ਅਕਾਲੀ ਦਲ ਪੰਜਾਬ ਦੀ ਰਾਜਸੀ ਸਿੱਖ ਜਥੇਬੰਦੀ ‘ਵਜੋਂ ਮੁੜ ਸਥਾਪਿਤ ਹੋਵੇ

In ਮੁੱਖ ਲੇਖ
December 19, 2024
ਐਡਵੋਕੇਟ ਰਵਿੰਦਰ ਸਿੰਘ: ਸਿੱਖ ਸਫਾਂ 'ਚ ਜਥੇਬੰਦੀ ਦੀ ਹੋਂਦ ਨੂੰ ਉੱਤਮ ਮੰਨਿਆ ਗਿਆ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਥੇਬੰਦਕ ਰੂਪ 'ਚ ਇਕ ਢਾਂਚੇ ਦੇ ਅਧੀਨ ਸਿੱਖ ਭਾਵਨਾਵਾਂ ਨੇ ਇਤਿਹਾਸ ਰਚਿਆ ਹੈ। ਗੁਰੂ ਕਾਲ ਤੋਂ ਹੀ ਜਥੇਬੰਦੀ ਦਾ ਅਹਿਮ ਕਿਰਦਾਰ ਸਥਾਪਿਤ ਰਿਹਾ ਹੈ। ਭਾਵੇਂ ਸਮੇਂ-ਸਮੇਂ 'ਤੇ ਸਿੱਖ ਵਿਚਾਰਧਾਰਾ ਵੱਖੋ-ਵੱਖਰੇ ਜਥਿਆਂ ਤੇ ਸੰਪਰਦਾਵਾਂ ਅਤੇ ਸਮੂਹਾਂ 'ਚ ਕਰਵਟ ਲੈਂਦੀ ਰਹੀ ਹੈ, ਪਰ ਇਸ ਸਾਰੇ ਦੌਰ ਦੌਰਾਨ ਜਥੇਬੰਦਕ ਢਾਂਚੇ ਨੇ ਹਰ ਔਕੜ ਜਾਂ ਪ੍ਰਸਿੱਧੀ 'ਚ ਆਪਣਾ ਵਿਸ਼ੇਸ਼ ਸਥਾਨ ਕਾਇਮ ਰੱਖਿਆ ਹੈ, ਭਾਵੇਂ ਜਥੇਬੰਦੀਆਂ ਵੱਖੋ-ਵੱਖ ਸਨ ਪਰ ਮੂਲ ਰੂਪ 'ਚ ਸਭ ਦਾ ਉਦੇਸ਼ ਸਿੱਖ ਪੰਥ ਦਾ ਪ੍ਰਚਾਰ ਪ੍ਰਸਾਰ ਅਤੇ ਸੇਵਾ ਸੰਭਾਲ ਹੀ ਹੈ। ਜੇਕਰ ਕਿਸੇ ਵੀ ਜਥੇਬੰਦੀ ਦਾ ਪਿਛੋਕੜ ਫਰੋਲਿਆ ਜਾਵੇ ਤਾਂ ਉਸ ਦੀ ਉਤਪੱਤੀ ਦਾ ਮੂਲ ਰੂਪ ਕਿਸੇ ਵਿਸ਼ੇਸ ਕਾਰਜ ਹਿਤ ਹੀ ਹੁੰਦਾ ਹੈ ਪਰ ਸਿੱਖ ਧਰਮ 'ਚ ਜਥੇਬੰਦੀ ਦੀ ਹੋਂਦ ਅੰਦਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਧਰਮ ਅਤੇ ਰਾਜਨੀਤਕ ਵਿਚਾਰਧਾਰਾ ਨੂੰ ਇਕ ਬਰਾਬਰ ਪੰਧ 'ਤੇ ਤੋਰ ਕੇ ਕ੍ਰਾਂਤੀਕਾਰੀ ਸਫ਼ਰ ਦੀ ਸ਼ੂਰੂਆਤ ਕੀਤੀ। ਕਿਸੇ ਧਾਰਮਿਕ ਜਾਂ ਭਾਈਚਾਰਕ ਆਦੇਸ਼ 'ਤੇ ਇਕ ਰਾਇ ਅਤੇ ਉਦੇਸ਼ ਨਾਲ ਤੁਰਨ ਵਾਲੀ ਇਕਸਾਰਤਾ ਵਾਲੀ ਸੋਚ ਨੇ ਜਥੇਬੰਦੀ ਦਾ ਰੂਪ ਧਾਰਨ ਕੀਤਾ, ਜਿਸ ਨੂੰ ਉਸ ਸਮੇਂ ਜਦੋਂ ਦੁਰਾਚਾਰੀ ਮਹੰਤ ਸਿੱਖ ਗੁਰੂਧਾਮਾਂ 'ਤੇ ਆਪਣਾ ਹੱਕ ਹਕੂਕ ਜਮਾ ਕੇ ਮਨਮਾਨੀਆਂ ਕਰ ਰਹੇ ਸਨ ਤਾਂ ਇਕ ਉਦੇਸ਼ ਮਿਲ ਗਿਆ।ਇਸੇ ਉਦੇਸ਼ ਨੂੰ ਆਧੁਨਿਕ ਯੁੱਗ 'ਚ ਅਕਾਲੀ ਲਹਿਰ ਦਾ ਨਾਂਅ ਮਿਲਿਆ, ਜੋ ਕਿ ਬਾਅਦ 'ਚ ਗੁਰਦੁਆਰਾ ਸੁਧਾਰ ਲਹਿਰ ਦੇ ਨਾਂਅ ਨਾਲ ਪ੍ਰਚੱਲਿਤ ਹੋਈ। ਇਸ ਦਾ ਮੁੱਢ ਉਦੋਂ ਬੰਨ੍ਹਿਆ ਗਿਆ, ਜਦੋਂ ਸਿੱਖ ਸੋਚ ਇਕ ਲਹਿਰ ਤਹਿਤ ਸਿੱਖ ਗੁਰੂਧਾਮਾਂ ਨੂੰ ਦੁਰਾਚਾਰੀ ਮਹੰਤਾਂ ਤੋਂ ਜੋ ਉਸ ਵੇਲੇ ਦੀ ਅੰਗਰੇਜ਼ ਹਕੂਮਤ ਦੀ ਸ਼ਹਿ ਹੇਠ ਕੁਕਰਮਾਂ ਨਾਲ ਸਿੱਖ ਮਰਿਆਦਾਵਾਂ ਨੂੰ ਮਲੀਆ-ਮੇਟ ਕਰ ਰਹੇ ਸਨ। ਇਸ ਲਹਿਰ ਦਾ ਵਿਕਸਿਤ ਹੋਣਾ ਉਸ ਸਮੇਂ ਦੀ ਮੰਗ ਸੀ ਅਤੇ ਹਰ ਸਿੱਖ 'ਤੇ ਪ੍ਰਭਾਵ ਸਭ ਤੋਂ ਵੱਧ ਗੁਰੂ ਘਰ ਦਾ ਸੀ, ਜੋ ਉਸ ਵਕਤ ਪੂਰਨ ਤੌਰ 'ਤੇ ਸਰਕਾਰੀ ਕਰਿੰਦੇ ਬਣ ਚੁੱਕੇ ਪੁਜਾਰੀਆਂ ਦੀ ਜਕੜ 'ਚ ਸੀ, ਜਿਸ ਦਾ ਸਿੱਧਾ-ਸਿੱਧਾ ਅਸਰ ਸਿੱਖ ਮਨਾਂ 'ਤੇ ਸਾਫ਼ ਨਜ਼ਰ ਆ ਰਿਹਾ ਸੀ। ਸਮਾਂ ਵੀ ਗੂਰੂ ਘਰਾਂ ਦੇ ਸੁਧਾਰ ਦੀ ਮੰਗ ਕਰ ਰਿਹਾ ਸੀ। ਮਹੰਤ ਤੇ ਪੁਜਾਰੀ ਸਿੱਖ ਸੰਗਤਾਂ ਤੋਂ ਆਕੀ ਹੋ ਗਏ ਸਨ ਅਤੇ ਮਨਆਈ ਕਰ ਸਿੱਖ ਗੁਰੂਘਰਾਂ ਦੀ ਜਾਇਦਾਦ ਦਾ ਸ਼ੋਸ਼ਣ ਕਰ ਰਹੇ ਸਨ। ਬਹੁਤ ਸਾਰੇ ਹੋਰ ਧਰਮਾਂ ਨੇ ਸਮਾਜ ਸੁਧਾਰਕ ਜਥੇਬੰਦੀਆਂ ਪਹਿਲਾਂ ਹੀ ਕਾਇਮ ਕਰ ਲਈਆਂ ਸਨ, ਪਰ ਸਿੱਖ ਇਸ ਮਸਲੇ 'ਚ ਪਿੱਛੇ ਰਹਿ ਗਏ ਸਨ।ਸਿੱਖਾਂ ਦੇ ਮਨ ਨੂੰ ਹਲੂਣਾ ਪਹੁੰਚਿਆ ਤਾਂ ਸਿੰਘ ਸਭਾਵਾਂ ਅਤੇ ਮਗਰੋਂ ਖ਼ਾਲਸਾ ਦੀਵਾਨ ਦਾ ਸ਼ੁੱਭ ਆਰੰਭ ਹੋਇਆ ਪਰ ਪੁਜਾਰੀਵਾਦ ਸਿੰਘ ਸਭਾਵਾਂ ਦੇ ਖ਼ਿਲਾਫ਼ ਹੋ ਉੱਠਿਆ।ਪੁਜਾਰੀ ਸਰਕਾਰੀ ਸ਼ਹਿ 'ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਸਾਹਿਬ ਵਿਖੇ ਅਖੌਤੀ ਕਰਮਕਾਂਡਾਂ ਨੂੰ ਉਤਸ਼ਾਹਿਤ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ 'ਚ ਆਮ ਮੂਰਤੀ ਪੂਜਨ ਹੋ ਰਿਹਾ ਸੀ ਅਤੇ ਪੰਡਤ ਤਬਕਾ ਜੋਤਿਸ਼ ਅਤੇ ਵਹਿਮ ਭਰਮ ਫੈਲਾ ਰਿਹਾ ਸੀ।ਗੁਰਮਤਿ ਦੀ ਪਾਲਣਾ ਕਰਨ ਵਾਲੇ ਸਿੱਖ ਇਹ ਵਰਤਾਰਾ ਵੇਖ ਕੇ ਟਿਕ ਕੇ ਨਾ ਬਹਿ ਸਕੇ। ਮਿਤੀ 11-12 ਅਕਤੂਬਰ ਨੂੰ ਜੱਲ੍ਹਿਆਂ ਵਾਲੇ ਬਾਗ ਅੰਦਰ ਸਿੱਖ ਪੰਥ ਦੇ ਕੁੱਲ ਵਿਦਵਾਨ ਪ੍ਰੋਫ਼ੈਸਰ ਤੇ ਗੁਣੀ ਗਿਆਨੀਆਂ ਨੇ ਖ਼ਾਲਸਾ ਬਰਾਦਰੀ ਨਾਂਅ ਦਾ ਦੀਵਾਨ ਸਜਾਇਆ ਅਤੇ ਸਿੱਖਾਂ ਅੰਦਰ ਫੈਲ ਰਹੀ ਛੂਆ-ਛੂਤ ਨੂੰ ਮਿਟਾਉਣ ਦਾ ਪ੍ਰਣ ਕੀਤਾ। ਅਖੌਤੀ ਦਲਿਤਾਂ ਦੀ ਸ਼੍ਰੇਣੀ ਨੂੰ ਅੰਮ੍ਰਿਤਪਾਨ ਕਰਵਾ ਕੇ ਕੜਾਹ ਪ੍ਰਸ਼ਾਦਿ ਦੀਆਂ ਦੇਗਾਂ ਨਾਲ ਦਰਬਾਰ ਸਾਹਿਬ ਭੇਜਿਆ ਗਿਆ ਅਤੇ ਇਨ੍ਹਾਂ ਨਵੇਂ ਸਜੇ ਸਿੰਘਾਂ ਨੇ ਕੜਾਹ ਪ੍ਰਸ਼ਾਦਿ ਅਤੇ ਮਾਇਆ ਭੇਟ ਕਰਕੇ ਮਹੰਤਾਂ ਨੂੰ ਅਰਦਾਸ ਕਰਨ ਲਈ ਬੇਨਤੀ ਕੀਤੀ ਪਰ ਮਹੰਤਾਂ ਨੇ ਅਜਿਹਾ ਕਰਨੋ ਸਾਫ਼ ਇਨਕਾਰ ਦਿੱਤਾ ਪਰ ਸਿੰਘ ਇਸ ਗੱਲ 'ਤੇ ਅੜੇ ਰਹੇ ਅਤੇ ਆਪਣੇ ਤੌਰ 'ਤੇ ਅਰਦਾਸ ਕਰਨ ਦੀ ਬਜਾਏ ਪੁਜਾਰੀਆਂ ਦੁਆਰਾ ਅਰਦਾਸ ਕਰਨ ਦੀ ਮੰਗ ਕੀਤੀ ਗਈ। ਗੱਲ ਨਾ ਬਣਦੀ ਦੇਖ ਕੇ ਵਿਚਲਾ ਰਾਹ ਕੱਢਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣ ਦਾ ਸੁਝਾਅ ਆਇਆ ਅਤੇ ਗੁਰੂ ਸਾਹਿਬ ਦਾ ਹੁਕਮ ਆਇਆ :- ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰੂ ਕੀ ਸੇਵਾ ਲਾਇ॥ ਸਤਿਗੁਰੂ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤ ਲਾਇ॥ (ਸੋਰਠਿ ਮਹਲਾ 3, ਪੰਨਾ 638) ਸੰਗਤ ਨੇ ਗੁਰੂ ਦੇ ਹੁਕਮ ਦੀ ਆਮਦ 'ਚ ਜੈਕਾਰੇ ਗਜਾਏ, ਫਿਰ ਹੁਕਮ ਅਨੁਸਾਰ ਪੁਜਾਰੀਆਂ ਨੂੰ ਵੀ ਉਹ ਕੜਾਹ ਪ੍ਰਸ਼ਾਦਿ ਵਰਤਾਇਆ, ਜੋ ਉਨ੍ਹਾਂ ਲੈਣੋਂ ਮਨ੍ਹਾਂ ਕਰ ਦਿੱਤਾ। ਫਿਰ ਸਿੰਘ ਸ੍ਰੀ ਅਕਾਲ ਤਖਤ 'ਤੇ ਅਰਦਾਸ ਲਈ ਪ੍ਰਸ਼ਾਦਿ ਲੈ ਪਹੁੰਚੇ ਪਰ ਪੁਜਾਰੀ ਪਹਿਲਾਂ ਹੀ ਗੁਰੂ ਤਾਬਿਆ ਛੱਡ ਕੇ ਭੱਜ ਗਏ ਸਨ। ਅਜਿਹੇ ਵਰਤਾਰੇ ਮਗਰੋਂ ਹਾਜ਼ਰ ਸੰਗਤ ਨੇ ਗੁਰਮਤਾ ਕੀਤਾ ਕਿ, ਸ੍ਰੀ ਅਕਾਲ ਤਖਤ ਨੂੰ ਸੁੰਨਾ ਨਹੀਂ ਰਹਿਣ ਦੇਣਾ। ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਲਈ 25 ਸਿੰਘਾਂ ਦਾ ਜਥਾ ਨਿਯੁਕਤ ਕਰਕੇ ਤੇ ਇਕ 9 ਮੈਂਬਰੀ ਕਮੇਟੀ ਗਠਿਤ ਕਰਕੇ ਸਮੁੱਚਾ ਪ੍ਰਬੰਧ ਦੇਖਣ ਹਿਤ ਕਾਰਜ ਆਰੰਭੇ ਗਏ।15 ਨਵੰਬਰ 1920 ਨੂੰ ਮੁੱਖ ਸਿੱਖ ਕਿਰਦਾਰਾਂ ਅਤੇ ਉੱਤਮ ਵਿਚਾਰ ਵਾਲੇ ਸਿੰਘਾਂ ਦਾ ਇਕ ਇਕੱਠ ਸੱਦਿਆ ਗਿਆ, ਜਿਸ 'ਚ 175 ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ, ਜਿੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਬੱਝਿਆ। ਉਸ ਵਕਤ ਇਸ ਇਕੱਠ ਵਿਚ ਦੇਸ਼ ਭਰ ਤੋਂ ਗੁਰਦੁਆਰਿਆਂ, ਜਥੇਬੰਦੀਆਂ ਅਤੇ ਸਕੂਲ-ਕਾਲਜਾਂ ਦੇ ਕਈ ਮੁਖੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸਨ। ਇਨ੍ਹਾਂ ਵਿਦਵਾਨਾਂ ਦੇ ਸੁਝਾਏ ਨਾਂਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੁੱਚੇ ਇਤਿਹਾਸਕ ਗੁਰੂ ਘਰਾਂ ਦੇ ਪ੍ਰਬੰਧ ਲਈ ਕਮੇਟੀ ਵਜੋਂ ਨਿਯੁਕਤ ਇਤਿਹਾਸਕ ਗਿਆ। ਮਗਰੋਂ ਇਸ ਕਮੇਟੀ ਦੀ ਪਲੇਠੀ ਮੀਟਿੰਗ 12 ਦਸੰਬਰ 1920 ਨੂੰ ਸਰਬਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨਾਲ ਸਮੂਹ ਨਾਨਕ ਨਾਮ ਲੇਵਾ ਦੇ ਮਨਾਂ 'ਚ ਉਮੰਗ ਅਤੇ ਉਤਸ਼ਾਹ ਭਰ ਗਿਆ। ਹਰ ਸਿੱਖ ਗੁਰਦੁਆਰਾ ਸੁਧਾਰ ਲਈ ਹਰ ਹੀਲੇ ਕਿਸੇ ਵੀ ਕੁਰਬਾਨੀ ਲਈ ਤਿਆਰ ਬਰ ਤਿਆਰ ਹੋਣ ਲੱਗਾ। ਇਸ ਜੋਸ਼ ਅਤੇ ਉਤਸ਼ਾਹ ਨੇ 14 ਦਸੰਬਰ 1920 ਨੂੰ ਇਕ ਜਥੇਬੰਦੀ ਨੂੰ ਜਨਮ ਦਿੱਤਾ, ਜਿਸ ਦਾ ਨਾਂਅ 'ਸ਼੍ਰੋਮਣੀ ਅਕਾਲੀ ਦਲ' ਰੱਖਿਆ ਗਿਆ। ਹਰ ਥਾਣੇ, ਤਹਿਸੀਲ ਅਤੇ ਜ਼ਿਲ੍ਹਾ ਪੱਧਰ 'ਤੇ ਇਸ ਦੀਆਂ ਇਕਾਈਆਂ ਕਾਇਮ ਹੋਈਆਂ। ਇਸ ਦੇ ਜੁਝਾਰੂ ਸਿਪਾਹੀਆਂ ਨੂੰ ਅਕਾਲ ਦੇ ਪੁਜਾਰੀ ਕਹਿ ਕੇ ਸੱਦਿਆ ਜਾਣ ਲੱਗਾ। ਮੂਲ ਰੂਪ 'ਚ ਇਸ ਜਥੇਬੰਦੀ ਦਾ ਮੁੱਖ ਸੰਕਲਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਫ਼ੈਸਲਿਆਂ ਨੂੰ ਲਾਗੂ ਕਰਾਉਣਾ ਸੀ ਅਤੇ ਇਸੇ ਵਿਧਾਨ ਅਨੁਸਾਰ ਇਸ ਜਥੇਬੰਦੀ ਨੇ ਲਾਮਿਸਾਲ ਕਾਰਜ ਕੀਤੇ। ਮਗਰੋਂ ਸਿੱਖ ਮਸਲਿਆਂ 'ਚ ਅਕਾਲੀਆਂ ਦੀ ਦਿਲਚਸਪੀ ਤੇ ਕਾਰਗੁਜ਼ਾਰੀ ਨੇ ਆਪ ਮੁਹਾਰੇ ਆਵਾਮ ਦਾ ਮੂੰਹ ਇਸ ਜਥੇਬੰਦੀ ਵੱਲ ਮੋੜ ਦਿੱਤਾ ਅਤੇ ਹੁਣ ਅਕਾਲੀ ਰਾਜਨੀਤਕ ਮਸਲਿਆਂ 'ਚ ਵੀ ਹਿੱਸਾ ਲੈਣ ਲੱਗ ਪਏ।ਫਿਰ ਇਹੋ ਜਥੇਬੰਦੀ ਸਿੱਖਾਂ ਦੀ ਸਿਰਮੌਰ ਤੇ ਪਹਿਲੀ ਰਾਜਸੀ ਮਾਮਲਿਆਂ ਦੀ ਜਥੇਬੰਦੀ ਅਖਵਾਈ, ਜਿਸ ਦਾ ਮੂਲ ਧਰਮ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਪੰਥਕ ਰਹੁ-ਰੀਤਾਂ ਅਧੀਨ ਰੱਖਣਾ। ਮਹੰਤਾਂ ਤੋਂ ਗੁਰਦੁਆਰਾ ਪ੍ਰਬੰਧਨ ਦਾ ਕਾਰਜ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੌਂਪਣਾ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਸਿੱਖ ਧਰਮ ਦੀ ਪਾਲਣਾ ਕਰਨੀ ਤੇ ਕਰਨ ਲਈ ਪ੍ਰੇਰਿਤ ਕਰਨਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਫ਼ੌਜੀ ਦਲ ਵਜੋਂ ਕਾਰਜ ਕੀਤੇ। ਗੁਰਦੁਆਰਾ ਸੁਧਾਰ ਕਾਰਜਾਂ ਨੂੰ ਲਗਭਗ ਨੇਪਰੇ ਚਾੜ੍ਹਨ ਮਗਰੋਂ ਹੁਣ ਅਕਾਲੀ ਦਲ ਮੁੱਖ ਰੂਪ 'ਚ ਸਿੱਖਾਂ ਦੀ ਰਾਜਨੀਤਕ ਸ਼ਕਤੀ ਵਜੋਂ ਰਾਜ ਜਾਂ ਦੇਸ਼ ਦੇ ਹੋਰਨਾਂ ਰਾਜਨੀਤਕ ਮਸਲਿਆਂ 'ਚ ਦਿਲਚਸਪੀ ਲੈਣ ਲੱਗਾ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਜਨੀਤਕ ਸ਼ਕਤੀ ਵਜੋਂ ਪ੍ਰਚਾਰਿਆ ਪ੍ਰਸਾਰਿਆ ਜਾਣ ਲੱਗਾ। ਸੰਨ 1937 'ਚ ਭਾਰਤ ਸਰਕਾਰ ਦੇ ਐਕਟ 1935 ਦੇ ਅਧੀਨ ਚੋਣਾਂ 'ਚ ਹਿੱਸਾ ਲੈ ਕੇ ਪੂਰਨ ਰੂਪ 'ਚ ਇਕ ਸਿਆਸੀ ਦਲ ਬਣ ਗਿਆ। ਸੰਨ 1947 ਦੀ ਆਜ਼ਾਦੀ ਮਗਰੋਂ ਪੰਜਾਬ ਇਕ ਨਵਾਂ ਰਾਜ ਬਣਿਆ, ਜਿੱਥੇ ਹਿੰਦੂ ਮੁਸਲਿਮ ਤਬਕੇ ਤੋਂ ਇਲਾਵਾ ਸਿੱਖ ਬਹੁ-ਗਿਣਤੀ 'ਚ ਸਨ ਅਤੇ ਇਹੋ ਮੂਲ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਸਿੱਖ ਸਿਆਸਤ 'ਚ ਸਿੱਖਾਂ ਦੀ ਨੁਮਾਇੰਦਗੀ ਦਾ ਅਸਲ ਕਾਰਨ ਵੀ ਸੀ। ਨਤੀਜੇ ਵਜੋਂ ਸ਼੍ਰੋਮਣੀ ਅਕਾਲੀ ਦਲ ਇਕ ਮਜ਼ਬੂਤ ਸਿਆਸੀ ਦਲ ਵਜੋਂ ਉੱਭਰਿਆ। ਸੰਨ 1977 ਦੀਆਂ ਸੰਸਦੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਦੇ ਵਿਰੋਧ ਵਜੋਂ ਜੀਅ-ਜਾਨ ਨਾਲ ਲੜੀਆਂ। ਪੰਜਾਬ ਦੇ ਸਿਆਸੀ ਖੇਮੇ 'ਚ ਹੋਰ ਉਭਾਰ 4 ਅਗਸਤ 1982 ਨੂੰ ਆਰੰਭ ਹੋਏ ਧਰਮ ਯੁੱਧ ਮੋਰਚੇ ਨਾਲ ਆਇਆ। ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਪ੍ਰਤੀਨਿਧਤਾ ਲਈ ਆਪ ਮੁਹਾਰੇ ਸਵੀਕਾਰ ਕਰਦਿਆਂ 1985 ਦੀ ਬਰਨਾਲਾ ਸਰਕਾਰ ਨੂੰ ਆਪਣੇ ਦਮ-ਖਮ 'ਤੇ ਰਾਜ ਕਰਨ ਵਰਗੀ ਸ਼ਕਤੀ ਤੱਕ ਲੈ ਆਂਦਾ। ਉਸ ਸਮੇਂ ਅਸੈਂਬਲੀ ਚੋਣਾਂ 'ਚ 73 ਸੀਟਾਂ ਜਿੱਤ ਕੇ ਅਕਾਲੀ ਦਲ ਦੇਸ਼ ਪੱਧਰ 'ਤੇ ਇਕ ਸਿਆਸੀ ਸ਼ਕਤੀ ਵਜੋਂ ਉਭਰਿਆ। ਬਿਨਾਂ ਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਸੂਬਾਈ ਅਤੇ ਰਾਸ਼ਟਰੀ ਰਾਜਨੀਤੀ 'ਚ ਇਕ ਮਹੱਤਵਪੂਰਨ ਯੋਗਦਾਨ ਪਾਇਆ। ਦਲ ਦੇ ਪਹਿਲੇ ਪ੍ਰਧਾਨ ਸ. ਸੁਰਮੁੱਖ ਸਿੰਘ ਝੱਬਰ ਤੋਂ ਲੈ ਕੇ ਕੌਮੀ ਸਿੱਖ ਲੀਡਰਾਂ 'ਚ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਗਿਆਨੀ ਕਰਤਾਰ ਸਿੰਘ, ਬਾਬੂ ਲਾਭ ਸਿੰਘ, ਮੋਹਨ ਸਿੰਘ ਤੁੜ, ਹਰਚੰਦ ਸਿੰਘ ਲੌਂਗੋਵਾਲ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਅਤੇ ਸਦੀ ਦੇ ਸ਼ਕਤੀਸ਼ਾਲੀ ਸਿੱਖ ਨੇਤਾ ਵਜੋਂ ਉੱਭਰੇ ਪ੍ਰਕਾਸ਼ ਸਿੰਘ ਬਾਦਲ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਫਰਨਾਵਾਂ ਅਨੇਕਾਂ ਇਤਿਹਾਸਕ ਗਾਥਾਵਾਂ ਦਾ ਬਣਿਆ।ਭਾਵੇਂ ਇਸ ਸਫਰ ਦੌਰਾਨ ਕਈ ਵਾਰੀ ਅਕਾਲੀ ਦਲ ਗੁੱਟਬੰਦੀ ਦਾ ਸ਼ਿਕਾਰ ਵੀ ਹੋਇਆ ਅਤੇ ਹੋਰਨਾਂ ਧੜਿਆਂ 'ਚ ਵੀ ਵੰਡਿਆ ਰਿਹਾ ਪਰ ਇਸ ਦੇ ਬਾਵਜੂਦ ਸਮੇਂ ਦੇ ਘਟਨਾਕ੍ਰਮ ਅਨੁਸਾਰ ਅਕਾਲੀ ਦਲ ਨੇ ਪੰਜਾਬ ਨੂੰ ਛੇ ਮੁੱਖ ਮੰਤਰੀ ਅਤੇ ਸੱਤ ਵਾਰ ਰਾਜ ਸੱਤਾ 'ਤੇ ਸਰਕਾਰਾਂ ਬਣਾਉਣ ਦਾ ਸਬੱਬ ਦਿੱਤਾ। ਜਿਸ ਸਮੇਂ ਦੌਰਾਨ ਗੁਰਨਾਮ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਸਭ ਤੋਂ ਵੱਧ ਸਮੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੀ ਵਾਗਡੋਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸੰਭਾਲੀ। ਸੰਨ 2012 ਤੋਂ 2017 ਤੀਕ ਤਾਂ ਪੰਜਾਬ ਦੀ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਇਕ ਐਸਾ ਅਧਿਆਏ ਜੁੜਿਆ, ਜਿਸ ਦੀ ਕਲਪਨਾ ਪੰਜਾਬ ਦੀ ਕਿਸੇ ਵੀ ਸਿਆਸੀ ਧਿਰ ਨੇ ਨਹੀਂ ਕੀਤੀ ਸੀ। ਜਦੋਂ ਅਕਾਲੀ ਦਲ ਲਗਾਤਾਰ 2007 ਤੋਂ 2017 ਤੱਕ ਲਗਾਤਾਰ 10 ਸਾਲ ਸੱਤਾ 'ਤੇ ਕਾਬਜ਼ ਰਿਹਾ। ਇਹ ਪੰਜਾਬ ਦੀ ਐਸੀ ਰਾਜਸੀ ਧਿਰ ਸੀ, ਜੋ ਸੱਤਾ ਵਿਚ ਲਗਾਤਾਰਤਾ 'ਚ ਵਾਪਸੀ ਕਰ ਸਕੀ ਸੀ। ਐਸੇ ਸ਼ਕਤੀਸ਼ਾਲੀ ਰਾਜ ਸ਼ਾਸ਼ਨ ਦੇ ਬਾਵਜੂਦ ਸਵਾ ਸੌ ਸਾਲ ਹੰਢਾ ਚੁੱਕੀ ਇਹ ਸਿਆਸੀ ਪਾਰਟੀ ਅੱਜ ਬੜੇ ਵੱਡੇ ਸਿਆਸੀ ਸੰਕਟ 'ਚੋਂ ਗੁਜ਼ਰ ਰਹੀ ਹੈ, ਜਿਸ ਦੇ ਸਿੱਟੇ ਵਜੋਂ ਸਿੱਖਾਂ ਦੀ ਸ਼ਕਤੀ ਦੀ ਦੁਰਦਸ਼ਾ ਲਈ ਭਾਵੇਂ ਰਾਜ ਸੱਤਾ ਦੌਰਾਨ ਆਈਆਂ ਊਣਤਾਈਆਂ ਜ਼ਿੰਮੇਵਾਰ ਹਨ ਪਰ ਪੰਜਾਬੀਆਂ ਦੇ ਹੱਕਾਂ ਦੀ ਪਹਿਰੇਦਾਰ ਰਹੀ ਦੇਸ਼ ਦੀ ਪਹਿਲੀ ਰਾਜਸੀ ਸਿੱਖ ਜਥੇਬੰਦੀ ਅੱਜ ਸਿੱਖਾਂ ਦੀ ਏਕਤਾ ਦੀ ਥੁੜ੍ਹ ਕਾਰਨ ਪੰਜਾਬੀਆਂ ਤੋਂ ਮੁੜ ਸੁਰਜੀਤੀ ਅਤੇ ਚੜ੍ਹਦੀਕਲਾ ਲਈ ਸਹਿਯੋਗ ਦੀ ਅਪੀਲ ਕਰਦੀ ਜਾਪ ਰਹੀ ਹੈ। ਸ਼ਾਲਾ ਇਤਿਹਾਸਕ ਜਥੇਬੰਦੀ ਸਮਾਂ ਰਹਿੰਦਿਆਂ ਪੰਜਾਬੀਆਂ ਦੀ ਸਿਰਮੌਰ ਰਾਜਸੀ ਸੱਥ ਵਜੋਂ ਮੁੜ ਸਥਾਪਤ ਹੋਵੇ। ਪਰ ਇਸ ਲਈ ਲੀਡਰਸ਼ਿਪ ਨੂੰ ਤਿਆਗ ਕੇ ਕੁਰਬਾਨੀ ਦੀ ਭਾਵਨਾ ਨਾਲ ਕੰਮ ਕਰਨਾ ਪਵੇਗਾ।

Loading