ਪਟਿਆਲਾ : ਡੀਏਪੀ ਖਾਦ ਦੀ ਪੂਰਤੀ, ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੰਘਰਸ਼ ਨੂੰ ਅਗਲਾ ਰੂਪ ਦੇਣ ਦੀ ਰਣਨੀਤੀ ਤਹਿਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਭਾਜਪਾ ਆਗੂ ਪਰਨੀਤ ਕੌਰ ਦੀ ਰਿਹਾਇਸ਼ ਮੋਤੀ ਮਹਿਲ ਅੱਗੇ 18 ਦਿਨਾਂ ਤੋਂ ਜਾਰੀ ਧਰਨਾ ਅੱਜ ਸਮਾਪਤ ਕਰ ਦਿੱਤਾ। ਇਹ ਧਰਨਾ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਦੀ ਸਮੱਸਿਆ ਦੇ ਮੱਦੇਨਜ਼ਰ ਲਾਇਆ ਗਿਆ ਸੀ। ਧਰਨੇ ਦੀ ਸਮਾਪਤੀ ਮੌਕੇ ਸੰਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਕੂਮਤਾਂ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਅਗਲੇ ਦਿਨਾਂ ਵਿੱਚ ਵੱਡਾ ਸ਼ੰਘਰਸ਼ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਤਕੀਂ ਕੇਂਦਰ ਅਤੇ ਰਾਜ ਸਰਕਾਰ ਨੇ ਮਿਲ ਕੇ ਕਿਸਾਨਾਂ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕੀਤਾ ਹੈ। ਇਨ੍ਹਾਂ ਦਾ ਇਰਾਦਾ ਤਾਂ ਹੋਰ ਵੀ ਵੱਧ ਖ਼ਤਰਨਾਕ ਸੀ, ਪਰ ਕਿਸਾਨਾਂ ਵੱਲੋਂ ਸੜਕਾਂ ’ਤੇ ਬੈਠਣ, ਖਾਸ ਕਰਕੇ ਭਾਜਪਾ ਅਤੇ ‘ਆਪ’ ਆਗੂਆਂ ਦੇ ਘਰਾਂ ਦੇ ਘਿਰਾਓ ਕਰਨ ਕਰਕੇ ਇਨ੍ਹਾਂ ਹਕੂਮਤਾਂ ਨੂੰ ਝੁਕਣਾ ਪਿਆ ਹੈ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਖੇਤੀ ਖੇਤਰ ਨੂੰ ਦੇਸ਼ੀ ਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪਣ ਲਈ ਸਾਰੀਆਂ ਹੀ ਪਾਰਟੀਆਂ ਆਪਣੀ ਹਿੱਸੇਦਾਰੀ ਪਾ ਰਹੀਆਂ ਹਨ। ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਦੇ ਇਸ਼ਾਰੇ ’ਤੇ ਭਾਰਤੀ ਹਾਕਮ ਅਤੇ ਸੂਬਾ ਸਰਕਾਰਾਂ ਕਿਸਾਨਾਂ ਲਈ ਵੱਡਾ ਖੇਤੀ ਸੰਕਟ ਘੜ ਰਹੀਆਂ ਹਨ। ਮੰਡੀਆਂ ਵਿੱਚ ਨਮੀ ਦੇ ਪੈਮਾਨੇ ਦੇ ਨਾਂ ’ਤੇ ਵੱਡੀਆਂ ਕਾਟਾਂ ਲਾ ਕੇ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਧਰਨੇ ਦੇ ਮੋਢੀ ਰਹੇ ਜਥੇਬੰਦਕ ਸਕੱਤਰ ਬਲਰਾਜ ਜੋਸ਼ੀ ਨੇ ਕਿਹਾ ਕਿ ਕਿਸਾਨਾਂ ਨੇ 18 ਦਿਨ ਮੋਤੀ ਮਹਿਲ ਅੱਗੇ ਹੀ ਦਿਨ-ਰਾਤ ਡੇਰੇ ਲਾ ਕੇ ਰੱਖੇ।