ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਨਾਹਗਾਰ ਤੇ ਬਾਗ਼ੀ ਧੜਿਆਂ ਨਾਲ ਸੰਬੰਧਤ ਲੀਡਰਸ਼ਿਪ ਵਿਚਾਲੇ ਚੱਲ ਰਹੇ ਵਿਵਾਦ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸੁਣਾਈਆਂ ਧਾਰਮਿਕ ਤਨਖਾਹਾਂ, ਭਾਵੇਂ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਛੱਡ ਕੇ ਮੁਕੰਮਲ ਹੋ ਚੁੱਕੀਆਂ ਹਨ ।
ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਣੀਕੇ ਅਤੇ ਦਲਜੀਤ ਸਿੰਘ ਚੀਮਾ ਨੇ ਆਪਣੇ ’ਤੇ ਲੱਗੀ ਰਕਮ 15 ਲੱਖ 78 ਹਜ਼ਾਰ 685 ਰੁਪਏ ਪ੍ਰਤੀ ਵਿਅਕਤੀ ਨੇ ਚੈੱਕ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੀ ਸੀ। ਸੁਖਬੀਰ ਸਿੰਘ ਬਾਦਲ ਨੇ ਹੋਰਨਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੱਗੀਆਂ ਸਾਰੀਆਂ ਸੇਵਾਵਾਂ ਭੁਗਤ ਲੈਣ ਤੋਂ ਬਾਅਦ ਅਰਦਾਸ ਤੋਂ ਪਹਿਲਾਂ ਇਹ ਰਕਮ ਜਮ੍ਹਾਂ ਕਰਵਾ ਦਿੱਤੀ ਸੀ। ਚੀਫ ਅਕਾਉਂਟੈਂਟ ਮਿਲਖਾ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ 15 ਲੱਖ 78 ਹਜ਼ਾਰ 685 ਰੁਪਏ ਰਕਮ ਜਮ੍ਹਾਂ ਹੋਣੀ ਬਾਕੀ ਹੈ। ਉਪਰੋਕਤ 6 ਆਗੂਆਂ ਨੇ 94 ਲੱਖ 78 ਹਜ਼ਾਰ 110 ਰੁਪਏ ਜਮ੍ਹਾਂ ਕਰਵਾ ਦਿੱਤੇ ਹਨ, ਜਦਕਿ ਢੀਂਡਸਾ ਦੀ ਰਕਮ ਜੋੜ ਕੇ ਕੁੱਲ ਰਕਮ 1 ਕਰੋੜ 10 ਲੱਖ 50 ਹਜ਼ਾਰ 795 ਰੁਪਏ ਬਣਦੀ ਹੈ। ਇਸ਼ਤਿਹਾਰਾਂ ਦੀ ਰਕਮ ਕਰੀਬ 81 ਲੱਖ 25 ਹਜ਼ਾਰ ਬਣਦੀ ਸੀ, ਜਿਸ ’ਤੇ ਬਚਤ ਵਿਆਜ ਦਰ 4 ਫੀਸਦੀ ਜੋੜ ਕੇ ਰਕਮ ਵਸੂਲੀ ਗਈ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਇਸ ਸਬੰਧੀ ਉਪਰੋਕਤਾਂ ਨੇ ਲਿਖਤੀ ਪੱਤਰ ਦੇ ਦਿੱਤਾ ਹੈ। ਲਗਭਗ ਸਾਰੇ ਆਗੂਆਂ ਨੇ ਆਪਣੀ ਧਾਰਮਿਕ ਸਜ਼ਾ ਭੁਗਤ ਕੇ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਕਰਵਾ ਕੇ ਸਕੱਤਰੇਤ ਤੋਂ ਐਨ.ਓ.ਸੀ. ਵੀ ਲੈ ਲਿਆ ਹੈ, ਪਰ ਚਰਚਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਵਲੋਂ ਜਾਰੀ ਦੋ ਆਦੇਸ਼ਾਂ ਦਾ ਪਾਲਣ ਅਜੇ ਅਕਾਲੀ ਲੀਡਰਸ਼ਿਪ ਵਲੋਂ ਕੀਤਾ ਜਾਣਾ ਬਾਕੀ ਹੈ ।ਜਦ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਰੇ ਫੈਸਲੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵਲੋਂ ਪੂਰੇ ਨਹੀਂ ਕੀਤੇ ਗਏ ਤਾਂ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੋਂ ਇਸ ਲੀਡਰਸ਼ਿਪ ਨੂੰ ਐਨ.ਓ.ਸੀ ਕਿਵੇਂ ਦੇ ਦਿਤਾ?
ਪੰਥਕ ਹਲਕਿਆਂ ਵਿਚ ਇਸ ਬਾਰੇ ਸੁਆਲ ਉਠਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਵੱਖ-ਵੱਖ ਧੜਿਆਂ ਨਾਲ ਸੰਬੰਧਿਤ 17 ਦੇ ਕਰੀਬ ਅਕਾਲੀ ਆਗੂਆਂ ਨੂੰ ਜਿੱਥੇ ਸਿੰਘ ਸਾਹਿਬਾਨ ਵਲੋਂ ਧਾਰਮਿਕ ਤਨਖਾਹਾਂ ਲਗਾਈਆਂ ਗਈਆਂ ਸਨ, ਉਥੇ ਇਕ ਅਹਿਮ ਆਦੇਸ਼ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਇਹ ਆਦੇਸ਼ ਵੀ ਜਾਰੀ ਕੀਤਾ ਸੀ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਆਗੂਆਂ ਨੇ ਅਸਤੀਫੇ ਦਿੱਤੇ ਹਨ, ਉਹ ਤਿੰਨ ਦਿਨਾਂ ਅੰਦਰ ਪ੍ਰਵਾਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਣਕਾਰੀ ਭੇਜਣ ।ਇਸੇ ਆਦੇਸ਼ ਵਿਚ ਹੀ ਸਿੰਘ ਸਾਹਿਬਾਨ ਵਲੋਂ ਅਕਾਲੀ ਦਲ ਦੀ ਨਵੀਂ ਭਰਤੀ ਆਰੰਭ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਇਕ ਸੱਤ ਮੈਂਬਰੀ ਕਮੇਟੀ ਦਾ ਵੀ ਗਠਨ ਕਰਦਿਆਂ ਉਸ ਨੂੰ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਤੇ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ ਛੇ ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ।ਇਸੇ ਆਦੇਸ਼ ਵਿਚ ਸਿੰਘ ਸਾਹਿਬਾਨ ਨੇ ਦਲ ਤੋਂ ਵੱਖ ਹੋਏ ਬਾਗੀ ਅਕਾਲੀ ਆਗੂਆਂ ਦੇ ਅਕਾਲੀ ਦਲ ਸੁਧਾਰ ਲਹਿਰ ਵਾਲੇ ਧੜੇ ਨੂੰ ਆਪਣੀਆਂ ਸਾਰੀਆਂ ਅਹੁਦੇਦਾਰੀਆਂ ਭੰਗ ਕਰਨ ਦਾ ਵੀ ਆਦੇਸ਼ ਸੁਣਾਇਆ ਗਿਆ ਸੀ, ਜਿਸ 'ਤੇ ਅਮਲ ਕਰਦਿਆਂ ਬੀਤੀ 9 ਦਸੰਬਰ ਨੂੰ ਇਨ੍ਹਾਂ ਬਾਗੀ ਆਗੂਆਂ ਨੇ ਆਪਣਾ ਧੜਾ ਭੰਗ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਗੱਲ ਤੋਂ ਜਾਣੂੰ ਵੀ ਕਰਵਾ ਦਿੱਤਾ ਸੀ ।ਪਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਵਲੋਂ ਆਪਣੀ ਬਾਕੀ ਤਨਖਾਹ ਤਾਂ ਲਗਭਗ ਮੁਕੰਮਲ ਕਰ ਲਈ ਗਈ ਹੈ, ਪਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਅਜੇ ਤੱਕ ਵੀ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸੁਖਬੀਰ ਸਮੇਤ ਕੁਝ ਹੋਰ ਅਕਾਲੀ ਆਗੂਆਂ ਵਲੋਂ ਦਿੱਤੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ । ਇਸ ਸੰਬੰਧੀ ਬੀਤੇ ਦਿਨੀਂ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ 20 ਕੁ ਦਿਨ ਦਾ ਸਮਾਂ ਹੋਰ ਮੰਗਿਆ ਗਿਆ ਸੀ ।
ਸੁਆਲ ਇਹ ਵੀ ਉਠ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਫਸੀਲ ਦਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਸਤੀਫੇ ਲੈਣ ਬਾਰੇ ਫੈਸਲਾ ਬਦਲ ਕੇ ਵੀਹ ਦਿਨ ਲਈ ਕਿਵੇਂ ਵਧਾ ਦਿੱਤਾ?
ਫਸੀਲ ਹੋਇਆ ਹਰ ਹੁਕਮ ਪੱਥਰ ‘ਤੇ ਲਕੀਰ ਵਾਂਗ ਹੁੰਦਾ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਪੰਜ ਸਿੰਘ ਸਾਹਿਬਾਨ ਨੇ ਫਸੀਲ ਤੋਂ ਆਦੇਸ਼ ਜਾਰੀ ਕੀਤੇ, ਉਨ੍ਹਾਂ ਨੂੰ ਹੀ ਸਕੱਤਰੇਤ ਤੋਂ ਹੇਰ-ਫੇਰ ਕਰਕੇ ਬਦਲ ਦਿਤਾ ਗਿਆ। ਇਸ ਕਾਰਣ ਜਥੇਦਾਰ ਅਕਾਲ ਥਖਤ ਸਾਹਿਬ ਉਪਰ ਸੁਆਲ ਉਠ ਰਹੇ ਹਨ।
ਪੰਥਕ ਸਫ਼ਾਂ ਵਿਚ ਚਰਚਾ ਹੈ ਕਿ ਅਕਾਲੀ ਦਲ ਲੀਡਰਸ਼ਿਪ ਦੀ ਤਨਖਾਹ ਉਦੋਂ ਤੱਕ ਅਧੂਰੀ ਹੋਵੇਗੀ, ਜਦੋਂ ਤੱਕ ਸੁਖਬੀਰ ਸਮੇਤ ਬਾਕੀ ਅਸਤੀਫੇ ਦੇਣ ਵਾਲਿਆਂ ਦੇ ਅਸਤੀਫੇ ਵਰਕਿੰਗ ਕਮੇਟੀ ਵਲੋਂ ਮਨਜ਼ੂਰ ਨਹੀਂ ਕਰ ਲਏ ਜਾਂਦੇ ਅਤੇ ਸਿੰਘ ਸਾਹਿਬਾਨ ਵਲੋਂ ਗਠਿਤ ਸੱਤ ਮੈਂਬਰੀ ਕਮੇਟੀ ਵਲੋਂ ਦਲ ਦੀ ਨਵੀਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾਂਦੀ ।
ਇਥੇ ਇਹ ਵੀ ਦੱਸਣਯੋਗ ਹੈ ਕਿ ਸੱਤ ਮੈਂਬਰੀ ਕਮੇਟੀ, ਜਿਸ ਵਿਚ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ) ਸ਼ਾਮਿਲ ਹਨ, ਦੀ ਅਜੇ ਤੱਕ ਇਕ ਵੀ ਇਕੱਤਰਤਾ ਨਹੀਂ ਹੋ ਸਕੀ ।ਇਹ ਵੀ ਚਰਚਾ ਸੀ ਕਿ ਜਥੇਦਾਰਾਂ ਵਲੋਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 2 ਦਸੰਬਰ ਨੂੰ ਦੋਵਾਂ ਅਕਾਲੀ ਧੜਿਆਂ ਨੂੰ ਸਾਰੀਆਂ ਅਹੁਦੇਦਾਰੀਆਂ ਭੰਗ ਕਰਕੇ ਇਕੱਠੇ ਹੋ ਕੇ ਚੱਲਣ ਦੀ ਵੀ ਤਾਕੀਦ ਕੀਤੀ ਗਈ ਸੀ, ਪਰ ਤਨਖਾਹ ਭੁਗਤਣ ਦੌਰਾਨ ਤੇ ਉਸ ਤੋਂ ਬਾਅਦ ਵੀ ਇਸ ਗੱਲ 'ਤੇ ਅਜੇ ਬਾਦਲ ਧੜੇ ਵਲੋਂ ਪੁਰਾਣੇ ਗਿਲੇ ਸ਼ਿਕਵੇ ਦੂਰ ਕਰਕੇ ਇਕੱਠੇ ਚੱਲਣ ਸੰਬੰਧੀ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਦਿਖਾਈ ਗਈ ।ਸਗੋਂ ਦੋਵਾਂ ਧੜਿਆਂ ਵਿਚ ਲਗਾਤਾਰ ਵਿਚਾਰਧਾਰਕ ਜੰਗ ਛਿੜੀ ਹੋਈ ਹੈ।ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੀਬੀ ਜਗੀਰ ਕੌਰ ਨੂੰ ਇਕ ਮੀਡੀਆ ਰਾਹੀਂ ਗਾਲੀ ਗਲੋਚ ਕੀਤਾ ਗਿਆ ਹੈ ,ਜਿਸ ਨਾਲ ਦੋਵਾਂ ਧੜਿਆਂ ਦਾ ਪਾੜਾ ਹੋਰ ਡੂੰਘਾ ਹੋ ਗਿਆ ਹੈ।
ਸਿੱਖ ਚਿੰਤਕਾਂ ਦਾ ਕਹਿਣਾ ਹੈ ਕਿ ਸਿੰਘ ਸਾਹਿਬਾਨ ਵਲੋਂ ਲਗਾਈ ਗਈ ਧਾਰਮਿਕ ਤਨਖਾਹ ਉਦੋਂ ਹੀ ਮੁਕੰਮਲ ਹੋਵੇਗੀ, ਜਦੋਂ ਉਨ੍ਹਾਂ ਵਲੋਂ ਜਾਰੀ ਸਾਰੇ ਆਦੇਸ਼ਾਂ ਦਾ ਇੰਨ-ਬਿੰਨ ਪਾਲਣ ਹੋ ਜਾਵੇਗਾ ।ਦੂਜੇ ਪਾਸੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਸੰਬੰਧੀ ਅਜੇ ਤੱਕ ਢਿਲ ਮੱਠ ਦਿਖਾਈ ਜਾ ਰਹੀ ਹੈ ਤੇ ਸੁਖਬੀਰ ਵਲੋਂ ਇਸ ਬਾਬਤ ਵਰਕਿੰਗ ਕਮੇਟੀ ਨੂੰ ਮੁੜ ਕੋਈ ਅਪੀਲ ਹੀ ਨਹੀਂ ਕੀਤੀ ਗਈ ਹੈ ।ਸਗੋਂ ਇਹ ਕਹਿਕੇ ਬਾਦਲ ਦਲ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਜੇਕਰ ਅਕਾਲ ਤਖਤ ਸਾਹਿਬ ਵਲੋਂ ਭਰਤੀ ਕੀਤੀ ਜਾਂਦੀ ਹੈ ਤਾਂ ਚੋਣ ਕਮਿਸ਼ਨ ਵਲੋਂ ਅਕਾਲੀ ਦਲ ਦੀ ਮਾਨਤਾ ਰੱਦ ਹੋ ਸਕਦੀ ਹੈ।ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇਕ ਬਹਾਨਾ ਹੈ ।ਅਕਾਲੀ ਦਲ ਦਾ ਸਰੂਪ ਤੇ ਸਿਧਾਂਤ ਨਹੀਂ ਬਦਲਿਆ ਜਾ ਸਕਦਾ।ਬਾਦਲ ਦਲ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਉਲੰਘਣਾ ਕਰ ਰਿਹਾ ਹੈ। ਪੰਥਕ ਮਾਹਿਰਾਂ ਦੀ ਰਾਇ ਹੈ ਕਿ ਬਾਦਲ ਧੜੇ ਦੀ ਗੁਨਾਹਗਾਰ ਲੀਡਰਸ਼ਿਪ ਕਾਰਣ ਅਕਾਲੀ ਦਲ ਦੀ ਨਵ ਉਸਾਰੀ ਔਖੀ ਹੈ,ਕਿਉਂਕਿ ਇਸ ਧੜੇ ਨੂੰ ਡਰ ਹੈ ਕਿ ਨਵੀਂ ਭਰਤੀ ਰਾਹੀਂ ਉਨ੍ਹਾਂ ਦੀ ਲੀਡਰਸ਼ਿਪ ਖਤਮ ਹੋ ਜਾਵੇਗੀ।