
ਮੁੰਬਈ, 5 ਨਵੰਬਰ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਹਾਲ ਹੀ ਵਿਚ ਉਸਨੂੰ ਇੱਕ ਹੋਰ ਧਮਕੀ ਮਿਲੀ ਹੈ। ਜਾਣਕਾਰੀ ਦਿੰਦਿਆਂ ਇੱਕ ਪੁਲੀਸ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਅਦਾਕਾਰ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਧਮਕੀ ਦਾ ਸੰਦੇਸ਼ ਮੁੰਬਈ ਟ੍ਰੈਫਿਕ ਪੁਲੀਸ ਹੈਲਪਲਾਈਨ ’ਤੇ ਮਿਲਿਆ ਅਤੇ ਇਕ ਅਧਿਕਾਰੀ ਨੇ ਅੱਧੀ ਰਾਤ ਨੂੰ ਇਸ ਨੂੰ ਪੜ੍ਹਿਆ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੰਦੇਸ਼ ਭੇਜਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ। ਸੰਦੇਸ਼ ਵਿਚ ਲਿਖਿਆ ਹੈ ਕਿ “ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਸਾਡੇ (ਬਿਸ਼ਨੋਈ ਭਾਈਚਾਰੇ) ਦੇ ਮੰਦਰ ਵਿਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ ਜਾਂ 5 ਕਰੋੜ ਰੁਪਏ ਅਦਾ ਕਰਨੇ ਚਾਹੀਦੇ ਹਨ। ਜੇ ਉਹ ਅਜਿਹਾ ਨਹੀਂ ਕਰਦਾ, ਤਾਂ ਅਸੀਂ ਉਸਨੂੰ ਮਾਰ ਦੇਵਾਂਗੇ; ਸਾਡਾ ਗੈਂਗ ਅਜੇ ਵੀ ਸਰਗਰਮ ਹੈ।” ਪੁਲੀਸ ਧਮਕੀ ਵਾਲੇ ਸੰਦੇਸ਼ ਦੇ ਮੂਲ ਦੀ ਜਾਂਚ ਕਰ ਰਹੀ ਹੈ ਅਤੇ ਸਲਮਾਨ ਖਾਨ ਲਈ ਸੁਰੱਖਿਆ ਉਪਾਅ ਵਧਾ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਸੰਦੇਸ਼ ਲਾਰੇਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ।