ਚੰਡੀਗੜ੍ਹ: ਬੱਸ ਦੇ ਦਰਵਾਜ਼ੇ ਨਾਲ 1 ਕਿਲੋਮੀਟਰ ਤੱਕ ਲਟਕਦਾ ਰਿਹਾ ਵਿਅਕਤੀ

In ਮੁੱਖ ਖ਼ਬਰਾਂ
October 19, 2024
ਚੰਡੀਗੜ੍ਹ, 19 ਅਕਤੂਬਰ: ਯੂਟੀ ਟਰਾਂਸਪੋਰਟ ਵਿਭਾਗ ਨੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਲਈ ਬੱਸ ਡਰਾਈਵਰ ਅਤੇ ਕੰਡਕਟਰ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਇਕ ਯਾਤਰੀ ਨੂੰ ਬੱਸ ਦੇ ਦਰਵਾਜ਼ੇ ਨਾਲ ਲਟਕਦਾ ਦੇਖਿਆ ਗਿਆ ਹੈ, ਇਸ ਦੌਰਾਨ ਨਾ ਤਾਂ ਡਰਾਈਵਰ ਨੇ ਬੱਸ ਰੋਕੀ ਅਤੇ ਨਾ ਹੀ ਕੰਡਕਟਰ ਨੇ ਦਰਵਾਜ਼ਾ ਖੋਲ੍ਹਿਆ। ਇਸ ਸਬੰਧੀ ਵਿਭਾਗ ਨੂੰ ਯਾਤਰੀ ਦੀ ਸ਼ਿਕਾਇਤ ਦੇ ਨਾਲ-ਨਾਲ ਵੀਡੀਓ ਵੀ ਮਿਲੀ। ਉਧਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਰੂਟ ਨੰਬਰ 85 ’ਤੇ ਦਫ਼ਤਰ ਜਾਣ ਲਈ ਬੱਸ ’ਚ ਸਵਾਰ ਹੋਣ ਲਈ ਹੱਲੋਮਾਜਰਾ ਬੱਸ ਅੱਡੇ ’ਤੇ ਖੜ੍ਹਾ ਸੀ। ਬੱਸ ਨੰਬਰ ਸੀ.ਐਚ.-01-ਜੀ.ਏ.-5367 ਆਈ, ਪਰ ਡਰਾਈਵਰ ਅਤੇ ਕੰਡਕਟਰ ਨੇ ਉਸ ਨੂੰ ਬੱਸ ਵਿਚ ਚੜ੍ਹਨ ਨਹੀਂ ਦਿੱਤਾ। ਇਸ ਕਾਰਨ ਉਸ ਨੂੰ ਦਰਵਾਜ਼ੇ ਕੋਲ ਲਟਕਣਾ ਪਿਆ ਅਤੇ ਉਸ ਨੇ ਕਰੀਬ ਇਕ ਕਿਲੋਮੀਟਰ ਤੱਕ ਇਸ ਤਰ੍ਹਾਂ ਸਫ਼ਰ ਕੀਤਾ। ਇਸ ਘਟਨਾ ਸਬੰਧੀ ਵਿਭਾਗ ਨੇ ਕਿਹਾ ਕਿ ਯਾਤਰੀ ਦੀ ਜਾਨ ਖ਼ਤਰੇ ਵਿੱਚ ਸੀ ਅਤੇ ਅਜਿਹੀ ਹਾਲਤ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਸਨ। ਇਸ ਦੇ ਚੱਲਦਿਆਂ ਡਰਾਈਵਰ ਕਰਮਵੀਰ ਅਤੇ ਕੰਡਕਟਰ ਬੀਨੂੰ ਰਾਣੀ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਕੇ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।

Loading