ਹਿਮਾਚਲ: ਸ਼ਿਮਲਾ ਵਿੱਚ ਮੌਸਮ ਦੀ ਪਹਿਲੀ ਬਰਫਬਾਰੀ

In ਮੁੱਖ ਖ਼ਬਰਾਂ
December 09, 2024
ਸ਼ਿਮਲਾ, 9 ਦਸੰਬਰ: ਸ਼ਿਮਲਾ ਅਤੇ ਨਾਲ ਲੱਗਦੇ ਸੈਲਾਨੀ ਸਥਾਨਾਂ ਕੁਫਰੀ ਅਤੇ ਫਾਗੂ ਆਦਿ ’ਚ ਅੱਜ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਜਦਕਿ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਦੇ ਉਪਰਲੇ ਇਲਾਕਿਆਂ ’ਚ ਰੁਕ-ਰੁਕ ਕੇ ਹੁੰਦੀ ਰਹੀ ਬਰਫ਼ਬਾਰੀ ਕਾਰਨ ਨਾਲ ਲੱਗਦੀਆਂ ਘਾਟੀਆਂ ’ਚ ਠੰਢ ਵਧ ਗਈ ਹੈ। ਲਾਹੌਲ ’ਚ ਬਰਫ ਦੀ ਹਲਕੀ ਪਰਤ ਵਿਛੀ ਹੋਈ ਹੈ, ਜਿਸ ਕਾਰਨ ਆਵਾਜਾਈ ’ਚ ਵਿਘਨ ਪੈ ਰਿਹਾ ਹੈ ਕਿਉਂਕਿ ਸੜਕਾਂ ’ਤੇ ਤਿਲਕਣ ਹੋਣ ਨਾਲ ਆਉਣ ਜਾਣ ’ਚ ਮੁਸ਼ਕਲ ਪੈਦਾ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਉੱਚੇ ਪਹਾੜੀ ਦੱਰਿਆਂ ਅਤੇ ਹੋਰ ਉਪਰਲੇ ਕਬਾਇਲੀ ਇਲਾਕਿਆਂ ’ਚ ਵੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਮਗਰੋਂ ਸੂਬੇ ’ਚ ਤਾਪਮਾਨ ’ਚ ਵੀ ਗਿਰਾਵਟ ਆਈ ਹੈ। ਅੱਜ ਟਾਬੋ ’ਚ ਮਨਫ਼ੀ 13.1 ਡਿਗਰੀ ਸੈਲਸੀਅਸ, ਕੁੁਕੂਮਸੇਰੀ ’ਚ ਮਨਫ਼ੀ 6.9 ਡਿਗਰੀ, ਕਲਪਾ ’ਚ ਮਨਫ਼ੀ 3.3 ਡਿਗਰੀ, ਰੈਕੌਂਗ ਪੀਓ ’ਚ ਮਨਫ਼ੀ 1 ਡਿਗਰੀ ਜਦਕਿ ਨਾਰਕੰਡਾ ਦਾ ਤਾਪਮਾਨ ਮਨਫ਼ੀ 0.8 ਡਿਗਰੀ ਦਰਜ ਕੀਤਾ ਗਿਆ। ਮੌਸਮ ਕੇਂਦਰ ਨੇ ਮੰਗਲਵਾਰ ਨੂੰ ਵੀ ਸੂਬੇ ’ਚ ਹੋਰ ਬਰਫ਼ਬਾਰੀ ਅਤੇ ਵੱਖ-ਵੱਖ ਥਾਵਾਂ ’ਤੇ ਮੀਂਹ ਜਦਕਿ ਬੁੱਧਵਾਰ ਤੱਕ ਸੰਘਣੀ ਧੁੰਦ ਲਈ ‘ਅਲਰਟ’ ਜਾਰੀ ਕੀਤਾ ਹੈ।

Loading