ਬਾਬਾ ਜੀਵਨ ਸਿੰਘ ਦੀ ਮਹਾਨ ਸੇਵਾ ਤੇ ਸ਼ਹਾਦਤ

In ਮੁੱਖ ਲੇਖ
December 21, 2024
ਤਲਵਿੰਦਰ ਸਿੰਘ ਬੁਟਰ: ਇਤਿਹਾਸਕਾਰਾਂ ਅਨੁਸਾਰ 'ਰੰਘਰੇਟਿਆਂ' ਦਾ ਸਿੱਖੀ ਵਿਚ ਪ੍ਰਵੇਸ਼ ਭਾਈ ਜੈਤਾ ਜੀ ਦੇ ਪੂਰਵਜ਼ ਭਾਈ ਕਲਿਆਣਾ ਜੀ ਤੋਂ ਹੋਇਆ। 'ਗੁਰੂ ਕੇ ਬੇਟੇ' ਪੁਸਤਕ ਦੇ ਕਰਤਾ ਜਸਵੰਤ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੌਥੀ ਉਦਾਸੀ ਤੋਂ ਬਾਅਦ ਜਦੋਂ ਬਾਬਾ ਬੁੱਢਾ ਜੀ ਨਾਲ ਮਿਲਾਪ ਹੋਇਆ ਤਾਂ ਉਸ ਵੇਲੇ ਭਾਈ ਕਲਿਆਣਾ ਜੀ ਵੀ ਬਾਬਾ ਬੁੱਢਾ ਜੀ ਦੇ ਨਾਲ ਹੀ ਸਨ, ਜੋ ਕਿ ਬਾਬਾ ਬੁੱਢਾ ਜੀ ਦੇ ਪਿੰਡ ਕੱਥੂਨੰਗਲ ਦੇ ਹੀ ਵਸਨੀਕ ਸਨ। ਭਾਈ ਕਲਿਆਣਾ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਗੁਰੂ-ਘਰ ਦੀ ਅਨਿੰਨ ਸੇਵਾ ਕੀਤੀ। ਜਦੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਤਾਂ ਭਾਈ ਕਲਿਆਣਾ ਜੀ ਪਰਿਵਾਰ ਸਮੇਤ ਇਸ ਸੇਵਾ ਵਿਚ ਸ਼ਾਮਲ ਹੋਏ। 'ਤਵਾਰੀਖ ਗੁਰੂ ਖ਼ਾਲਸਾ' ਅਨੁਸਾਰ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਲਈ ਗਵਾਲੀਅਰ ਲਈ ਰਵਾਨਾ ਹੋਏ ਤਾਂ ਗੁਰੂ-ਘਰ ਦਾ ਪ੍ਰਬੰਧ ਬਾਬਾ ਬੁੱਢਾ ਜੀ ਸਮੇਤ ਜਿਨ੍ਹਾਂ ਪੰਜ ਸਿੱਖਾਂ ਨੂੰ ਸੌਂਪ ਕੇ ਗਏ, ਉਨ੍ਹਾਂ ਵਿਚੋਂ ਇਕ ਭਾਈ ਕਲਿਆਣਾ ਜੀ ਸਨ। ਭਾਈ ਕਲਿਆਣਾ ਜੀ ਦੀ ਚੌਥੀ ਪੀੜ੍ਹੀ ਵਿਚੋਂ ਭਾਈ ਸਦਾ ਨੰਦ ਸਨ। ਬਾਬਾ ਬਕਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਭੋਰੇ ਵਿਚ ਤਪੱਸਿਆ ਕਰਨ ਵੇਲੇ ਭਾਈ ਸਦਾ ਨੰਦ ਜੀ ਨੇ ਲੰਬਾ ਸਮਾਂ ਗੁਰੂ ਸਾਹਿਬ ਦੀ ਸੇਵਾ ਕੀਤੀ ਅਤੇ ਇੱਥੋਂ ਹੀ ਬਾਅਦ ਵਿਚ ਉਹ ਨੌਵੀਂ ਪਾਤਸ਼ਾਹੀ ਦੇ ਨਾਲ ਪਟਨਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਲੇ ਗਏ। ਭਾਈ ਸਦਾ ਨੰਦ ਦਾ ਵਿਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀਂ ਪੰਡਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਦੇ ਨਾਲ ਕਰਵਾਇਆ ਸੀ। ਬੀਬੀ ਲਾਜਵੰਤੀ ਨੇ ਵੀ ਗੁਰੂ-ਘਰ ਦੀ ਇੰਨੀ ਸੇਵਾ ਕੀਤੀ ਕਿ ਮਾਤਾ ਗੁਜਰੀ ਜੀ ਉਸ ਨੂੰ ਪਿਆਰ ਨਾਲ 'ਪ੍ਰੇਮੋ' ਆਖ ਕੇ ਬੁਲਾਉਂਦੇ ਸਨ। ਭਾਈ ਸਦਾ ਨੰਦ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ ਭਾਈ ਜੈਤਾ ਜੀ ਅਤੇ ਭਾਈ ਸੰਗਤਾ ਜੀ। ਭਾਈ ਜੈਤਾ ਜੀ ਦਾ ਜਨਮ ਪਿੰਡ ਗੱਗੋਮਾਹਲ (ਅੰਮ੍ਰਿਤਸਰ) ਵਿਚ ਹੋਇਆ। ਪਿਤਾ ਸਦਾ ਨੰਦ ਦੀਆਂ ਧਰਮ ਪ੍ਰਚਾਰ ਫੇਰੀਆਂ ਕਾਰਨ ਭਾਈ ਜੈਤੇ ਦਾ ਬਚਪਨ ਬਨਾਰਸ ਅਤੇ ਪਟਨਾ ਸਾਹਿਬ ਵਿਚ ਬੀਤਿਆ। ਭਾਈ ਜੈਤਾ ਜੀ ਨੇ ਪਟਨਾ ਸਾਹਿਬ ਵਿਖੇ ਹੀ ਗੁਰਮੁਖੀ, ਗੁਰਬਾਣੀ ਅਤੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਪੰਜਾਬੀ, ਹਿੰਦੀ, ਬ੍ਰਿਜ, ਸੰਸਕ੍ਰਿਤ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਅਤੇ ਸੰਗੀਤ ਸਿੱਖਿਆ ਬਾਲ ਗੋਬਿੰਦ ਰਾਇ ਜੀ ਲਈ ਨਿਯੁਕਤ ਕੀਤੇ ਉਸਤਾਦਾਂ ਕੋਲੋਂ ਲਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਭਾਈ ਸਦਾ ਨੰਦ ਦਾ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਆ ਗਿਆ। ਇੱਥੇ ਉਨ੍ਹਾਂ ਨੇ ਗੁਰੂ ਦੀ ਸਿੱਖਿਆ ਅਤੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਧਰਮ ਦੀ ਆਜ਼ਾਦੀ ਖ਼ਾਤਰ ਸ਼ਹਾਦਤ ਦੇਣ ਲਈ 11 ਜੁਲਾਈ 1675 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਪੰਜ ਹਜ਼ੂਰੀ ਸਿੱਖਾਂ ਸਮੇਤ ਦਿੱਲੀ ਲਈ ਰਵਾਨਾ ਹੋਏ। ਮਗਰੋਂ ਭਾਈ ਜੈਤਾ ਜੀ ਦਿੱਲੀ ਵਿਚ ਗੁਰੂ ਸਾਹਿਬ ਦੀ ਖ਼ਬਰ ਲੈਣ ਪਹੁੰਚੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ 'ਕੰਕਣ' ਅਨੁਸਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਤੋਂ ਪਹਿਲਾਂ ਭਾਈ ਜੈਤਾ ਜੀ ਰਾਹੀਂ ਗੁਰਬਾਣੀ ਦੇ 57 ਸਲੋਕ, ਇਕ ਹੁਕਮਨਾਮਾ, 5 ਪੈਸੇ, ਨਾਰੀਅਲ ਅਤੇ ਗੁਰਗੱਦੀ ਤਿਲਕ ਸ੍ਰੀ ਅਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਨੂੰ ਭੇਜਿਆ। ਬਾਲ ਗੋਬਿੰਦ ਰਾਏ ਜੀ ਨੂੰ ਗੁਰਗੱਦੀ 'ਤੇ ਬਿਰਾਜਮਾਨ ਕਰਵਾਉਣ ਉਪਰੰਤ ਭਾਈ ਜੈਤਾ ਜੀ ਮੁੜ ਦਸਮ ਗੁਰੂ ਜੀ ਦੇ ਹੁਕਮ ਅਨੁਸਾਰ ਦਿੱਲੀ ਚਲੇ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਔਰੰਗਜ਼ੇਬ ਨੇ 11 ਨਵੰਬਰ 1675 ਨੂੰ ਸੀਸ ਧੜ ਨਾਲੋਂ ਜ਼ੁਦਾ ਕਰਕੇ ਸ਼ਹੀਦ ਕਰਵਾ ਦਿੱਤਾ। ਹਕੂਮਤ ਦੀਆਂ ਅੱਖਾਂ 'ਚ ਘੱਟਾ ਪਾ ਕੇ ਭਾਈ ਜੈਤਾ ਜੀ ਕਿਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਬਾਲ ਗੋਬਿੰਦ ਰਾਇ ਜੀ ਨੇ ਭਾਈ ਜੈਤਾ ਦੀ ਦਲੇਰੀ, ਕੁਰਬਾਨੀ ਅਤੇ ਦ੍ਰਿੜ੍ਹਤਾ 'ਤੇ ਪ੍ਰਸੰਨ ਹੁੰਦਿਆਂ ਉਸ ਨੂੰ ਛਾਤੀ ਨਾਲ ਲਾਇਆ ਅਤੇ ਬਚਨ ਕੀਤਾ, 'ਰੰਘਰੇਟੇ ਗੁਰੂ ਕੇ ਬੇਟੇ।' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਚ ਰਣਜੀਤ ਨਗਾਰਾ ਵਜਾਉਣ ਦੀ ਪਰੰਪਰਾ ਆਰੰਭ ਕੀਤੀ ਤਾਂ ਭਾਈ ਜੈਤਾ ਨੂੰ ਨਗਾਰਚੀ ਨੀਯਤ ਕੀਤਾ। ਭਾਈ ਜੈਤਾ ਜੀ ਦਾ ਅਨੰਦ ਕਾਰਜ ਦਸਮ ਪਿਤਾ ਨੇ ਭਾਈ ਸੁਜਾਨ ਸਿੰਘ ਪਿੰਡ ਰਿਆੜਕੀ ਪਰਗਨਾ ਪੱਟੀ ਦੀ ਧੀ ਬੀਬੀ ਰਾਜ ਕੌਰ ਨਾਲ ਕਰਵਾਇਆ। ਦਸਮ ਪਾਤਸ਼ਾਹ ਨੇ ਕਿਲ੍ਹਾ ਅਨੰਦਗੜ੍ਹ ਦੀ ਉਸਾਰੀ ਆਰੰਭ ਕਰਵਾਈ ਤਾਂ ਕਿਲ੍ਹੇ ਦੀ ਪੱਛਮ ਵਾਲੀ ਕੰਧ ਦੇ ਨਾਲ ਹੀ ਭਾਈ ਜੈਤਾ ਜੀ ਦੀ ਰਿਹਾਇਸ਼ ਵਾਸਤੇ ਟਿੱਬੀ 'ਤੇ ਇਕ ਬੁੰਗਾ ਬਣਵਾ ਕੇ ਦਿੱਤਾ। ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ, 'ਗੁਰੂ ਜੀ ਨੇ ਭਾਈ ਜੈਤੇ ਨੂੰ ਆਪਣੇ ਸਾਹਿਬਜ਼ਾਦਿਆਂ ਨਾਲ ਅੰਮ੍ਰਿਤ ਛਕਾ ਕੇ ਅਤੇ ਪੰਜਵਾਂ ਸਾਹਿਬਜ਼ਾਦਾ ਹੋਣ ਦਾ ਵਰਦਾਨ ਦੇ ਕੇ ਜਾਤਿ ਪਾਤਿ ਤੇ ਛੂਆ-ਛਾਤ ਨੂੰ ਉੱਕਾ ਹੀ ਖ਼ਤਮ ਕਰਨ ਦਾ ਜੋ ਉਦਾਹਰਣ ਪੇਸ਼ ਕੀਤਾ ਉਸ ਦੀ ਇਤਿਹਾਸ ਵਿਚੋਂ ਹੋਰ ਕੋਈ ਮਿਸਾਲ ਨਹੀਂ ਮਿਲਦੀ।' ਦਸਮ ਪਾਤਸ਼ਾਹ ਵਲੋਂ 19-20 ਦਸੰਬਰ 1704 ਈਸਵੀ ਦੀ ਵਿਚਕਾਰਲੀ ਰਾਤ ਪਰਿਵਾਰ ਤੇ ਸਿੱਖ ਸੇਵਕਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਣਾਂ ਨੇ ਘੇਰ ਲਿਆ। ਬਾਬਾ ਜੀਵਨ ਸਿੰਘ 'ਭਾਈ ਜੈਤਾ ਜੀ' ਨੇ ਬਹਾਦਰੀ ਤੇ ਜੰਗੀ ਕਲਾ ਦੇ ਜੌਹਰ ਦਿਖਾਉਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਣ ਫ਼ੌਜਾਂ ਦੇ ਘੇਰੇ ਵਿਚੋਂ ਕੱਢ ਕੇ ਸਰਸਾ ਨਦੀ ਤੋਂ ਪਾਰ ਲੰਘਾਇਆ। ਅਖੀਰ ਚਮਕੌਰ ਦੀ ਕੱਚੀ ਗੜ੍ਹੀ ਵਿਚ ਮੁਗ਼ਲ ਫ਼ੌਜਾਂ ਨਾਲ ਬਹਾਦਰੀ ਨਾਲ ਜੂਝਦਿਆਂ 22 ਦਸੰਬਰ 1704 ਈਸਵੀ ਨੂੰ ਬਾਬਾ ਜੀਵਨ ਸਿੰਘ 'ਭਾਈ ਜੈਤਾ ਜੀ' ਸ਼ਹੀਦੀ ਜਾਮ ਪੀ ਗਏ। ਬਾਬਾ ਜੀਵਨ ਸਿੰਘ 'ਭਾਈ ਜੈਤਾ ਜੀ' ਨੇ ਦਸਮ ਪਾਤਸ਼ਾਹ ਦੇ ਨਾਲ ਹੀ ਲਗਭਗ 29 ਵਰ੍ਹੇ ਆਪਣੇ ਜੀਵਨ ਦੇ ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰੂ-ਘਰ ਦੀ ਸੇਵਾ-ਬਿਰਤੀ ਵਿਚ ਬਿਤਾਏ, ਆਪ ਦੇ ਚਾਰ ਪੁੱਤਰ, ਪਿਤਾ-ਮਾਤਾ ਅਤੇ ਭਰਾ (ਚਮਕੌਰ ਦੀ ਗੜ੍ਹੀ ਦੇ ਸ਼ਹੀਦ ਭਾਈ ਸੰਗਤ ਸਿੰਘ) ਵੀ ਸ਼ਹੀਦ ਹੋਏ। ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਪੱਛਮੀ ਬਾਹੀ ਵੱਲ ਭਾਈ ਜੈਤਾ ਜੀ ਦਾ ਪੁਰਾਤਨ ਰਿਹਾਇਸ਼ੀ ਬੁੰਗਾ ਅੱਜ ਵੀ ਮੌਜੂਦ ਹੈ, ਜਿਸ ਦੀ ਸੇਵਾ-ਸੰਭਾਲ ਭਾਈ ਜੈਤਾ ਜੀ ਦੇ ਖ਼ਾਨਦਾਨ ਵਿਚੋਂ ਬਾਬਾ ਕਿਰਪਾਲ ਸਿੰਘ ਦੇ ਸਪੁੱਤਰ ਬਾਬਾ ਤੀਰਥ ਸਿੰਘ ਕਰ ਰਹੇ ਹਨ। ਪੁਰਾਤਨ ਰਿਹਾਇਸ਼ੀ ਬੁੰਗੇ ਅੰਦਰਲੇ ਤੋਸ਼ੇਖ਼ਾਨੇ ਵਿਚ ਬਾਬਾ ਜੀਵਨ ਸਿੰਘ 'ਭਾਈ ਜੈਤਾ ਜੀ' ਦੇ ਸ਼ਸਤਰ- ਨਾਗਣੀ, ਕਟਾਰ, ਕੜਾ ਅਤੇ ਕਿਰਪਾਨ ਸੁਸ਼ੋਭਿਤ ਹਨ ।

Loading