ਅਧਿਆਪਕ ਦੇਸ਼ ਦਾ ਸਰਮਾਇਆ: ਭਗਵੰਤ ਮਾਨ

In ਮੁੱਖ ਖ਼ਬਰਾਂ
December 14, 2024
ਚੰਡੀਗੜ੍ਹ, 14 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਤੋਂ ਸਿਖਲਾਈ ਲੈ ਕੇ ਪਰਤੇ ਅਧਿਆਪਕਾਂ ਨੂੰ ਦੇਸ਼ ਦਾ ਸਰਮਾਇਆ ਦੱਸਦਿਆਂ ਉਨ੍ਹਾਂ ਨੂੰ ਸਿੱਖਿਆ ਕ੍ਰਾਂਤੀ ’ਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨਿਵਾਸ ’ਤੇ ਅਧਿਆਪਕਾਂ ਨੇ ਆਪਣੇ ਆਲਮੀ ਪੱਧਰ ਦੀ ਸਿੱਖਿਆ ਦੇ ਤਜਰਬੇ ਸਾਂਝੇ ਕੀਤੇ। ਮੁੱਖ ਮੰਤਰੀ ਨੇ ਅਧਿਆਪਕਾ ਨੂੰ ਵਿਦਿਆਰਥੀਆਂ ਦੇ ਰੋਲ ਮਾਡਲ ਬਣਨ ਲਈ ਪ੍ਰੇਰਿਆ। ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਦੇ ਵਿਦਿਆਰਥੀ ਹੁਣ ਕਾਨਵੈਂਟ ਸਕੂਲਾਂ ਦੇ ਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਨਗੇ। ਉਨ੍ਹਾਂ ਅਧਿਆਪਕਾਂ ਨੂੰ ਆਪਣੇ ਕੌਮਾਂਤਰੀ ਤਜਰਬਿਆਂ ਨੂੰ ਸਿੱਖਿਆ ਖੇਤਰ ਵਿੱਚ ਵੱਧ ਤੋਂ ਵੱਧ ਪਸਾਰਨ ਲਈ ਵੀ ਕਿਹਾ। ਚੇਤੇ ਰਹੇ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਫਿਨਲੈਂਡ ਵਿੱਚ ਪੇਸ਼ੇਵਰ ਸਿਖਲਾਈ ਲੈਣ ਵਾਸਤੇ ਭੇਜੇ ਗਏ ਸਨ। ਇਸ ਤੋਂ ਪਹਿਲਾਂ ਅਧਿਆਪਕ ਸਿੰਗਾਪੁਰ ਭੇਜੇ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਸਿੱਖਿਆ ਦੇ ਭਵਿੱਖ ਨੂੰ ਨਵੀਆਂ ਤਕਨੀਕਾਂ ’ਚ ਢਾਲਣ ਅਤੇ ਆਧੁਨਿਕ ਤਰੀਕਿਆਂ ਦੀ ਖੋਜ ਕਰਨ ਦਾ ਮੌਕਾ ਦੇਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ।

Loading