ਬਾਕੂ : ਅਜ਼ਰਬਾਇਜਾਨ ਏਅਰਲਾਈਨਜ਼ ਨੇ ਉਡਾਣ ਸੁਰੱਖਿਆ ਜੋਖ਼ਮਾਂ ਦਾ ਹਵਾਲਾ ਦਿੰਦੇ ਹੋਏ ਕਈ ਰੂਸੀ ਹਵਾਈ ਅੱਡਿਆਂ ਲਈ ਆਪਣੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਸ਼ਹਿਰਾਂ ਦੇ ਨਾਵਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਹਾਜ਼ ਕ੍ਰੈਸ਼ ਲਈ ਕਈ ਮਾਹਿਰਾਂ ਨੇ ਰੂਸੀ ਹਵਾਈ ਰੱਖਿਆ ਪ੍ਰਣਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਜ਼ਰਬਾਇਜਾਨ ਏਅਰਲਾਈਨਜ਼ ਦਾ ਐਂਬ੍ਰੇਅਰ 190 ਬੁੱਧਵਾਰ ਨੂੰ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਤੋਂ ਉੱਤਰੀ ਕਾਕੇਸ਼ਸ ’ਚ ਰੂਸੀ ਸ਼ਹਿਰ ਗ੍ਰੋਜਨੀ ਲਈ ਉਡਾਣ ਭਰੀ ਸੀ। ਉਸ ਨੂੰ ਕੁਝ ਕਾਰਨਾਂ ਕਰਕੇ ਡਾਇਵਰਟ ਕਰ ਦਿੱਤਾ ਗਿਆ ਤੇ ਕੈਸਪੀਅਨ ਦੇ ਪੂਰਬ ’ਚ ਉਡਾਣ ਭਰਨ ਤੋਂ ਬਾਅਦ ਕਜ਼ਾਕਿਸਤਾਨ ਦੇ ਅਕਤਾਊ ’ਚ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ 38 ਲੋਕਾਂ ਦੀ ਮੌਤ ਹੋ ਗਈ ਸੀ। ਅਜ਼ਰਬਾਇਜਾਨ, ਕਜ਼ਾਕਿਸਤਾਨ ਤੇ ਰੂਸ ਦੇ ਅਧਿਕਾਰੀ ਜਾਂਚ ਹੋਣ ਤੱਕ ਹਾਦਸੇ ਦੇ ਸੰਭਾਵੀ ਕਾਰਨਾਂ ਦੇ ਸਬੰਧ ’ਚ ਚੁੱਪ ਹਨ। ਹਾਲਾਂਕਿ, ਅਜ਼ਰਬਾਇਜਾਨ ਦੇ ਇਕ ਸੰਸਦ ਮੈਂਬਰ ਨੇ ਮਾਸਕੋ ਨੂੰ ਇਸਦੇ ਲਈ ਦੋਸ਼ੀ ਠਹਿਰਾਇਆ ਹੈ।
![]()
