ਭਾਰਤ ਵੱਲੋਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਪਰਖ

In ਮੁੱਖ ਖ਼ਬਰਾਂ
November 18, 2024
ਨਵੀਂ ਦਿੱਲੀ, 18 ਨਵੰਬਰ: ਭਾਰਤ ਨੇ ਆਪਣੀ ਫੌਜ ਤਾਕਤ ਨੂੰ ਵਧਾਉਂਦਿਆਂ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦੀ ਪਰਖ ਕੀਤੀ ਹੈ, ਜੋ ਸਫ਼ਲ ਰਹੀ ਹੈ। ਇਸ ਨਾਲ ਭਾਰਤ ਉਨ੍ਹਾਂ ਚੋਣਵੇਂ ਮੁਲਕਾਂ ਦੇ ਗਰੁੱਪ ’ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਤੇਜ਼ ਰਫ਼ਤਾਰ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਤੋਂ ਬਚਦਿਆਂ ਮਾਰ ਕਰਨ ਦੀ ਸਮਰੱਥਾ ਵਾਲਾ ਹਥਿਆਰ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਮੁਤਾਬਕ ਹਾਈਪਰਸੋਨਿਕ ਮਿਜ਼ਾਈਲ ਦੀ ਪਰਖ ਸ਼ਨਿਚਰਵਾਰ ਨੂੰ ਉੜੀਸਾ ਦੇ ਤੱਟ ਤੋਂ ਦੂਰ ਡਾ. ਏਪੀਜੇ ਅਬਦੁਲ ਕਲਾਮ ਟਾਪੂ ਤੋਂ ਕੀਤੀ ਗਈ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਰੱਖਿਆ ਅਤੇ ਖੋਜ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਤ ਮਿਜ਼ਾਈਲ ਨੂੰ 1,500 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਵੱਖ-ਵੱਖ ਪੇਅਲੋਡ ਲਿਜਾਣ ਦੇ ਸਮਰੱਥ ਬਣਾਇਆ ਗਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੇ ਪਹਿਲੇ ਲੰਬੀ ਦੂਰੀ ਵਾਲੇ ਹਾਈਪਰਸੋਨਿਕ ਮਿਸ਼ਨ ਤਹਿਤ ਸ਼ਨਿਚਰਵਾਰ ਨੂੰ ਕੀਤੇ ਗਏ ਮਿਜ਼ਾਈਲ ਪ੍ਰੀਖਣ ਨੂੰ ‘ਸ਼ਾਨਦਾਰ’ ਉਪਲੱਬਧੀ ਅਤੇ ‘ਇਤਿਹਾਸਕ ਪਲ’ ਕਰਾਰ ਦਿੱਤਾ। ਰੱਖਿਆ ਮੰਤਰੀ ਨੇ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਭਾਰਤ ਨੇ ਉੜੀਸਾ ਦੇ ਤੱਟ ’ਤੇ ਡਾ. ਏਪੀਜੀ ਅਬਦੁਲ ਕਲਾਮ ਟਾਪੂ ਤੋਂ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦੀ ਸਫ਼ਲ ਪਰਖ ਨਾਲ ਇਕ ਵੱਡੀ ਪ੍ਰਾਪਤੀ ਕੀਤੀ ਹੈ।’’ ਉਨ੍ਹਾਂ ਕਿਹਾ, ‘‘ਇਹ ਇੱਕ ਇਤਿਹਾਸਕ ਪਲ ਹੈ ਅਤੇ ਇਸ ਅਹਿਮ ਪ੍ਰਾਪਤੀ ਨਾਲ ਸਾਡਾ ਦੇਸ਼ ਉਨ੍ਹਾਂ ਚੋਣਵੇਂ ਦੇਸ਼ਾਂ ’ਚ ਸ਼ੁਮਾਰ ਹੋ ਗਿਆ ਹੈ ਜਿਨ੍ਹਾਂ ਕੋਲ ਅਜਿਹੀ ਅਹਿਮ ਅਤੇ ਆਧੁਨਿਕ ਸੈਨਿਕ ਤਕਨਾਲੋਜੀ ਹੈ।’’

Loading