਪਕਾਰੀ ਚਰਿੱਤਰ ਤੇ ਉਨ੍ਹਾਂ ਵੱਲੋਂ ਰਚਿਤ ਇਲਾਹੀ ਬਾਣੀ ਪਵਿੱਤਰ ਕੁਰਾਨ ਸ਼ਰੀਫ਼ ਦੀ ਰਚਨਾ ਪਿੱਛੇ ਪਤਨੀ ਖਦੀਜ਼ਾ ਦਾ ਰੋਲ ਘਟਾ ਕੇ ਨਹੀਂ ਦੇਖਿਆ ਜਾ ਸਕਦਾ।
ਪੰਜਾਬੀ ਸੱਭਿਆਚਾਰ ਨਾਲ ਕਿਸੇ ਵੀ ਤਰ੍ਹਾਂ ਨਹੀਂ ਖਾਂਦੇ ਮੇਲ
ਅਜੋਕੀ ਪੰਜਾਬੀ ਗਾਇਕੀ ’ਚ ਜਿਸ ਤਰ੍ਹਾਂ ਦਾ ਅਸ਼ਲੀਲ ਨਾਚ ਦਿਖਾਇਆ ਜਾਂਦਾ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਪੰਜਾਬੀ ਸੱਭਿਆਚਾਰ ਨਾਲ ਮੇਚ ਕੇ ਨਹੀਂ ਦੇਖਿਆ ਜਾ ਸਕਦਾ । ਅਜਿਹੇ ਗੀਤਾਂ ਨੂੰ ਤਾਂ ਘਰ ਬੈਠੇ ਦਰਸ਼ਕ ਵੀ ਨਫ਼ਰਤ ਨਾਲ ਦੇਖਦੇ ਹਨ।
ਸੰਜੀਦਗੀ ਨਾਲ ਉਪਰਾਲੇ ਕਰਨ ਦੀ ਲੋੜ
ਅਜੋਕੇ ਸਮਾਜ ਵਿਚ ਆਬਾਦੀ ਦੇ ਪੱਖ ਤੋਂ ਅੱਧਾ ਹਿੱਸਾ ਸਾਂਭੀ ਬੈਠੀ ਨਾਰੀ ਨੂੰ ਵਰਤਮਾਨਕ ਦੌਰ ਦੇ ਪੰਜਾਬੀ ਗਾਇਕ ਦਿਖਾਵੇ ਦੀ ਵਸਤੂ ਬਣਾ ਕੇ ਪੈਸਾ ਕਮਾਉਣ ਵਾਲੀ ਮਸ਼ੀਨ ਵਜੋਂ ਵਰਤ ਰਹੇ ਹਨ। ਪੰਜਾਬੀ ਸਮਾਜ ’ਚ ਆ ਰਹੇ ਨਿਘਾਰ ਦਾ ਮੂਲ ਕਾਰਨ ਅਜੋਕੀ ਗਾਇਕੀ ਨੂੰ ਮੰਨਿਆ ਜਾ ਸਕਦਾ ਹੈ, ਜਿਸ ਨੂੰ ਬਚਾਉਣ ਲਈ ਬੜੀ ਸੰਜੀਦਗੀ ਨਾਲ ਉਪਰਾਲੇ ਕਰਨ ਦੀ ਲੋੜ ਹੈ, ਤਾਂ ਜੋ ਸਮਾਜਿਕ ਸਹਿ-ਹੋਂਦ ਲਈ ਸਹਿਕਦੀ ਔਰਤ ਨੂੰ ਪੁਨਰ ਜੀਵਨ ਮਿਲ ਸਕੇ।
• ਡਾ. ਵਿਸ਼ਾਲ ਕੁਮਾਰ