ਸੁਰੀਲੀ ਤੇ ਬੁਲੰਦ ਆਵਾਜ਼ ਦਾ ਨਾਂ ਹੈ ਦਵਿੰਦਰ ਕੋਹੇਨੂਰ

ਅਜੋਕੀ ਗਾਇਕੀ ’ਚ ਚੱਲ ਰਹੀ ਘੁਸਪੈਠ ਦਾ ਹੋਰਾਂ ਕਲਾਕਾਰਾਂ ਵਾਂਗ ਦਵਿੰਦਰ ਕੋਹੇਨੂਰ (Devinder Kohenoor) ਨੂੰ ਵੀ ਤੌਖਲਾ ਹੈ। ਕੈਸਿਟ ਯੁੱਗ (Casette Culture) ਖ਼ਤਮ ਹੋਣ ਤੋਂ ਬਾਅਦ ਉਹ ਸਮੇਂ ਨਾਲ ਚੱਲਦਾ ਹੋਇਆ। ਜਲਦ ਹੀ ਇਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ ਨਾਲ ਸਰੋਤਿਆਂ ਦੇ ਰੂਬਰੂ ਹੋ ਰਿਹਾ ਹੈ। ਉਮੀਦ ਹੀ ਨਹੀਂ, ਯਕੀਨ ਹੈ ਕਿ ਸਰੋਤੇ ਉਸ ਦੀ ਹਾਜ਼ਰੀ ਪ੍ਰਵਾਨ ਕਰਨਗੇ। ‘ਦਿਲ ਦੇ ਖ਼ੂਨ ਦੀ ਮਹਿੰਦੀ’ ਨਾਲ ਪ੍ਰਸਿੱਧੀ ਦੀ ਸਿਖ਼ਰ ਛੂਹਣ ਵਾਲੇ ਪੰਜਾਬੀ ਲੋਕ ਗਾਇਕ (Punjabi folk singer) ਦਵਿੰਦਰ ਕੋਹੇਨੂਰ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ : - ੦ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ? ਸਕੂਲ ਦੇ ਇਕ ਸਮਾਗਮ ’ਚ 6ਵੀਂ ਜਮਾਤ ਵਿਚ ਪੜ੍ਹਦਿਆਂ ਮੈਂ ਪਹਿਲਾ ਗੀਤ ਗਾਇਆ ਸੀ ‘ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣਾ, ਮੇਰੇ ਖ਼ੂਨ ਦੀ ਇਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣਾ।’ ਸਕੂਲ ਪੱਧਰ ’ਤੇ ਗਾਉਣਾ ਸ਼ੁਰੂ ਕਰਨ ਤੋਂ ਬਾਅਦ ਰਣਬੀਰ ਕਾਲਜ ਸੰਗਰੂਰ ਤੋਂ ਬੀਏ ਕਰਦਿਆਂ ਗਾਉਣ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਰਿਹਾ। ਸ਼ਹੀਦ ਊਧਮ ਸਿੰਘ ਕਾਲਜ (Shaheed Udham Singh College) ਸੁਨਾਮ ਵਿਖੇ ਹੋਏ ਯੂਥ ਫੈਸਟੀਵਲ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ। ੦ ਦਵਿੰਦਰ ਤੋਂ ਦਵਿੰਦਰ ਕੋਹੇਨੂਰ ਬਣਨ ਦਾ ਸਬੱਬ ਤੇ ਬਚਨ ਬੇਦਿਲ ਨਾਲ ਸੰਪਰਕ ਕਿਵੇਂ ਜੁੜਿਆ? ਪੰਜਾਬ ਦੇ ਸੁਪ੍ਰਸਿੱਧ ਗੀਤਕਾਰ ਬਚਨ ਬੇਦਿਲ (Bachan bedil) ਨਾਲ ਬੰਨੇ-ਚੰਨੇ ਦੀ ਸਾਂਝ ਹੈ। ਬੇਦਿਲ ਹੋਰਾਂ ਨੇ ਹੀ ਮੇਰੇ ਨਾਂ ਨਾਲ ਕੋਹੇਨੂਰ ਲਗਾ ਕੇ ਮੈਨੂੰ ਦਵਿੰਦਰ ਕੋਹੇਨੂਰ ਬਣਾਇਆ। ਅਸੀਂ ਤਜਰਬੇ ਦੇ ਤੌਰ ’ਤੇ ਉਦਾਸ ਗੀਤਾਂ ਦੀ ਕੈਸਟ ਕੱਢੀ, ਜੋ ਉਸ ਸਮੇਂ ਬਹੁਤ ਹਿੱਟ ਸਾਬਿਤ ਹੋਈ। ਬੱਸ ਫਿਰ ਪਰਮਾਤਮਾ ਦੀ ਕਿਰਪਾ ਨਾਲ ਬੇਦਿਲ ਦੇ ਲਿਖੇ ਤੇ ਮੇਰੇ ਗਾਏ ਗੀਤ ਘਰ-ਘਰ ਵੱਜਣ ਲੱਗੇ। ਉਸ ਸਮੇਂ ਅਖਾੜਿਆਂ ’ਚ ਲੋਕ ਸਭ ਤੋਂ ਵੱਧ ਫ਼ਰਮਾਇਸ਼ ਉਦਾਸ ਗੀਤਾਂ ਦੀ ਹੁੰਦੀ ਸੀ। ਇਸ ਤਰ੍ਹਾਂ ਇਕਦਮ ਆਮ ਤੋਂ ਮਸ਼ਹੂਰ ਤੇ ਹਿੱਟ ਗਾਇਕ ਬਣ ਗਿਆ। ੦ ਗਾਇਕੀ ਦੇ ਖੇਤਰ ’ਚ ਤੁਹਾਡੇ ਉਸਤਾਦ ਕੌਣ ਹਨ? ਆਪਣੇ ਵਿਦੇਸ਼ੀ ਟੂਰਾਂ ਬਾਬਤ ਵੀ ਚਾਨਣਾ ਪਾਓ? ਮਾਸਟਰ ਬਲਦੇਵ ਜੀ ਨੂੰ ਆਪਣਾ ਉਸਤਾਦ ਧਾਰ ਕੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ, ਜਿਸ ਸਦਕਾ ਸਟੇਜਾਂ ’ਤੇ ਸ਼ਿੱਦਤ ਤੇ ਸਾਦਗੀ ਨਾਲ ਗਾਉਂਦਾ ਰਿਹਾ ਹਾਂ ਤੇ ਅੱਜ ਵੀ ਗਾ ਰਿਹਾ ਹਾਂ। 1998 ਵਿਚ ਪਹਿਲਾ ਕੈਨੇਡਾ ਦਾ ਟੂਰ ਲਗਾਇਆ, ਜਿੱਥੇ ਸਰੋਤਿਆਂ ਨੇ ਅੰਤਾਂ ਦਾ ਪਿਆਰ ਦਿੱਤਾ। ੦ ਪਹਿਲੀ ਐਲਬਮ ਕਿਹੜੀ ਤੇ ਕਦੋਂ ਆਈ ਸੀ? ਮੇਰੀ ਪਹਿਲੀ ਐਲਬਮ ‘ਦਿਲ ਦੇ ਖ਼ੂਨ ਦੀ ਮਹਿੰਦੀ’ ਸੀ, ਜੋ 1996 ਵਿਚ ਆਈ ਸੀ। ਇਹ ਕੈਸਿਟ ਆਪਣੇ ਸਮੇਂ ਦੀ ਹਿੱਟ ਕੈਸਿਟ ਸਾਬਿਤ ਹੋਈ ਸੀ। ਯਕੀਨਨ ਅਜਿਹਾ ਕੋਈ ਸਰੋਤਾ ਨਹੀਂ ਹੋਣਾ, ਜਿਸ ਦੀ ਜ਼ੁਬਾਨ ’ਤੇ ਇਸ ਕੈਸਿਟ ਦਾ ਟਾਈਟਲ ਗੀਤ ਨਾ ਚੜ੍ਹਿਆ ਹੋਵੇ। ੦ ਬਚਨ ਬੇਦਿਲ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਗੀਤਕਾਰਾਂ ਦੇ ਗੀਤ ਗਾਏ ਹਨ ਤੇ ਸੰਗੀਤਕਾਰਾਂ ਦੇ ਨਾਂ ਵੀ ਜ਼ਰੂਰ ਦੱਸੋ? ਬਚਨ ਬੇਦਿਲ ਤੋਂ ਇਲਾਵਾ ਕੁਝ ਗੀਤ ਸ਼ਮਸ਼ੇਰ ਸੰਧੂ, ਅਮਰਦੀਪ ਗਿੱਲ, ਬਲਵੀਰ ਬੋਪਾਰਾਏ, ਬੂਟਾ ਭਾਈ ਰੂਪਾ, ਸਵ. ਚੰਦਰਾ ਚਹਿਲ, ਦੀਪਾ ਘੋਲੀਆ, ਗੁਰਪਿਆਰ, ਸਵਰਾਜ, ਜੱਸ ਸੰਘੇੜਾ ਆਦਿ ਦੇ ਲਿਖੇ ਵੀ ਗਾਏ ਹਨ ਪਰ ਜ਼ਿਆਦਾ ਗੀਤ ਬਚਨ ਬੇਦਿਲ ਦੇ ਲਿਖੇ ਹੀ ਗਾਏ ਹਨ। ਮੇਰੇ ਗੀਤਾਂ ਨੂੰ ਮਦਨ ਸ਼ੌਕੀ, ਸਚਿਨ ਅਹੂਜਾ, ਲਾਲ ਕਮਲ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ੦ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ’ਚ ਵੀ ਤੁਸੀਂ ਇੰਨਾ ਸਹਿਜ ਕਿਵੇਂ ਗਾ ਲੈਂਦੇ ਹੋ। ਤੁਹਾਡੇ ਪਸੰਦੀਦਾ ਕਲਾਕਾਰ ਕਿਹੜੇ ਹਨ? ਮੁਹੰਮਦ ਰਫ਼ੀ ਸਾਹਿਬ ਨੂੰ ਬਹੁਤ ਸੁਣਿਐ ਤੇ ਵਿਹਲੇ ਪਲਾਂ ’ਚ ਅੱਜ ਵੀ ਸੁਣਨਾ ਲੋਚਦਾ ਹਾਂ, ਸ਼ਾਇਦ ਇਹੀ ਮੇਰੀ ਗਾਇਕੀ ਵਿਚਲੇ ਠਹਿਰਓ ਦਾ ਕਾਰਨ ਹੈ। ੦ ਹੁਣ ਤੱਕ ਆਈਆਂ ਕੈਸਿਟਾਂ ਬਾਰੇ ਵੀ ਪਾਠਕਾਂ ਨਾਲ ਜਾਣਕਾਰੀ ਸਾਂਝੀ ਕਰੋ? ‘ਅਸੀਂ ਹੱਸਣਾ ਭੁੱਲ ਗਏ’, ‘ਪਰਦੇਸੀਆਂ ਦੀ ਜ਼ਿੰਦਗੀ’, ‘ਟਾਹਣੀਓਂ ਟੁੱਟੇ ਫੁੱਲ’, ‘ਤੇਰੀ ਮੇਰੀ ਪ੍ਰੀਤ ਕਹਾਣੀ’, ‘ਰੋ ਰਿਹਾ ਹੈ ਦਿਲ’, ‘ਤੈਨੂੰ ਕਿੰਨਾ ਚਾਹੁੰਦੇ ਸੀ’, ‘ਡੋਲੀ ਵਿਚ ਜਾਣ ਵਾਲੀਏ’, ‘ਦੁਨੀਆ’, ‘ਬੇਵਫ਼ਾ’, ‘ਕਜਲੇ ਵਾਲੇ ਨੈਣ’, ‘ਹੰਸਾਂ ਦਾ ਜੋੜਾ’, ਸੰਤ ਰਾਮ ਉਦਾਸੀ ਦੀ ‘ਚੂੜੀਆਂ ਦਾ ਹੋਕਾ’ ਸਮੇਤ ਕਰੀਬ 25 ਕੁ ਕੈਸਿਟਾਂ ਸਰੋਤਿਆਂ ਦੀ ਝੋਲੀ ਪਾਈਆਂ ਹਨ। ਇਨ੍ਹਾਂ ਤੋਂ ਇਲਾਵਾ ਹਿੰਦੀ ਗੀਤਾਂ ਦੀਆਂ ਵੀ 2 ਕੈਸਿਟਾਂ ‘ਦਿਲ ਕਾ ਸ਼ੀਸ਼ਾ ਟੂਟ ਗਿਆ’ ਅਤੇ ‘ਏਕ ਗਾਓਂ ਮੇਂ ਏਕ ਲੜਕੀ ਥੀ’ ਮਾਰਕਿਟ ’ਚ ਆਈਆਂ ਸਨ, ਜਿਨ੍ਹਾਂ ਨੂੰ ਸਰੋਤਿਆਂ ਨੇ ਖ਼ੂਬ ਪਿਆਰ ਦਿੱਤਾ। ਆਪਣੇ ਗਾਏ ਗੀਤਾਂ ਵਿੱਚੋਂ ‘ਅਸੀਂ ਹੱਸਣਾ ਭੁੱਲ ਗਏ’ ਗੀਤ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ੦ ਰਿਆਜ਼ ਕਿੰਨਾ ਕੁ ਕਰਦੇ ਹੋ ਤੇ ਕਿੰਨਾ ਕੁ ਜ਼ਰੂਰੀ ਹੈ? ਅੱਜ-ਕੱਲ੍ਹ ਚੱਲ ਰਹੀ ਗਾਇਕੀ ਬਾਰੇ ਨਵੇਂ ਪੂਰ ਦੇ ਕਲਾਕਾਰਾਂ ਤੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ? ਮੇਰੇ ਅਨੁਸਾਰ ਗਲੇ ਨੂੰ ਸੁਰ ’ਚ ਰੱਖਣ ਲਈ ਰਿਆਜ਼ ਬਹੁਤ ਜ਼ਰੂਰੀ ਹੈ। ਮੈਂ ਸਮੇਂ ਅਨੁਸਾਰ ਅੱਜ ਵੀ ਰਿਆਜ਼ ਨੂੰ ਉਸੇ ਤਰ੍ਹਾਂ ਤਵੱਜੋ ਦਿੰਦਾ ਹਾਂ ਕਿਉਂਕਿ ਰਿਆਜ਼ ਤੋਂ ਬਿਨਾਂ ਗੀਤ ਤਾਂ ਗਾਏ ਜਾ ਸਕਦੇ ਪਰ ਗਾਇਕੀ ਰੂਹ ਦੀ ਖ਼ੁਰਾਕ ਨਹੀਂ ਬਣ ਸਕਦੀ। ਬਾਕੀ ਅੱਜ-ਕੱਲ੍ਹ ਸਾਰੇ ਨਵੇਂ ਕਲਾਕਾਰ ਸਿਆਣੇ ਹਨ ਤੇ ਉਨ੍ਹਾਂ ਨੂੰ ਇਹੀ ਕਹਾਂਗਾ ਕਿ ਕੋਈ ਵੀ ਨਵਾਂ ਗੀਤ ਤਿਆਰ ਹੋਣ ’ਤੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਖ਼ਸਕਰ ਮਾਂ, ਭੈਣ ਤੇ ਬੇਟੀ ਨਾਲ ਬੈਠ ਕੇ ਸੁਣੋ/ਦੇਖੋ। ਜੇ ਗੀਤ ਉੱਥੇ ਪਰਵਾਨ ਹੋਵੇ ਤਾਂ ਹੀ ਉਸ ਨੂੰ ਮਾਰਕਿਟ ’ਚ ਰਿਲੀਜ਼ ਕਰੋ। ਰਿਆਜ਼ ਕਰੋ ਤੇ ਕਿਸੇ ਉਸਤਾਦ ਤੋਂ ਚੰਗੀ ਤਰ੍ਹਾਂ ਸਿੱਖ ਕੇ ਇਸ ਖੇਤਰ ’ਚ ਆਓ। ਰਾਤੋ ਰਾਤ ਸਟਾਰ ਬਣਨ ਦੇ ਚੱਕਰ ’ਚ ਆਪਣੀਆਂ ਜ਼ਮੀਨਾਂ ਵੇਚ ਕੇ ਪੈਸੇ ਖ਼ਰਾਬ ਨਹੀਂ ਕਰਨੇ ਚਾਹੀਦੇ। ਉਸ ਦਾ ਸਰੋਤਿਆਂ ਨੂੰ ਵੀ ਇਹੀ ਕਹਿਣਾ ਕਿ ਮਾੜੇ ਗੀਤਾਂ ਤੇ ਮਾੜਾ ਗਾਉਣ ਵਾਲੇ ਕਲਾਕਾਰਾਂ ਦਾ ਮੁਕੰਮਲ ਬਾਈਕਾਟ ਕਰ ਦੇਣਾ ਚਾਹੀਦਾ ਹੈ, ਤਾਂ ਹੀ ਇਸ ਰੁਝਾਨ ਨੂੰ ਠੱਲ੍ਹ ਪੈ ਸਕਦੀ ਹੈ। • ਅਮਰਬੀਰ ਸਿੰਘ ਚੀਮਾ

Loading