
ਸ਼ੰਭੂ, 6 ਦਸੰਬਰ:
ਇੱਥੇ ਕਿਸਾਨਾਂ ਨੇ ਦਿੱਲੀ ਮੋਰਚੇ ਲਈ ਚਾਲੇ ਪਾ ਦਿੱਤੇ ਹਨ। ਕਿਸਾਨਾਂ ਨੇ ਸਰਹੱਦ ’ਤੇ ਦੋ ਬੈਰੀਕੇਡ ਹੇਠਾਂ ਸੁੱਟ ਦਿੱਤੇ ਤੇ ਤਾਂਰਾਂ ਪੱਟ ਦਿੱਤੀਆਂ ਹਨ ਤੇ ਉਹ ਅੱਗੇ ਵੱਧ ਰਹੇ ਹਨ ਪਰ ਉਨ੍ਹਾਂ ਨੂੰ ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਨੇ ਰੋਕ ਲਿਆ ਹੈ। ਇਸ ਮੌਕੇ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਾਂ ਵਧਣ ਦੀ ਚੁਣੌਤੀ ਦਿੱਤੀ ਹੈ ਤੇ ਇਸ ਦੌਰਾਨ ਕਿਸਾਨ ਤੇ ਪੁਲੀਸ ਆਹਮਣੇ ਸਾਹਮਣੇ ਆ ਗਏ ਹਨ। ਇਥੇ ਹਰਿਆਣਾ ਪੁਲੀਸ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਤੇ ਕਿਸਾਨਾਂ ਦੇ ਰੋਸ ਤੇ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ।
ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਤੇ ਕਿਸਾਨਾਂ ਨੇ ਬੈਰੀਕੇਡਿੰਗ ਦੀ ਪਹਿਲੀ ਪਰਤ ਵਜੋਂ ਲੱਗੀਆਂ ਤਾਰਾਂ ਪੁੱਟ ਕੇ ਘੱਗਰ ਵਿੱਚ ਸੁੱਟ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਅੰਬਾਲਾ ਜ਼ਿਲ੍ਹੇ ਵਿਚ ਧਾਰਾ 163 ਲਾਗੂ ਹੈ।ਐਂਬੂਲੈਂਸ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਹਸਪਤਾਲ ਵਿਚ ਵਾਰਡ ਬਣਾ ਦਿੱਤੇ ਗਏ ਹਨ। ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।ਕੁਝ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਪੁਲੀਸ ਵੱਲੋਂ ਵੱਡੀ ਗਿਣਤੀ ਵਿਚ ਪੁਲੀਸ ਵਾਹਨ ਅਤੇ ਰੋਡਵੇਜ਼ ਦੀਆਂ ਬੱਸਾਂ ਬਾਰਡਰ ’ਤੇ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਸੌ ਕਿਸਾਨਾਂ ਦੇ ਪਹਿਲੇ ਮਰਜੀਵੜਾ ਜਥਾ ਨੇ ਦਿੱਲੀ ਵੱਲ ਮਾਰਚ ਸ਼ੁਰੂ ਕੀਤਾ। ਇਸ ਦੌਰਾਨ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਦੀਆਂ ਹੱਦਾਂ ’ਤੇ ਕਿਸਾਨਾਂ ਦੇ ਮਾਰਚ ਤੋਂ ਪਹਿਲਾਂ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲੈਣ ਲਈ ਰੋਸ ਮਾਰਚ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਕਿਸਾਨਾਂ ਵੱਲੋਂ 10 ਮਹੀਨਿਆਂ ਦੇ ਬਾਅਦ ਹਰਿਆਣਾ ਵਾਲੇ ਪਾਸੇ ਦਾਖ਼ਲ ਹੋਣ ਦੀ ਇਹ ਤੀਜੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨਾਂ ਦਾ ਧਰਨਾ 13 ਫਰਵਰੀ ਨੂੰ ਸ਼ੁਰੂ ਹੋਇਆ ਸੀ।