
ਸਾਲ 2024 ਦੌਰਾਨ ਦੇਸ਼-ਵਿਦੇਸ਼ ਦੀਆਂ ਅਨੇਕ ਪ੍ਰਮੁੱਖ ਸ਼ਖ਼ਸੀਅਤਾਂ, ਬਾਲੀਵੁੱਡ ਸਿਤਾਰਿਆਂ, ਚੀਫ਼ ਜਸਟਿਸ, ਭਾਰਤ ਵਿਚ ਵੱਖ-ਵੱਖ ਮੁਲਕਾਂ ਦੇ ਰਾਜਦੂਤਾਂ ਤੇ ਨਾਮਵਰ ਸਿਆਸਤਦਾਨਾਂ ਸਮੇਤ ਹੋਰ ਧਾਰਮਿਕ, ਸਿਆਸੀ ਆਗੂਆਂ ਤੇ ਦੇਸ਼ ਵਿਦੇਸ਼ ਦੇ ਕਰੀਬ 5 ਕਰੋੜ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਸਤਿਕਾਰ ਦਾ ਇਜ਼ਹਾਰ ਕੀਤਾ । ਇਸ ਸਾਲ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼ਾਮਿਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਵੀ ਸ਼ਾਮਿਲ ਸਨ, ਜੋ 18 ਨਵੰਬਰ ਦੀ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਪੁੱਜੇ ਤੇ ਕਾਫੀ ਸਮਾਂ ਪਰਿਕਰਮਾ ਵਿਚ ਸਥਿਤ ਛਬੀਲ 'ਤੇ ਜਲ ਵਰਤਾਉਣ ਤੇ ਕੌਲੇ ਸਾਫ ਕਰਨ ਦੀ ਸੇਵਾ ਕੀਤੀ ।12 ਜਨਵਰੀ ਨੂੰ ਵਿਕਟੋਰੀਆ ਹਾਈ ਕੋਰਟ ਤੇ ਪਹਿਲੇ ਪੰਜਾਬੀ ਮੂਲ ਦੇ ਜੱਜ ਪ੍ਰਦੀਪ ਸਿੰਘ ਟਿਵਾਣਾ, 27 ਫਰਵਰੀ ਨੂੰ ਭਾਰਤ ਵਿਚ ਅਮਰੀਕੀ ਰਾਜਦੂਤ ਮਿਸਟਰ ਐਰਿਕ ਐੱਮ. ਗਾਰਸੇਟੀ ਪਰਿਵਾਰ ਸਮੇਤ ਨਤਮਸਤਕ ਹੋਣ ਪੁੱਜੇ ਅਤੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀਅਤ ਤੇ ਸਿੱਖ ਧਰਮ ਵਿਚ ਸੇਵਾ ਦੀ ਮਹਾਨਤਾ ਦੇਖ ਕੇ ਬੇਹੱਦ ਪ੍ਰਭਾਵਿਤ ਹੋਇਆ ਹਾਂ । 18 ਅਪ੍ਰੈਲ ਨੂੰ ਰਿਲਾਇੰਸ ਫਊੁਂਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ, 24 ਜੂਨ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਝ, 28 ਜੂਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਬਣਨ ਬਾਅਦ ਨਾਇਬ ਸਿੰਘ ਸੈਣੀ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਸਮੇਤ ਦਸਤਾਰ ਸਜਾ ਕੇ ਦਰਸ਼ਨ ਤੇ ਸ਼ੁਕਰਾਨਾ ਕਰਨ ਪੁੱਜੇ ।
21 ਜੁਲਾਈ ਨੂੰ ਆਇਰਲੈਂਡ ਦੇ ਭਾਰਤ ਵਿਚ ਰਾਜਦੂਤ ਮਿਸਟਰ ਕੇਵਨ ਕੈਲੀ ਪਰਿਵਾਰ ਸਮੇਤ ਦਰਸ਼ਨ ਕਰਨ ਪੁੱਜੇ ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੁਨੀਆਂ ਵਿਚ ਸ਼ਾਂਤੀ ਦਾ ਮੁਜੱਸਮਾ ਹੈ ।10 ਅਗਸਤ ਨੂੰ ਚੀਫ਼ ਜਸਟਿਸ ਧਨੰਜਯ ਵਾਈ. ਚੰਦਰਚੂੜ ਵੀ ਇਥੇ ਨਤਮਸਤਕ ਹੋਣ ਪੁੱਜੇ ਤੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਦਾ ਸੁਪਨਾ ਅੱਜ ਸਾਕਾਰ ਹੋਇਆ ਹੈ । 11 ਅਗਸਤ ਨੂੰ ਹਾਕੀ ਇੰਡੀਆ ਦੀ ਟੀਮ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਦਰਸ਼ਨ ਕਰਨ ਪੁੱਜੀ ।ਇਸ ਟੀਮ ਵਿਚ ਪੰਜਾਬ ਦੇ ਖਿਡਾਰੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ ।30 ਅਗਸਤ ਨੂੰ ਪੈਰਿਸ ਉਲੰਪਿਕ ਵਿਚ ਭਾਗ ਲੈਣ ਵਾਲੀ ਭਾਰਤ ਦੀ ਨਾਮਵਰ ਪਹਿਲਵਾਨ ਵਿਨੇਸ਼ ਫੋਗਾਟ, 31 ਅਗਸਤ ਨੂੰ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਅਤੇ 5 ਅਕਤੂਬਰ ਨੂੰ ਤਿ੍ਪੁਰਾ ਤੇ ਮਿਜ਼ੋਰਮ ਦੇ ਰਾਜਪਾਲ ਇੰਦਰ ਸੈਨਾ ਰੈਡੀ ਵੀ ਦਰਸ਼ਨ ਕਰਨ ਪੁੱੱਜੇ । 9 ਅਕਤੂਬਰ ਨੂੰ ਭਾਰਤ ਵਿਚ ਯੂ.ਕੇ. ਦੇ ਹਾਈ ਕਮਿਸ਼ਨਰ ਲਿੰਡੀ ਕੈਮਰੂਨ ਦਰਸ਼ਨ ਕਰਨ ਪੁੱਜੇ ਤੇ ਕਿਹਾ ਕਿ ਅੱਜ ਮੈਨੂੰ ਸਿੱਖ ਧਰਮ ਦੇ ਦਿਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਲੱਖਾਂ ਲੋਕਾਂ ਵਿਚੋਂ ਇਕ ਹੋਣ ਦਾ ਅਨੁਭਵ ਮਿਲਿਆ ਹੈ ।11 ਨਵੰਬਰ ਭਾਰਤ ਵਿਚ ਇਕਵਾਡੋਰ ਦੇ ਰਾਜਦੂਤ ਮਿ: ਜ਼ੇਵੀਅਰ ਬੁਚੈਲ, 13 ਨਵੰਬਰ ਨੂੰ ਵੱਖ-ਵੱਖ ਧਰਮਾਂ ਦੇ ਆਗੂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਪੁੱਜੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਦੀ ਸ਼ਲਾਘਾ ਕੀਤੀ । 24 ਨਵੰਬਰ ਨੂੰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਅਮਨ ਅਰੋੜਾ ਸ੍ਰੀ ਦਰਬਾਰ ਸਾਹਿਬ ਸ਼ੁਕਰਾਨਾ ਤੇ ਦਰਸ਼ਨ ਕਰਨ ਪੁੱਜੇ । 17 ਦਸੰਬਰ ਨੂੰ ਬਾਲੀਵੁੱਡ ਅਦਾਕਾਰ ਸੰਜੈ ਦੱਤ ਵੀ ਇਥੇ ਨਤਮਸਤਕ ਹੋਏ ।ਇਸ ਵਰ੍ਹੇ ਦੇ ਅਖੀਰ ਵਿਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਸੀਨੀਅਰ ਅਕਾਲੀ ਲੀਡਰਸ਼ਿਪ ਕਈ ਵਾਰ ਇਸ ਅਸਥਾਨ 'ਤੇ ਨਤਮਸਤਕ ਹੋਈ ਤੇ ਪੰਜ ਸਿੰਘ ਸਾਹਿਬਾਨ ਵਲੋਂ ਲਗਾਈ ਗਈ ਧਾਰਿਮਕ ਤਨਖ਼ਾਹ ਤਹਿਤ ਵੱਖ-ਵੱਖ ਸੇਵਾਵਾਂ ਵੀ ਨਿਭਾਈਆਂ ।ਇਸ ਪਾਵਨ ਅਸਥਾਨ ਵਿਖੇ ਦਰਸ਼ਨ ਕਰਨ ਪੁੱਜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਸੁਪਰੀਮ ਕੋਰਟ ਦੇ ਜੱਜ ਜਸਟਿਸ ਕੇ. ਵੀ. ਵਿਸ਼ਵਨਾਥਨ, ਸੂਰੀਨਾਮ ਦੇ ਰਾਜਦੂਤ ਅਰੁਣ ਕੁਮਾਰ, ਅਦਾਕਾਰ ਅਸ਼ੀਸ਼ ਵਿਦਿਆਰਥੀ, ਨੇਹਾ ਧੂਪੀਆ, ਨੀਰੂ ਬਾਜਵਾ, ਜਿੰਮੀ ਸ਼ੇਰਗਿੱਲ, ਗਿਰਿਜਾ ਸ਼ੰਕਰ, ਕਾਮੇਡੀਅਨ ਸੁਨੀਲ ਗਰੋਵਰ, ਕੀਕੂ ਸ਼ਾਰਦਾ ਤੇ ਕਰੁੱਸ਼ਨਾ ਅਭਿਸ਼ੇਕ, ਗਾਇਕ ਜਸਬੀਰ ਜੱਸੀ, ਜੱਸੀ ਗਿੱਲ ਕੈਨੇਡਾ ਤੇ ਪੰਮੀ ਬਾਈ ਸਮੇਤ ਹੋਰ ਕਈ ਪ੍ਰਮੁੱਖ ਕਲਾਕਾਰ ਤੇ ਸ਼ਖ਼ਸੀਅਤਾਂ ਸ਼ਾਮਿਲ ਸਨ।