ਮਾਸਕੋ, 12 ਨਵੰਬਰ:
ਰੂਸ ਨੇ ਸੋਮਵਾਰ ਨੂੰ ਅਮਰੀਕੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦਾ ਜ਼ੋਰਦਾਰ ਖੰਡਨ ਕੀਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪਿਛਲੇ ਹਫ਼ਤੇ ਹੋਈ ਟਰੰਪ ਦੀ ਜਿੱਤ ਤੋਂ ਬਾਅਦ ਫੋਨ ‘ਤੇ ਗੱਲਬਾਤ ਕੀਤੀ ਹੈ। ਕ੍ਰੈਮਲਿਨ ਦੇ ਤਰਜਮਾਨ ਦਮਿਤਰੀ ਪੇਸਕੋਵ (Kremlin spokesman Dmitry Peskov) ਨੇ ਮਾਸਕੋ ਵਿੱਚ ਆਪਣੀ ਰੋਜ਼ਾਨਾ ਮੀਡੀਆ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਨੂੰ ਕਿਹਾ, ‘‘ਕੋਈ ਗੱਲਬਾਤ ਨਹੀਂ ਹੋਈ… ਇਹ ਪੂਰੀ ਤਰ੍ਹਾਂ ਝੂਠ ਹੈ, ਕੋਰੀ ਕਲਪਨਾ ਹੈ।”
ਰੂਸੀ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਨੇ ਉਨ੍ਹਾਂ ਅਮਰੀਕੀ ਮੀਡੀਆ ਪ੍ਰਕਾਸ਼ਨਾਵਾਂ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉਠਾਏ ਹਨ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਦਿਨ ਵਿਚ ਦੋਵਾਂ ਆਗੂਆਂ ਦਰਮਿਆਨ ਕਥਿਤ ਗੱਲਬਾਤ ਦੀਆਂ ਰਿਪੋਰਟਾਂ ਨਸ਼ਰ ਕੀਤੀਆਂ ਸਨ। ਰੂਸੀ ਖ਼ਬਰ ਏਜੰਸੀ ਤਾਸ ਨੇ ਪੇਸਕੋਵ ਦੇ ਹਵਾਲੇ ਨਾਲ ਕਿਹਾ, ‘‘ਇਹ ਸਾਰਾ ਕੁਝ ਉਸ ਸੂਚਨਾ ਦੀ ਗੁਣਵੱਤਾ ਦੀ ਸਭ ਤੋਂ ਉੱਘੜਵੀਂ ਮਿਸਾਲ ਹੈ, ਜਿਹੜੀ ਅੱਜ-ਕੱਲ੍ਹ ਨਸ਼ਰ ਕੀਤੀ ਜਾ ਰਹੀ ਹੈ ਅਤੇ ਕਈ ਵਾਰ ਤਾਂ ਅਜਿਹਾ ਮੁਕਾਬਲਤਨ ਕਾਫ਼ੀ ਸਤਿਕਾਰਤ ਮੀਡੀਆ ਅਦਾਰਿਆਂ ਵੱਲੋਂ ਵੀ ਕੀਤਾ ਜਾਂਦਾ ਹੈ।’’
ਗ਼ੌਰਤਲਬ ਹੈ ਕਿ ਇੱਕ ਪ੍ਰਮੁੱਖ ਅਮਰੀਕੀ ਮੀਡੀਆ ਅਖ਼ਬਾਰ ਨੇ ਐਤਵਾਰ ਦੇਰ ਰਾਤ ਰਿਪੋਰਟ ਦਿੱਤੀ ਕਿ ਟਰੰਪ ਨੇ ਫਲੋਰਿਡਾ ਸਥਿਤ ਆਪਣੇ ਅਸਟੇਟ ਤੋਂ ਪੂਤਿਨ ਨੂੰ ਕਾਲ ਕੀਤੀ ਸੀ, ਜਿਹੜੀ ਅਮਰੀਕੀ ਰਾਸ਼ਟਰਪਤੀ ਚੋਣ (US Presidencial Elections) ਵਿਚ ਜਿੱਤ ਤੋਂ ਬਾਅਦ ਉਨ੍ਹਾਂ ਵੱਲੋਂ ਰੂਸੀ ਆਗੂ ਨੂੰ ਕੀਤੀ ਗਈ ਪਹਿਲੀ ਕਾਲ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਪੂਤਿਨ ਨੂੰ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਅੱਗੇ ਵਧਾਉਣ ਤੋਂ ਵਰਜਿਆ ਸੀ। ਇਸ ਵਿਚ ਇਹ ਵੀ ਕਿਹਾ ਗਿਆ ਕਿ ਗੱਲਬਾਤ ਦੌਰਾਨ ਟਰੰਪ ਨੇ ਤਣਾਅ ਘਟਾਉਣ ਅਤੇ ਫਰਵਰੀ 2022 ਵਿਚ ਸ਼ੁਰੂ ਹੋਈ ਇਸ ਜੰਗ ਨੂੰ ਸੁਲਝਾਉਣ ਲਈ ਮਾਸਕੋ ਨਾਲ ਹੋਰ ਗੱਲਬਾਤ ਕਰਨ ਵਿਚ ਵੀ ਦਿਲਚਸਪੀ ਦਿਖਾਈ।
![]()
