ਚੰਗੇਰੇ ਜੀਵਨ ਜੁਗਤ ਦੇ ਲਈ ਗਿਆਨ ਸਿਲੇਬਸ ਦੀ ਲੋੜ

In ਮੁੱਖ ਲੇਖ
November 23, 2024
ਡਾਕਟਰ ਇੰਦਰਜੀਤ ਸਿੰਘ ਗੋਗੋਆਣੀ: ਇਸ ਦਿ੍ਸ਼ਟਮਾਨ ਸੰਸਾਰ ਵਿਚ ਹਰ ਇਨਸਾਨ ਚੰਗਾ ਜੀਵਨ ਜਿਊਣ ਦੀ ਆਸ ਤੇ ਖਾਹਿਸ਼ ਰੱਖਦਾ ਹੈ । ਜੀਵਨ ਜਿਊਣਾ ਤੇ ਜੂਨ ਹੰਢਾਉਣਾ ਦੋ ਵਾਕ ਬਹੁਤ ਵੱਡੇ ਭਾਵ ਅਰਥਾਂ ਦੇ ਲਿਖਾਇਕ ਹਨ । ਜਿਨ੍ਹਾਂ ਨੇ ਜਗਦੇ ਹੋਏ ਦੀਪਕ ਦੀ ਤਰ੍ਹਾਂ ਰੌਸ਼ਨਮਈ ਹੋ ਕੇ ਜੀਵਨ ਜੀਵਿਆ ਉਹ ਸਮਾਜ ਲਈ ਰਾਹ ਦਸੇਰੇ ਬਣੇ ਅਤੇ ਜੋ ਬੁਝੇ ਹੋਏ ਦੀਵੇ ਦੀ ਤਰ੍ਹਾਂ ਹਨੇਰਿਆਂ ਵਿਚ ਸਮਾਂ ਪੂਰਾ ਕਰ ਗਏ, ਉਨ੍ਹਾਂ ਦੀ ਕੋਈ ਸਾਰ ਨਹੀਂ ਜਾਣਦਾ ।ਚੰਗੀ ਜੀਵਨ ਜੁਗਤ ਤੇ ਮਾਨਵਤਾ ਦੇ ਭਲੇ ਲਈ ਸਾਡੇ ਪੁਰਖਿਆਂ ਨੇ ਗਿਆਨ ਰਿੜਕਦਿਆਂ ਨੀਤੀ ਬਚਨ ਰਚੇ, ਜਿਨ੍ਹਾਂ ਵਿਚ ਇਕ ਵੱਡਾ ਸੁਨੇਹਾ ਤੇ ਮਹਾਨ ਸਿੱਖਿਆ ਹੈ ।ਇਹ ਸਮੂਹ ਮਾਨਵਤਾ ਲਈ ਚੇਤੰਨਤਾ ਦਾ ਮੰਤਰ ਹਨ ।ਪਹਿਲਾ ਸਬਕ ਮਾਤਾ ਪਿਤਾ ਲਈ ਹੈ ਕਿ ਉਹ ਮਾਪੇ ਵੀ ਆਪਣੇ ਬੱਚਿਆਂ ਦੇ ਦੁਸ਼ਮਣ ਹਨ, ਜੋ ਆਪਣੀ ਸੰਤਾਨ ਨੂੰ ਵਿੱਦਿਆ ਨਹੀਂ ਪੜ੍ਹਾਉਂਦੇ । ਇਸ ਸਮਾਜ ਵਿਚ ਵਿੱਦਿਆ ਤੋਂ ਵਿਹੂਣਾ ਬੱਚਾ ਫਿਰ ਇਸ ਤਰ੍ਹਾਂ ਹੋਵੇਗਾ ਜਿਵੇਂ ਗਿਆਨਵਾਨ ਮੋਤੀ ਚੁਗਣ ਵਾਲੇ ਹੰਸਾਂ ਦੀ ਸਭਾ ਵਿਚ ਗਿਆਨਹੀਣ ਬਗਲਾ ਹੋਵੇ । ਹੁਣ ਦੋਵਾਂ ਦੇ ਬਾਹਰੀ ਰੂਪ ਭਾਵੇਂ ਇਕੋ ਜਿਹੇ ਜਾਪਣ, ਪਰ ਹੰਸਾਂ ਦੀ ਖੁਰਾਕ ਮੋਤੀ ਤੇ ਮਾਨਸਰੋਵਰਾਂ 'ਤੇ ਵਾਸਾ ਹੈ ਅਤੇ ਦੂਜੇ ਪਾਸੇ ਬਗਲੇ ਦੀ ਖੁਰਾਕ ਡੱਡੀਆਂ ਮੱਛੀਆਂ ਅਤੇ ਟਿਕਾਣਾ ਮਲੀਨ ਛੱਪੜਾਂ ਟੋਭਿਆ 'ਤੇ ਹੈ ਸ਼ਦੋਵਾਂ ਦੀ ਤੁਲਨਾ ਵਿੱਦਿਆ ਤੇ ਅਵਿੱਦਿਆ ਨਾਲ ਕੀਤੀ ਗਈ ਹੈ । ਮਾਤ ਪਿਤਾ ਸੋ ਸ਼ਤ੍ਰ ਹੈ, ਪੁੱਤ੍ਰ ਪਢਾਵਤ ਨਾਹਿ¨ ਸੋਭ ਨ ਪਾਵਤ ਸਭਾ ਮਹਿ, ਜਿਉ ਬਗ ਹੰਸਨ ਮਾਹਿ¨ ਦੂਜਾ ਸਬਕ ਵਿਦਿਆਰਥੀਆਂ ਲਈ ਜਾਂ ਆਮ ਇਨਸਾਨ ਨੂੰ ਸੰਬੋਧਿਤ ਹੈ ਕਿ ਜਦ ਤੱਕ ਸਰੀਰ ਵਿਚ ਪ੍ਰਾਣ ਚੱਲਦੇ ਹਨ, ਤਦ ਤੱਕ ਵਿੱਦਿਆ ਜਾਂ ਗਿਆਨ ਪ੍ਰਾਪਤੀ ਦੀ ਲੋਚਾ ਤੇ ਲਟਕ ਰੱਖਣੀ ਹੈ । ਸੰਸਾਰੀ ਵਿੱਦਿਆ ਤੋਂ ਲੈ ਕੇ ਚੰਗੀਆਂ ਪੁਸਤਕਾਂ, ਉੱਤਮ ਸਾਹਿਤ ਆਦਿ ਪੜ੍ਹਦੇ ਰਹੋ ਤਾਂ ਕਿ ਗੁਣਾਂ ਤੇ ਲਿਆਕਤ ਦੀ ਪੂੰਜੀ ਇਕੱਠੀ ਹੋ ਜਾਵੇ । ਇਥੋਂ ਜੀਵਨ ਜਿਊਣ ਦੀ ਚੰਗੀ ਸੇਧ ਵੀ ਮਿਲਦੀ ਹੈ ਅਤੇ ਇਹ ਉੱਤਮ ਇਸ਼ਕ ਤੇ ਭਲਾ ਰੁਝਾਨ ਹੈ | ਗਿਆਨਵਾਨ ਇਨਸਾਨ ਐਸੇ ਸੁਭਾਅ ਤੇ ਬਿਰਤੀ ਦਾ ਹੋ ਜਾਂਦਾ ਹੈ ਕਿ ਸੰਸਾਰੀ ਤਲ 'ਤੇ ਇਕ ਧਨੀ ਮਨੁੱਖ ਵੀ ਉਹਦੀ ਰੀਸ ਨਹੀਂ ਕਰ ਸਕਦਾ । ਨਿੱਤ-ਨਿੱਤ ਨਵਾਂ ਜਾਣਨਾ ਆਪਣੇ ਵਿਚਾਰਾਂ ਦੀ ਪੂੰਜੀ ਨਾਲ ਧਨਵਾਨ ਤੇ ਖੁਸ਼ਹਾਲ ਹੋਣਾ ਹੈ । ਤਬ ਲਗ ਵਿਦਯਾ ਕੋ ਪੜ੍ਹੋ, ਜਬ ਲਗ ਘਟ ਮਹਿਪ੍ਰਾਨ¨ ਜਹਿ ਧਨੀ ਪਹੁੰਚੇ ਨਹੀ, ਤਹਿ ਪਹੁੰਚੇ ਵਿਦਯਾਵਾਨ¨ ਤੀਜਾ ਸਬਕ ਸਮਾਜ ਵਿਚ ਵਿਚਰਦਿਆਂ ਦੋਸਤ ਮਿੱਤਰ ਕਿਸ ਪ੍ਰਕਾਰ ਦੇ ਹੋਣੇ ਚਾਹੀਦੇ ਹਨ ।ਕਈ ਵਾਰ ਬੁਰੀ ਸੰਗਤ ਦੀ ਰੰਗਤ ਨਾਲ ਹੋਣਹਾਰ ਸੋਚ ਵੀ ਗ੍ਰਹਿਣੀ ਜਾਂਦੀ ਹੈ ਜਾਂ ਕਹਿ ਲਉ ਕਿ ਉੱਚੀਆਂ ਉਡਾਣਾਂ ਭਰਨ ਵਾਲੇ ਵੀ ਨੀਵਾਣਾਂ ਵਿਚ ਰਿੜ੍ਹ ਜਾਂਦੇ ਹਨ । ਇਸ ਦੇ ਵਿਪਰੀਤ ਚੰਗੀ ਸੰਗਤ ਇਨਸਾਨ ਨੂੰ ਬੁਲੰਦੀਆਂ ਉੱਪਰ ਪਹੁੰਚਾ ਦਿੰਦੀ ਹੈ । ਹੁਣ ਇਹ ਚੋਣ ਕਰਦਿਆਂ ਜਾਗਿ੍ਤੀ ਤੇ ਚੇਤੰਨਤਾ ਵੀ ਜ਼ਰੂਰੀ ਹੈ | ਇਸ ਪੱਖੋਂ ਸੁਚੇਤ ਕਰਦਿਆਂ ਨੀਤੀ ਕਥਾ 'ਚ ਲਿਖਿਆ ਹੈ ਕਿ ਹਜ਼ਾਰਾਂ ਮੂਰਖ (ਸਹਸ ਮੂਢ) ਮਿੱਤਰਾਂ ਨਾਲੋਂ ਸਿਆਣਾ (ਚਤੁਰ) ਮਿੱਤਰ ਇਕ ਹੀ ਭਲਾ ਹੈ ਕਿਉਂਕਿ ਉਸ ਪਾਸ ਗੁਣ ਹੀ ਗੁਣ ਹਨ ਅਤੇ ਦੂਜੇ ਪਾਸੇ ਔਗੁਣਾਂ ਦੀ ਭਰਮਾਰ ਹੈ । ਬੁਧਿਵਾਨ ਮੇ ਗੁਣ ਘਨੇ, ਸਠ ਮੇ ਔਗੁਣ ਅਨੇਕ¨ ਸਹਸ ਮੂਢ ਕੋ ਛਾਡੀਐ, ਚਤੁਰ ਰਾਖੀਐ ਏਕ¨ ਚੌਥਾ ਸਬਕ ਜਦ ਕਿਸੇ ਖ਼ਾਨਦਾਨ ਵਿਚ ਉੱਚ ਵਿਦਿਆ ਪਾ ਕੇ ਕੋਈ ਸ਼ਖ਼ਸ ਉੱਚ ਮਰਤਬੇ 'ਤੇ ਪਹੁੰਚਦਾ ਹੈ ਤਾਂ ਉਸ ਦੀ ਬੰਸ ਮਾਣ ਮਹਿਸੂਸ ਕਰਦੀ ਹੈ ਅਤੇ ਫਿਰ ਉਨ੍ਹਾਂ ਕੁਲਾਂ ਵਿਚ ਅੱਗੇ ਹੋਰ ਵਿਕਾਸ ਹੁੰਦਾ ਹੈ ।ਇਸ ਨੂੰ ਇਉਂ ਜਾਣੀਏ ਕਿ ਜਿਵੇਂ ਕੋਈ ਸੁਗੰਧੀ ਵਾਲਾ ਬਿ੍ਛ ਹੋਵੇ ਤਾਂ ਉਹ ਸਮੁੱਚੇ ਜੰਗਲ ਜਾਂ ਬਾਗ ਨੂੰ ਸੁਗੰਧੀ ਭਰਪੂਰ ਕਰ ਦਿੰਦਾ ਹੈ । ਇਸੇ ਤਰ੍ਹਾਂ ਹੀ ਪਰਿਵਾਰਾਂ ਵਿਚ ਗਿਆਨਵਾਨ ਜਾਂ ਸਮਾਜ ਲਈ ਕੁਝ ਕਰਨ ਵਾਲਾ ਪੁਰਖ ਕੁਲ ਦਾ ਨਾਂਅ ਰੁਸ਼ਨਾਉਂਦਾ ਹੈ । ਜਿਉਂ ਸੁਗੰਧਿ ਪੁਸ਼ਪੀ ਬਿ੍ਛ, ਸਭ ਬਨ ਕਰੈ ਸੁਗੰਧਿ¨ ਤਿਉਂ ਸੰਤਾਨ ਤੇ ਹੋਤ ਹੈ, ਆਨੰਦਿਤ ਕੁਲ ਬੰਧਿ¨ ਪੰਜਵਾਂ ਸਬਕ ਕਿ ਜਿਸ ਇਨਸਾਨ ਦੀ ਉਪਰੋਕਤ ਵਿਚਾਰਾਂ ਅਨੁਸਾਰ ਜੀਵਨ ਘਾੜਤ ਤੇ ਚੰਗੀ ਜੀਵਨ ਜੁਗਤ ਹੈ, ਉਹ ਹੀ ਚੰਗੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਉਂਦਾ ਹੈ ।ਵਰਤਮਾਨ ਸਮੇਂ ਵਿਚ ਅਸੀਂ ਭਲੇ ਪੁਰਖਾਂ ਦੀਆਂ ਖੋਜਾਂ ਸਦਕਾ ਹੀ ਜੀਵਨ ਦੇ ਸੁਖ ਮਾਣ ਰਹੇ ਹਾਂ ।ਇਸੇ ਤਰ੍ਹਾਂ ਦੀਰਘ ਅਧਿਐਨ ਤੇ ਮਾਨਵ ਪੱਖੀ ਖੋਜ ਸਮੂਹ ਮਾਨਵਤਾ ਦਾ ਭਲਾ ਕਰਦੀ ਹੈ | ਭਲਾ ਉਹੀ ਕਰੇਗਾ ਜਿਸ ਪਾਸ ਭਲਿਆਈ ਦਾ ਸਬਕ ਹੋਵੇਗਾ ।ਅਜਿਹੇ ਇਨਸਾਨ ਇਸ ਤਰ੍ਹਾਂ ਹੁੰਦੇ ਹਨ ਜਿਵੇਂ ਕੋਈ ਬਿਰਖ ਅਤਿ ਗਰਮੀ ਵਿਚ ਆਪਣੇ ਸਿਰ ਉਪਰ ਧੁੱਪ ਸਹਿੰਦਾ ਹੈ ਤੇ ਆਪ ਤਪਸ਼ ਸਹਿ ਕੇ ਪਾਸ ਆਉਣ ਵਾਲਿਆਂ ਨੂੰ ਠੰਢੀ ਛਾਂ ਦਿੰਦਾ ਹੈ ।ਇਸੇ ਪ੍ਰਕਾਰ ਭਲੇ ਪੁਰਖ ਆਪ ਸੰਘਰਸ਼ ਕਰਕੇ ਹੋਰਨਾਂ ਨੂੰ ਵੀ ਸੁਖ ਪ੍ਰਦਾਨ ਕਰਦੇ ਹਨ । ਅਪਨੇ ਸਿਰ ਪਰ ਧੂਪ ਸਹਿ, ਬਿ੍ਖ ਔਰ ਸੁਖ ਦੇਤ¨ ਤਿਉ ਤਨ ਪਰ ਦੁਖ ਕੋਟ ਲੈ, ਸੁਜਨ ਔਰ ਸੁਖ ਹੇਤ¨

Loading