ਮੈਂ ਜਾਣ ਬੁੱਝ ਕੇ ਆਪਣੀ ਮਾਂ ਬੋਲੀ ਪੰਜਾਬੀ ਵਿਚ ਆਪ ਜੀ ਨੂੰ ਇਹ ਖਤ ਲਿਖ ਰਿਹਾ ਹਾਂ। ਇਹ ਲਿਖ ਵੀ ਉਸ ਸਮੇਂ ਰਿਹਾ ਹਾਂ ਜਦੋਂ ਭਾਰਤ ਦੇ ਲੋਕਤੰਤਰ ਦੀਆਂ, ਭਾਰਤ ਦੀਆਂ ਹੀ ਸਰਕਾਰਾਂ ਧੱਜੀਆਂ ਉਡਾ ਰਹੀਆਂ ਹਨ, ਜੋ ਸਪੱਸ਼ਟ ਦਿਖ ਰਹੀਆਂ ਹਨ, ਪਰ ਫਿਰ ਵੀ ਸਾਡੀ ਨਿਆਂਪਾਲਿਕਾ ਮੂਕ ਦਰਸ਼ਕ ਬਣੀ ਬੈਠੀ ਹੈ। ਲੋਕਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ਵਰਗੇ ਬੇਹੱਦ ਸੰਵੇਦਨਸ਼ੀਲ ਮੁੱਦੇ ਉੱਤੇ ਚੁੱਪ ਹੈ। ਇਹ ਨਹੀਂ ਕਿ ਮਾਣਯੋਗ ਸੁਪਰੀਮ ਕੋਰਟ ਦੇ ਇਹ ਮੁੱਦਾ ਧਿਆਨ ਵਿਚ ਨਹੀਂ। ਅਫ਼ਸੋਸ ਇਹ ਹੈ ਕਿ ਸਤਿਕਾਰਯੋਗ ਸੁਪਰੀਮ ਕੋਰਟ ਵਲੋਂ ਥੋੜ੍ਹੇ ਦਿਨ ਪਹਿਲਾਂ ਕਿਸਾਨ ਨੇਤਾ ਸ. ਜਗਜੀਤ ਸਿੰਘ ਡੱਲੇਵਾਲ ਜੋ ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਮਰਨ ਵਰਤ ਉੱਤੇ ਬੈਠੇ ਹਨ, ਸੰਬੰਧੀ ਭਾਰਤ, ਹਰਿਆਣਾ ਅਤੇ ਪੰਜਾਬ ਸਰਕਾਰਾਂ ਨੂੰ ਢਿੱਲੀਆਂ ਹਦਾਇਤਾਂ ਹੀ ਦਿੱਤੀਆਂ ਗਈਆਂ ਹਨ।
ਸ੍ਰੀਮਾਨ ਜੀ, ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਅਤੇ ਪੰਜਾਬੀਆਂ ਦੇ ਜਜ਼ਬੇ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝੋ। ਦੇਸ਼ ਦੇ ਕੇਵਲ ਡੇਢ ਫ਼ੀਸਦ ਖੇਤਰ ਵਿਚ ਵਸਦੇ ਇਥੋਂ ਦੇ ਲੋਕ ਸਦੀਆਂ ਤੋਂ ਹਰ ਜ਼ੁਲਮ ਦੇ ਖ਼ਿਲਾਫ਼ ਲੜਦੇ ਆਏ ਹਨ। ਜਦੋਂ ਮੁਗਲ ਕਾਲ ਸਮੇਂ ਜਾਬਰ ਧਾੜਵੀ ਦਿੱਲੀ ਨੂੰ ਲੁੱਟ ਕੇ ਉਥੋਂ ਧੀਆਂ ਨੂੰ ਬੰਦੀ ਬਣਾ ਕੇ ਅਫ਼ਗਾਨਿਸਤਾਨ ਵੱਲ ਲਿਜਾਇਆ ਕਰਦੇ ਸਨ, ਉਦੋਂ ਸਾਡੇ ਪੂਰਵਜ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦੇ ਅਤੇ ਬੰਦੀ ਬਣਾਈਆਂ ਧੀਆਂ ਨੂੰ ਛੁਡਾ ਕੇ ਘਰੋਂ ਘਰੀ ਉਨ੍ਹਾਂ ਦੇ ਵਾਰਸਾਂ ਕੋਲ ਪੁਚਾਇਆ ਕਰਦੇ ਸਨ। ਇਤਿਹਾਸ ਗਵਾਹ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਫਾਂਸੀ ਦੇ ਰੱਸੇ ਚੁੰਮਣ ਵਾਲੇ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਦੇਸ਼ ਦੇ ਯੋਧਿਆਂ ਵਿਚੋਂ 90 ਫ਼ੀਸਦ ਤੋਂ ਵੱਧ ਪੰਜਾਬੀ ਸਨ। ਅੱਜ ਵੀ ਪੰਜਾਬ ਦੇਸ਼ ਦੀ ਖੜਗ ਭੁਜਾ ਹੈ। ਜਦੋਂ ਵੀ ਚੀਨ ਜਾਂ ਪਾਕਿਸਤਾਨ ਵੱਲੋਂ ਦੇਸ਼ ਉੱਤੇ ਹਮਲਾ ਹੋਇਆ, ਪੰਜਾਬੀਆਂ ਦੇ ਪੁੱਤਰ ਫ਼ੌਜੀ, ਦੇਸ਼ ਲਈ ਹਿੱਕ ਡਾਹ ਕੇ ਲੜੇ। ਚੀਨ ਦੀ 1962 ਦੀ ਜੰਗ ਤੋਂ ਬਾਅਦ ਦੇਸ਼ ਦੀ ਰੱਖਿਆ ਲਈ ਇਕੱਲੇ ਪੰਜਾਬੀਆਂ ਨੇ 17 ਕੁਇੰਟਲ 20 ਕਿੱਲੋ ਸੋਨਾ ਸਰਕਾਰ ਨੂੰ ਦਾਨ ਕੀਤਾ ਜਦ ਕਿ ਬਾਕੀ ਦੇਸ਼ ਨੇ ਕੇਵਲ 18 ਕਿੱਲੋ। ਜਦੋਂ ਦੇਸ਼ ਅੰਨ ਸੰਕਟ ਵਿਚ ਫਸਿਆ ਤਾਂ ਪੰਜਾਬ ਦੇ ਕਿਸਾਨਾਂ ਨੇ 1966-67 ਤੋਂ 1970 ਤੱਕ ਦੇਸ਼ ਨੂੰ ਅੰਨ ਦੇ ਘਾਟੇ ਦੀ ਥਾਂ ਆਤਮ ਨਿਰਭਰ ਹੀ ਨਹੀਂ, ਫੂਡ ਸਰਪਲੱਸ ਦੇਸ਼ ਵੀ ਬਣਾਇਆ। ਭਾਵੇਂ ਕੋਈ ਆਫ਼ਤ ਆਵੇ, ਮੱਦਦ ਲਈ ਪੰਜਾਬੀ ਹਮੇਸ਼ਾ ਮੋਹਰੀ ਰਹੇ। ਪੰਜਾਬੀਆਂ ਨਾਲ ਇਸ ਸਭ ਦੇ ਬਾਵਜੂਦ ਕੇਂਦਰੀ ਹੁਕਮਰਾਨਾਂ ਨੇ ਜੋ ਸਲੂਕ ਕੀਤਾ, ਉਹ ਅਫ਼ਸੋਸਨਾਕ ਹੀ ਨਹੀਂ ਨਿੰਦਣਯੋਗ ਵੀ ਹੈ।
ਸ੍ਰੀਮਾਨ ਜੀ ਇਹ ਸਾਰਾ ਜੱਗ ਜਾਣਦਾ ਹੈ ਕਿ 1982 ਵਿਚ ਜਦੋਂ ਸ੍ਰੀ ਭਜਨ ਲਾਲ ਹਰਿਆਣਾ ਦੇ ਮੁੱਖ ਮੰਤਰੀ ਬਣੇ, ਉਦੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਏਸ਼ੀਅਨ ਖੇਡਾਂ ਹੋਈਆਂ। ਭਜਨ ਲਾਲ ਦੀ ਸਰਕਾਰ ਨੇ ਪੰਜਾਬੀਆਂ ਨੂੰ ਨਾ ਕੇਵਲ ਦਿੱਲੀ ਜਾਣ ਤੋਂ ਰੋਕਿਆ, ਸਗੋਂ ਬੱਸਾਂ ਕਾਰਾਂ ਵਿਚੋਂ ਉਤਾਰ ਕੇ ਜ਼ਲੀਲ ਵੀ ਕੀਤਾ। ਉਦੋਂ ਵੀ ਦੇਸ਼ ਦੇ ਕੇਂਦਰੀ ਹੁਕਮਰਾਨ ਅਤੇ ਸਾਡੀ ਜੁਡੀਸ਼ਅਰੀ ਮੂਕ ਦਰਸ਼ਕ ਬਣੀ ਰਹੀ। ਦਿੱਲੀ ਅਤੇ ਦੇਸ਼ ਵਿਚ ਵੱਖ-ਵੱਖ ਥਾਂਵਾਂ ਉੱਤੇ ਹੋਈ ਸਿੱਖਾਂ ਦੀ 1984 ਵਾਲੀ ਨਸਲਕੁਸ਼ੀ ਸਿੱਖਾਂ ਦੇ ਮਨਾਂ ਵਿਚ ਸਦੀਆਂ ਤੱਕ ਧੁਖਦੀ ਰਹੇਗੀ। ਇਕ ਵਾਰ ਫੇਰ 2020-21 ਵਿਚ ਦਿੱਲੀ ਦੀਆਂ ਬਰੂਹਾਂ ਉੱਤੇ ਹੋਇਆ ਇਤਿਹਾਸਕ ਕਿਸਾਨ ਅੰਦੋਲਨ, ਕੇਂਦਰ ਵੱਲੋਂ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੀ ਮੂੰਹ ਬੋਲਦੀ ਤਸਵੀਰ ਹੈ। ਕੇਂਦਰ ਸਰਕਾਰ ਨੇ ਦਿੱਲੀ ਵੱਲ ਜਾਂਦੇ ਸਾਰੇ ਕੌਮੀ ਮਾਰਗ ਬੈਰੀਕੇਡ ਲਾ ਕੇ 13 ਮਹੀਨੇ ਬੰਦ ਕਰੀ ਰੱਖੇ। ਕਿਸਾਨਾਂ ਦਾ ਇਹ ਅੰਦੋਲਨ ਵਿਸ਼ਵ ਭਰ ਵਿਚ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ, ਸਭ ਤੋਂ ਵੱਧ ਸ਼ਾਂਤਮਈ ਅਤੇ ਸਭ ਤੋਂ ਵੱਧ ਸ਼ਮੂਲੀਅਤ ਵਾਲਾ ਅੰਦੋਲਨ ਇਤਿਹਾਸਕ ਹੋ ਨਿਬੜਿਆ। ਕੌਮੀ ਸ਼ਾਹਰਾਹ ਕੇਂਦਰ ਸਰਕਾਰ ਨੇ ਗ਼ੈਰ ਸੰਵਿਧਾਨਕ ਤਰੀਕੇ ਨਾਲ ਕਿਉਂ ਰੋਕੇ? ਸਾਡੇ ਜੁਡੀਸ਼ੀਅਲ ਸਿਸਟਮ ਨੇ ਕੱਖ ਨਹੀਂ ਕੀਤਾ। ਸਰਕਾਰ ਨੇ ਆਪਣੇ ਬਣਾਏ ਤਿੰਨ ਕਾਲੇ ਕਾਨੂੰਨ ਦੋਬਾਰਾ ਪਾਰਲੀਮੈਂਟ ਦਾ ਅਜਲਾਸ ਸੱਦ ਕੇ ਵਾਪਸ ਲੈ ਲਏ। ਫ਼ਸਲਾਂ ਦੀ ਐਮ.ਐਸ.ਪੀ. ਅਤੇ ਬਾਕੀ ਮੰਗਾਂ ਹੱਲ ਕਰਨ ਦਾ ਲਿਖਤੀ ਭਰੋਸਾ ਦੇ ਕੇ ਕੇਂਦਰ ਸਰਕਾਰ ਅੱਜ ਤੱਕ ਚੁੱਪ ਹੈ।
ਸ੍ਰੀਮਾਨ ਜੀ, ਕਿਸਾਨ, ਜਿਸ ਨੂੰ ਸਾਰਾ ਦੇਸ਼ ਅੰਨ ਦਾਤਾ ਕਹਿੰਦਾ ਹੈ, ਕੋਈ ਹੁਕਮਰਾਨਾਂ ਦੇ ਸਿਆਸੀ ਵਿਰੋਧੀ ਨਹੀਂ। ਉਹ ਸਭ ਤੋਂ ਸਖ਼ਤ ਮਿਹਨਤ ਕਰ ਕੇ ਵੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ੇ ਵਿਚ ਫਸੇ ਹੋਏ ਹਨ। ਸਾਰੇ ਦੇਸ਼ ਵਿਚ ਲੱਖਾਂ ਕਿਸਾਨ ਖ਼ੁਦਕੁਸ਼ੀਆਂ ਕਰ ਗਏ। ਕਿਸੇ ਸਰਕਾਰ ਨੂੰ ਪਰਵਾਹ ਨਹੀਂ। ਸਰਕਾਰ ਕੋਲ ਅਮੀਰ ਲੋਕਾਂ ਖਾਸਕਰ ਕਾਰਪੋਰੇਟ ਘਰਾਣਿਆਂ ਲਈ ਕਰਜ਼ਾ ਮਾਫ਼ ਕਰਨ ਲਈ ਲੱਖਾਂ ਕਰੋੜ ਹਨ ਪਰ ਅੰਨ ਦਾਤੇ ਲਈ ਸਰਕਾਰ ਦਾ ਖ਼ਜ਼ਾਨਾ ਹਮੇਸ਼ਾ ਖ਼ਾਲੀ ਹੀ ਰਹਿੰਦਾ ਹੈ।
ਸ੍ਰੀਮਾਨ ਜੀ, ਇਕ ਵਾਰ ਫੇਰ ਪੰਜਾਬ ਦੇ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਫਰਵਰੀ 2024 ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ। ਉਹ ਸ਼ਾਂਤਮਈ ਰੋਸ ਵਜੋਂ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਹਨ। ਜਿਵੇਂ ਦਿੱਲੀ ਬਾਰਡਰ ਉੱਤੇ 2020 ਵਿਚ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਾ ਕੇ ਕਿੱਲ ਗੱਡੇ ਸਨ, ਉਸੇ ਤਰ੍ਹਾਂ ਇਸ ਵਾਰ ਵੀ ਹਰਿਆਣਾ ਅਤੇ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣੇ ਦੇ ਸ਼ੰਭੂ ਅਤੇ ਖਨੌਰੀ ਆਦਿ ਬਾਰਡਰਾਂ ਉੱਤੇ ਕੰਕਰੀਟ ਦੇ ਸੱਤ-ਸੱਤ ਪੜਤਾਂ ਵਿਚ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ। ਇਹੋ ਨਹੀਂ ਸਰਕਾਰ ਨੇ ਜਬਰ ਨਾਲ ਹੁਣ ਤੱਕ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ, ਅੱਥਰੂ ਅਤੇ ਜ਼ਹਿਰੀਲੀਆਂ ਗੈਸਾਂ ਛੱਡੀਆਂ, ਕੈਮੀਕਲ ਵਾਲੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਕਿਸਾਨਾਂ ਨੂੰ ਕੁੱਟ-ਕੁੱਟ ਕੇ ਹੱਡੀਆਂ ਤੋੜੀਆਂ। ਇਕ ਕਿਸਾਨ ਸ਼ੁਭਕਰਨ ਸਿੰਘ ਗੋਲੀ ਨਾਲ ਸ਼ਹੀਦ ਕੀਤਾ। ਕਈਆਂ ਦੀਆਂ ਦੋਵੇਂ ਅੱਖਾਂ ਗਈਆਂ, 450 ਤੋਂ ਵੱਧ ਕਿਸਾਨ ਹੁਣ ਤੱਕ ਜ਼ਖ਼ਮੀ ਹੋਏ। ਸਰਕਾਰ ਨੇ ਨੈਸ਼ਨਲ ਹਾਈਵੇ ਲਗਾਤਾਰ ਬੰਦ ਕੀਤੇ ਹੋਏ ਹਨ। ਹੁਣ ਵੀ ਜਦੋਂ ਨਿਹੱਥੇ ਕਿਸਾਨ 101, 101 ਦੇ ਜੱਥੇ ਬਣਾ ਕੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦੇ ਸ਼ਾਂਤਮਈ ਦਿੱਲੀ ਵੱਲ ਵਧਦੇ ਹਨ ਤਾਂ ਉਨ੍ਹਾਂ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ।
ਸ੍ਰੀਮਾਨ ਜੀ, ਤੰਗ ਆ ਕੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠ ਗਏ ਹਨ। ਇਕ ਮਹੀਨਾ ਹੋਣ ਵਾਲਾ ਹੈ, ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਤਾਂ ਹੁਕਮ ਕੀਤੇ ਹਨ ਪਰ ਮਾਨਯੋਗ ਅਦਾਲਤ ਕਿਸਾਨਾਂ ਦੇ ਰਾਹ ਰੋਕਣ ਲਈ ਬੈਰੀਕੇਡ ਲਾਉਣ ਉੱਤੇ ਕਿਉਂ ਚੁੱਪ ਹੈ? ਕੀ ਸਾਨੂੰ ਦੱਸੋਗੇ ਕਿ ਸੰਵਿਧਾਨ ਦੀ ਕਿਹੜੀ ਧਾਰਾ ਹੈ ਜੋ ਕਿਸਾਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਜਾ ਕੇ ਸ਼ਾਂਤਮਈ ਰੋਸ ਅਤੇ ਸ਼ਾਂਤਮਈ ਅੰਦੋਲਨ ਤੋਂ ਰੋਕਦੀ ਹੈ। ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਸੰਵਿਧਾਨ ਦੀ ਕਿਹੜੀ ਧਾਰਾ ਹੈ, ਜੋ ਉਸ ਨੂੰ ਬੈਰੀਕੇਡ ਲਾ ਕੇ ਸਮੁੱਚੇ ਪੰਜਾਬੀਆਂ ਦਾ ਰਾਹ ਬੰਦ ਕਰਨ ਦੀ ਆਗਿਆ ਦਿੰਦੀ ਹੋਵੇ। ਇਹ ਕੌਮੀ ਸ਼ਾਹਰਾਹ ਬੰਦ ਹੋਣ ਨਾਲ ਪੰਜਾਬ ਦੇ ਵਪਾਰ, ਇੰਡਸਟਰੀ ਅਤੇ ਆਮ ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ। ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ? ਕੀ ਪੰਜਾਬੀ ਵਿਦੇਸ਼ੀ ਜਾਂ ਦੇਸ਼ ਦੇ ਦੁਸ਼ਮਣ ਹਨ? ਅਸੀਂ ਆਪ ਜੀ ਤੋਂ ਇਹੋ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਸਰਕਾਰਾਂ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੀਆਂ ਹੋਣ ਤਾਂ ਸਾਡੀ ਜੁਡੀਸ਼ਅਰੀ ਕਿਉਂ ਚੁੱਪ ਹੈ? ਪੰਜਾਬੀਆਂ ਅੰਦਰ ਬੇਗਾਨਗੀ ਦੀ ਭਾਵਨਾ ਕਿਉਂ ਪੈਦਾ ਕਰਦੇ ਹੋ? ਸ੍ਰੀਮਾਨ ਜੀ, ਕੇਂਦਰੀ ਹੁਕਮਰਾਨਾਂ ਦਾ ਵਤੀਰਾ ਕਿਸੇ ਪੱਖੋਂ ਵੀ ਸੰਵਿਧਾਨਕ ਨਹੀਂ। ਇਸ ਲਈ ਤੁਰੰਤ ਦਖ਼ਲ ਦੇ ਕੇ ਸਪੱਸ਼ਟ ਹੁਕਮ ਦਿਓ ਅਤੇ ਜ਼ਿਆਦਤੀਆਂ ਲਈ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਕੇ ਕਿਸਾਨਾਂ ਨੂੰ ਇਨਸਾਫ਼ ਦਿਓ। ਇਹ ਸਾਡੀ ਸੰਵਿਧਾਨਕ ਮੰਗ ਹੈ।
ਤੁਰੰਤ ਕਾਰਵਾਈ ਦੀ ਆਸ ਵਿਚ, ਆਪ ਜੀ ਦਾ ਸ਼ੁੱਭ ਚਿੰਤਕ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਭਗਵਾਨਪੁਰਾ ਰੋਡ, ਸਮਰਾਲਾ-141114,
ਜ਼ਿਲ੍ਹਾ ਲੁਧਿਆਣਾ।