ਡੱਲੇਵਾਲ ਦਾ ਮਰਨ ਵਰਤ ਦੂਜੇ ਮਹੀਨੇ ’ਚ ਦਾਖ਼ਲ

In ਮੁੱਖ ਖ਼ਬਰਾਂ
December 27, 2024
ਪਟਿਆਲਾ/ਪਾਤੜਾਂ : ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਦੂਜੇ ਮਹੀਨੇ ’ਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਬੀਤੇ 31 ਦਿਨਾਂ ਤੋਂ ਕੁਝ ਵੀ ਨਹੀਂ ਖਾਧਾ ਹੈ ਜਿਸ ਕਾਰਨ ਰੋਗਾਂ ਨਾਲ ਲੜਨ ਦੀ ਅੰਦਰੂਨੀ ਤਾਕਤ (ਪ੍ਰਤੀਰੋਧਕ ਸ਼ਕਤੀ) ਬਹੁਤ ਕਮਜ਼ੋਰ ਹੋ ਗਈ ਹੈ ਅਤੇ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਥੋਂ ਤੱਕ ਕਿ ਅੱਜ ਤਾਂ ਉਨ੍ਹਾਂ ਨੇ ਪਾਣੀ ਦੀ ਘੁੱਟ ਵੀ ਨਹੀਂ ਭਰੀ ਕਿਉਂਕਿ ਪਾਣੀ ਪੀਣ ਕਾਰਨ ਬੁੱਧਵਾਰ ਸ਼ਾਮ ਤੋਂ ਹੀ ਉਨ੍ਹਾਂ ਨੂੰ ਉਲਟੀ ਆਉਣ ਲੱਗ ਪਈ ਸੀ। ਇਥੇ ਤਾਇਨਾਤ ਡਾ. ਸਵੈਮਾਨ ਸਿੰਘ ਦੀ ਟੀਮ ਅਤੇ ਹੋਰ ਸਰਕਾਰੀ-ਗੈਰ ਸਰਕਾਰੀ ਡਾਕਟਰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਡੱਲੇਵਾਲ ਦੇ ਅੰਗਾਂ ’ਤੇ ਗੰਭੀਰ ਅਸਰ ਪੈ ਰਿਹਾ ਹੈ। ਅੱਜ ਦੇ ਮੈਡੀਕਲ ਬੁਲੇਟਿਨ ਮੁਤਾਬਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਪਲਸ ਵੀ ਘੱਟ ਰਹੇ। ਇਸ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਦੋ ਵਿਧਾਇਕਾਂ ਨਰਿੰਦਰ ਕੌਰ ਭਰਾਜ ਅਤੇ ਗੁਰਲਾਲ ਘਨੌਰ ਨੇ ਅੱਜ ਇਥੇ ਪਹੁੰਚ ਕੇ ਡੱਲੇਵਾਲ ਦਾ ਹਾਲ-ਚਾਲ ਜਾਣਿਆ।

Loading