ਅਜੋਕੇ ਅਕਾਲੀ ਸੰਕਟ ਦਾ ਹੱਲ ਭਾਲਣ ਦੀ ਲੋੜ

In ਮੁੱਖ ਲੇਖ
October 25, 2024
ਸਤਨਾਮ ਸਿੰਘ ਮਾਣਕ: ਅੱਜ ਸਿੱਖ ਪੰਥ ਦੀ ਸ਼੍ਰੋਮਣੀ ਜਥੇਬੰਦੀ, ਭਾਵ ਸ਼੍ਰੋਮਣੀ ਅਕਾਲੀ ਦਲ ਸੰਕਟ ਵਿਚ ਫਸਿਆ ਨਜ਼ਰ ਆ ਰਿਹਾ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖ ਗੁਰਧਾਮਾਂ ਦੀ ਆਨ ਤੇ ਸ਼ਾਨ ਨੂੰ ਬਹਾਲ ਕਰਾਉਣ ਅਤੇ ਭਵਿੱਖ ਵਿਚ ਸਿੱਖ ਪੰਥ ਦੇ ਹੱਕਾਂ-ਹਿਤਾਂ ਦੀ ਰਾਖੀ ਕਰਨ ਲਈ ਵੱਖ-ਵੱਖ ਸਿੱਖ ਜਥਿਆਂ ਨੇ 1920 ਵਿਚ ਇਕੱਠੇ ਹੋ ਕੇ ਇਸ ਸੰਗਠਨ ਨੂੰ ਹੋਂਦ ਵਿਚ ਲਿਆਂਦਾ ਸੀ। ਸਿੱਖ ਗੁਰੂਧਾਮਾਂ ਨੂੰ ਅੰਗਰੇਜ਼ਾਂ ਦੇ ਪਿੱਠੂ ਅਤੇ ਭ੍ਰਿਸ਼ਟ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਇਸ ਸੰਗਠਨ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ। ਆਜ਼ਾਦੀ ਤੋਂ ਬਾਅਦ ਵੀ ਪੰਥ ਤੇ ਪੰਜਾਬ ਦੇ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸੰਘਰਸ਼ ਲੜੇ। ਉਸ ਸਮੇਂ ਸਿੱਖ ਇਤਿਹਾਸ ਤੇ ਗੁਰਬਾਣੀ ਹੀ ਇਸ ਲਈ ਪ੍ਰੇਰਨਾ ਦਾ ਸਰੋਤ ਸਨ। ਇਸ ਦੇ ਵਰਕਰ ਹਰ ਸਥਿਤੀ ਵਿਚ ਨਿਰਭੈ ਰਹਿੰਦੇ ਸਨ। ਇਸ ਸੰਦਰਭ ਵਿਚ ਪੰਜਾਬੀ ਸੂਬੇ ਦੇ ਮੋਰਚੇ, ਐਮਰਜੈਂਸੀ ਵਿਰੋਧੀ ਮੋਰਚੇ ਅਤੇ ਧਰਮ ਯੁੱਧ ਮੋਰਚੇ ਦਾ ਵਿਸ਼ੇਸ਼ ਤੌਰ 'ਤੇ ਜਿਕਰ ਕੀਤਾ ਜਾ ਸਕਦਾ ਹੈ। ਇਥੇ ਅਸੀਂ ਸੰਖੇਪ ਵਿਚ ਐਮਰਜੈਂਸੀ ਵਿਰੋਧੀ ਮੋਰਚੇ ਅਤੇ ਧਰਮ ਯੁੱਧ ਮੋਰਚੇ ਦਾ ਹੀ ਜ਼ਿਕਰ ਕਰਨਾ ਚਾਹਾਂਗੇ। 1975 ਵਿਚ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੇ ਖ਼ਿਲਾਫ਼ ਦੇਸ਼ ਭਰ ਵਿਚ ਜੇ ਕਿਸੇ ਸਿਆਸੀ ਸੰਗਠਨ ਨੇ ਨਿਰੰਤਰ 19 ਮਹੀਨੇ ਤੱਕ ਮੋਰਚਾ ਚਲਾਇਆ ਅਤੇ ਜਨਤਾ ਪਾਰਟੀ ਦੇ ਗਠਨ ਵਿਚ ਵੀ ਅਹਿਮ ਰੋਲ ਅਦਾ ਕੀਤਾ, ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਸੀ। ਇਸੇ ਕਰਕੇ ਐਮਰਜੈਂਸੀ ਵਿਰੋਧੀ ਇਸ ਸੰਘਰਸ਼ ਵਿਚੋਂ ਅਕਾਲੀ ਨਾਇਕ ਬਣ ਕੇ ਉੱਭਰੇ ਸਨ। ਸਿੱਖ ਪੰਥ ਤੇ ਪੰਜਾਬ ਦੀਆਂ ਮੰਗਾਂ ਲਈ ਅਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਧਰਮ ਯੁੱਧ ਮੋਰਚਾ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਹੀ 1982 ਵਿਚ ਆਰੰਭ ਕੀਤਾ ਗਿਆ ਸੀ ਅਤੇ ਇਸ ਵਿਚ ਸ਼ਿਰਕਤ ਕਰਦਿਆਂ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ 'ਤੇ ਹੋਰ ਪੰਜਾਬੀਆਂ ਨੇ ਜੇਲ੍ਹਾਂ ਕੱਟੀਆਂ ਸਨ। ਇਹ ਵੱਖਰੀ ਗੱਲ ਹੈ ਕਿ ਸਮੇਂ ਦੀ ਕੇਂਦਰੀ ਸਰਕਾਰ ਵਲੋਂ ਇਸ ਮੋਰਚੇ ਦੀਆਂ ਮੰਗਾਂ ਪ੍ਰਤੀ ਨਾਂਹ ਪੱਖੀ ਰੁਖ਼ ਅਖ਼ਤਿਆਰ ਕਰਦਿਆਂ ਇਸ ਨੂੰ ਲਮਕਣ ਦਿੱਤਾ ਅਤੇ ਇਹ ਬਾਅਦ ਵਿਚ ਇਹ ਹਿੰਸਕ ਰੂਪ ਅਖ਼ਤਿਆਰ ਕਰ ਗਿਆ, ਜਿਸ ਕਾਰਨ ਘਲੂਘਾਰਾ ਜੂਨ 84 ਅਤੇ ਨਵੰਬਰ 84 ਦਾ ਸਿੱਖ ਕਤਲੇਆਮ ਵਰਗੀਆਂ ਦੁਖਦਾਈ ਅਤੇ ਭਿਆਨਕ ਘਟਨਾਵਾਂ ਵੀ ਵਾਪਰੀਆਂ। ਬਿਨਾਂ ਸ਼ੱਕ ਧਰਮ ਯੁੱਧ ਮੋਰਚੇ ਦੌਰਾਨ ਕੁਝ ਗ਼ਲਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਵੀ ਹੋਈਆਂ। ਇਹ ਸਭ ਕੁਝ ਹੁਣ ਇਤਿਹਾਸ ਦਾ ਹਿੱਸਾ ਹੈ। ਪਰ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਥ ਅਤੇ ਪੰਜਾਬ ਦੇ ਹੱਕਾਂ-ਹਿਤਾਂ ਦੀ ਰਾਖੀ ਲਈ, ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਆਪਣੇ ਵਿੱਤ ਤੋਂ ਵੀ ਬਾਹਰ ਜਾ ਕੇ ਵੱਡੀਆਂ ਲੜਾਈਆਂ ਲੜਦਾ ਰਿਹਾ ਹੈ। ਪਰ 1997 ਤੋਂ 2002 ਤੱਕ ਅਤੇ 2007 ਤੋਂ ਲੈ ਕੇ 2017 ਤੱਕ ਜਦੋਂ ਪੰਜਾਬ ਵਿਚ ਅਕਾਲੀ ਦਲ ਨੇ ਭਾਜਪਾ ਨਾਲ ਮਿਲ ਕੇ ਸਰਕਾਰਾਂ ਚਲਾਈਆਂ ਤਾਂ ਉਸ ਸਮੇਂ ਭਾਵੇਂ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਕਈ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੀ ਨਵਉਸਾਰੀ ਸਮੇਤ ਅਨੇਕਾਂ ਵਿਕਾਸ ਦੇ ਕਾਰਜ ਹੋਏ ਪਰ ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲੇ, ਜਿਨ੍ਹਾਂ ਵਿਚ ਚੰਡੀਗੜ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਵਾਉਣਾ, ਦਰਿਆਈ ਪਾਣੀਆਂ ਸੰਬੰਧੀ ਇਨਸਾਫ਼ ਲੈਣਾ ਅਤੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਲਈ ਰੁਜ਼ਗਾਰ ਦੇ ਅਵਸਰ ਸਿਰਜਣ ਲਈ ਰਾਜ ਵਿਚ ਵੱਡੀ ਪੱਧਰ 'ਤੇ ਖੇਤੀ ਆਧਾਰਿਤ ਸਨਅਤਾਂ ਲਗਵਾਉਣਾ ਆਦਿ ਸੰਬੰਧੀ ਅਕਾਲੀ ਦਲ ਦੀ ਉਸ ਸਮੇਂ ਦੀ ਲੀਡਰਸ਼ਿਪ ਕੋਈ ਵੱਡੀਆਂ ਪ੍ਰਾਪਤੀਆਂ ਹਾਸਿਲ ਨਾ ਕਰ ਸਕੀ। ਇਹ ਲੀਡਰਸ਼ਿਪ ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਉੱਭਰੇ ਮਾਫ਼ੀਆ ਨੂੰ ਵੀ ਕੰਟਰੋਲ ਕਰਨ ਵਿਚ ਅਸਫ਼ਲ ਰਹੀ। ਗੈਂਗਸਟਰਵਾਦ ਦਾ ਸਿਲਸਿਲਾ ਵੀ ਉਦੋਂ ਹੀ ਆਰੰਭ ਹੋਇਆ ਸੀ। ਇਸ ਤੋਂ ਵੀ ਅਗਲੀ ਗੱਲ ਇਹ ਕਿ ਜਦੋਂ ਕੇਂਦਰ ਵਿਚ ਭਾਜਪਾ ਦੀਆਂ ਸਰਕਾਰਾਂ ਬਣੀਆਂ ਅਤੇ ਉਨ੍ਹਾਂ ਵਲੋਂ ਘੱਟ ਗਿਣਤੀਆਂ ਦੇ ਵਿਰੁੱਧ ਦਮਨਕਾਰੀ ਨੀਤੀਆਂ ਅਖ਼ਤਿਆਰ ਕੀਤੀਆਂ ਗਈਆਂ, ਦੇਸ਼ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਵੀ ਘੋਰ ਉਲੰਘਣਾ ਹੋਣੀ ਆਰੰਭ ਹੋਈ, ਤਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਨ੍ਹਾਂ ਮੁੱਦਿਆਂ 'ਤੇ ਭਾਜਪਾ ਨੂੰ ਰੋਕਣ ਤੇ ਟੋਕਣ ਦੇ ਮਾਮਲੇ ਵਿਚ ਅਸਫ਼ਲ ਰਹੀ। ਉਹ ਚੁੱਪ ਰਹਿ ਕੇ ਇਕ ਤਰ੍ਹਾਂ ਨਾਲ ਭਾਜਪਾ ਦੀਆਂ ਅਜਿਹੀਆਂ ਨੀਤੀਆਂ ਦਾ ਸਮਰਥਨ ਕਰਦੀ ਰਹੀ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਖੇਤੀ ਦੇ ਖੇਤਰ ਵਿਚ ਕਾਰਪੋਰੇਟਰਾਂ ਨੂੰ ਉਤਾਰਨ ਲਈ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਸੰਬੰਧੀ ਵੀ ਇਹ ਸਮੇਂ ਸਿਰ ਕੋਈ ਫ਼ੈਸਲਾ ਨਾ ਲੈ ਸਕੀ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੇ ਮੁੱਦੇ 'ਤੇ ਵੀ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਕਰ ਸਕੀ। ਇਸ ਸਭ ਕੁਝ ਦੇ ਸਿੱਟੇ ਵਜੋਂ ਹੀ 2017 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਨਿਵਾਣਾ ਵੱਲ ਜਾ ਰਿਹਾ ਹੈ ਅਤੇ ਇਕ ਤੋਂ ਬਾਅਦ ਇਕ ਲਗਾਤਾਰ ਇਸ ਨੇ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੀਆਂ ਕਈ ਚੋਣਾਂ ਹਾਰੀਆਂ ਹਨ। ਇਸੇ ਕਾਰਨ ਹੀ ਇਸ ਦੀ ਹਾਲਤ ਅੱਜ ਪਾਣੀਓਂ ਪਤਲੀ ਹੋਈ ਪਈ ਹੈ। ਇਹ ਸਭ ਕੁਝ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੇ ਅੰਦਰ ਝਾਤੀ ਮਾਰ ਕੇ ਆਪਣੀਆਂ ਗ਼ਲਤੀਆਂ ਨੂੰ ਜਨਤਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਅਕਾਲੀ ਦਲ ਦੀਆਂ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਸੀਨੀਅਰ ਲੀਡਰਸ਼ਿਪ ਨੇ ਆਪਣੇ ਹੱਥੋਂ ਹੋਈਆਂ ਗ਼ਲਤੀਆਂ ਦੀ ਜ਼ਿੰਮੇਵਾਰੀ ਲੈਂਦਿਆਂ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਦਿਖਾਉਂਦਿਆਂ ਖ਼ੁਦ ਪਾਸੇ ਹੋ ਕੇ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਅਵਸਰ ਵੀ ਨਹੀਂ ਦਿੱਤਾ। ਇਸ ਕਾਰਨ ਹੀ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਵ ਸਿੱਖ ਪੰਥ ਅਤੇ ਪੰਜਾਬ ਦੇ ਦੋਵੇਂ ਵੱਡੇ ਸੰਸਥਾਨ ਅਤੇ ਸੰਗਠਨ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਸੰਬੰਧੀ ਕਈ ਮਾਮਲੇ ਸਿੰਘ ਸਾਹਿਬ ਦੇ ਵਿਚਾਰਨ ਲਈ ਅੱਜਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜੇ ਹੋਏ ਹਨ। ਸਵਾਲਾਂ ਦਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਜੋਕੇ ਸੰਕਟ ਵਿਚੋਂ ਕਿਵੇਂ ਉਭਾਰਿਆ ਜਾਵੇ? ਇਸ ਦਾ ਸਪੱਸ਼ਟ ਜਵਾਬ ਇਹ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਾਹੇ ਉਹ ਕਿਸੇ ਵੀ ਧੜੇ ਨਾਲ ਸੰਬੰਧਿਤ ਹੋਣ ਆਪਣੇ ਅੰਦਰ ਝਾਤੀ ਮਾਰਦਿਆਂ ਆਪਣੀਆਂ ਗ਼ਲਤੀਆਂ ਨੂੰ ਖੁੱਲੇਆਮ ਤਸਲੀਮ ਕਰਨ ਅਤੇ ਕੁਰਬਾਨੀ ਤੇ ਤਿਆਗ ਦੀ ਭਾਵਨਾ ਤੋਂ ਕੰਮ ਲੈਂਦਿਆਂ ਆਪਣੇ ਅੰਦਰੋਂ ਅਜਿਹੀ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਅਵਸਰ ਦੇਣ, ਜਿਸ ਨੂੰ ਪੰਥ ਅਤੇ ਪੰਜਾਬ ਦੇ ਲੋਕਾਂ ਦੇ ਵੱਡੇ ਵਰਗਾਂ ਦਾ ਵਿਸ਼ਵਾਸ ਪ੍ਰਾਪਤ ਹੋਵੇ। ਅਜਿਹੀ ਸੰਭਾਵਿਤ ਲੀਡਰਸ਼ਿਪ ਨੂੰ ਜਿਥੇ ਸਿੱਖ ਪੰਥ ਦੇ ਧਾਰਮਿਕ ਸਰੋਕਾਰਾਂ ਲਈ ਡੱਟ ਕੇ ਖੜ੍ਹੇ ਹੋਣਾ ਪਵੇਗਾ, ਉਥੇ ਪੰਜਾਬ ਦੇ ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਹਿੱਤਾਂ ਦੀ ਰਾਖੀ ਵੀ ਕਰਨੀ ਹੋਵੇਗੀ। ਸਰਬੱਤ ਦੇ ਭਲੇ ਦੇ ਸੰਕਲਪ 'ਤੇ ਪਹਿਰਾ ਦਿੰਦਿਆਂ ਦੇਸ਼ ਦੀ ਅਜੋਕੀ ਰਾਜਨੀਤੀ ਵਿਚ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਆਉਣ ਵਾਲੇ ਸਮੇਂ ਵਿਚ ਆਪਣਾ ਇਤਿਹਾਸਕ ਰੋਲ ਅਦਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰਨਾ ਹੋਵੇਗਾ। ਇਹ ਵੀ ਦੇਖਣਾ ਹੋਵੇਗਾ ਕਿ ਰਾਜ ਵਿਚ ਰੁਜ਼ਗਾਰ ਦੇ ਮੌਕੇ ਘਟਣ ਕਾਰਨ ਨਵੀਂ ਪੀੜ੍ਹੀ ਦੇ ਤੇਜ਼ੀ ਨਾਲ ਇਥੋਂ ਵਿਦੇਸ਼ਾਂ ਨੂੰ ਰੁਖ਼ਸਤ ਹੋਣ ਨਾਲ ਜੋ ਪੰਜਾਬ ਨੂੰ ਖੋਰਾ ਲੱਗ ਰਿਹਾ ਹੈ, ਉਸ ਵੱਡੀ ਚੁਣੌਤੀ ਦਾ ਕਿਵੇਂ ਮੁਕਾਬਲਾ ਕਰਨਾ ਹੈ ਅਤੇ ਰਾਜ ਵਿਚ ਖੇਤੀ ਤੋਂ ਇਲਾਵਾ ਖੇਤੀ ਅਧਾਰਿਤ ਸਨਅਤਾਂ ਅਤੇ ਹੋਰ ਕੰਮ ਧੰਦਿਆਂ ਦਾ ਵਿਕਾਸ ਕਰਕੇ ਉਨ੍ਹਾਂ ਲਈ ਇਥੇ ਰੁਜ਼ਗਾਰ ਦੇ ਅਵਸਰ ਕਿਵੇਂ ਸਿਰਜਣੇ ਹਨ। ਪੰਥ ਤੇ ਪੰਜਾਬ ਹਿੱਤਾਂ ਲਈ ਕਰਨ ਵਾਲੇ ਕੰਮ ਤਾਂ ਅਨੇਕਾਂ ਹਨ। ਪਰ ਇਹ ਕੰਮ ਪੰਥ ਤੇ ਪੰਜਾਬ ਲਈ ਕੋਈ ਪ੍ਰਤੀਬੱਧ ਲੀਡਰਸ਼ਿਪ ਹੀ ਪੂਰੇ ਕਰ ਸਕਦੀ ਹੈ। ਹੁਣ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਰੌਸ਼ਨੀ ਵਿਚ ਆਪਣੇ ਸੰਕਟ 'ਤੇ ਕਾਬੂ ਪਾਉਣ ਵਿਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਫ਼ਰੀਦ ਸਾਹਿਬ ਕਹਿੰਦੇ ਹਨ ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥ ਫ਼ਰੀਦ ਸਾਹਿਬ ਇਹ ਵੀ ਕਹਿੰਦੇ ਹਨ ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਰੌਸ਼ਨੀ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਦਾ ਕੋਈ ਠੋਸ ਹੱਲ ਕੱਢਿਆ ਜਾ ਸਕਦਾ ਹੈ।

Loading