ਲਹਿੰਦੇ ਪੰਜਾਬ ਦੀ ਸਰਕਾਰ ਨੇ ਇਤਿਹਾਸਕ ‘ਪੁੰਛ ਹਾਊਸ’ ’ਚ ਸੈਲਾਨੀਆਂ ਲਈ ਖੋਲ੍ਹੀ ਭਗਤ ਸਿੰਘ ਗੈਲਰੀ

In ਮੁੱਖ ਖ਼ਬਰਾਂ
January 01, 2025
ਲਾਹੌਰ/ਏ.ਟੀ.ਨਿਊਜ਼ : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਤਿਹਾਸਕ ‘ਪੁੰਛ ਹਾਊਸ’ ਵਿੱਚ ਸਥਿਤ ਭਗਤ ਸਿੰਘ ਗੈਲਰੀ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਹੈ, ਜਿੱਥੇ ਲਗਭਗ 93 ਸਾਲ ਪਹਿਲਾਂ ਆਜ਼ਾਦੀ ਘੁਲਾਟੀਆਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ। ਇਸ ਗੈਲਰੀ ’ਚ ਇਤਿਹਾਸਕ ਦਸਤਾਵੇਜ਼ ਰੱਖੇ ਗਏ ਹਨ, ਜਿਨ੍ਹਾਂ ਵਿੱਚ ਭਗਤ ਸਿੰਘ ਦੀਆਂ ਤਸਵੀਰਾਂ, ਚਿੱਠੀਆਂ, ਅਖ਼ਬਾਰਾਂ, ਮੁਕੱਦਮੇ ਦੇ ਵੇਰਵੇ ਅਤੇ ਉਨ੍ਹਾਂ ਦੇ ਜੀਵਨ ਅਤੇ ਆਜ਼ਾਦੀ ਸੰਗਰਾਮ ਨਾਲ ਸਬੰਧਿਤ ਹੋਰ ਦਸਤਾਵੇਜ਼ ਸ਼ਾਮਲ ਹਨ। ਪੰਜਾਬ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਮਾਨ ਨੇ ਗੈਲਰੀ ਦਾ ਉਦਘਾਟਨ ਕੀਤਾ। ਜ਼ਮਾਨ ਨੇ ਕਿਹਾ, “‘ਪੰਜਾਬ ਸਰਕਾਰ ਦੇ ਉਦਯੋਗ, ਵਣਜ ਅਤੇ ਸੈਰ ਸਪਾਟਾ ਵਿਭਾਗਾਂ ਵਿਚਕਾਰ ਹੋਏ ਸਮਝੌਤੇ ਤਹਿਤ ਸੈਲਾਨੀਆਂ ਨੂੰ ਗੈਲਰੀ ਤੱਕ ਪਹੁੰਚ ਮਿਲੇਗੀ।’ ਉਨ੍ਹਾਂ ਕਿਹਾ ਕਿ ‘ਪੁੰਛ ਹਾਊਸ’ ਦੀ ਇਤਿਹਾਸਕ ਇਮਾਰਤ ਨੂੰ ਇਸ ਦੇ ਅਸਲੀ ਰੂਪ ਵਿਚ ਬਹਾਲ ਕਰ ਦਿੱਤਾ ਗਿਆ ਹੈ। ਜ਼ਮਾਨ ਨੇ ਕਿਹਾ, ‘ਗੈਲਰੀ ਵਿੱਚ ਭਗਤ ਸਿੰਘ ਨਾਲ ਸਬੰਧਤ ਦਸਤਾਵੇਜ਼ ਪ੍ਰਦਰਸ਼ਿਤ ਕੀਤੇ ਗਏ ਹਨ।’ ਪਾਕਿਸਤਾਨ ਦੇ ਪੰਜਾਬ ਪੁਰਾਲੇਖ ਵਿਭਾਗ ਨੇ 2018 ਵਿੱਚ ਪਹਿਲੀ ਵਾਰ ਮਹਾਨ ਆਜ਼ਾਦੀ ਘੁਲਾਟੀਏ ਦੇ ਮੁਕੱਦਮੇ ਨਾਲ ਸਬੰਧਤ ਕੁਝ ਰਿਕਾਰਡ ਪ੍ਰਦਰਸ਼ਿਤ ਕੀਤੇ ਸਨ। ਇਨ੍ਹਾਂ ਵਿੱਚ ਮੌਤ ਦੀ ਸਜ਼ਾ ਦੇ ਸਰਟੀਫਿਕੇਟ, ਚਿੱਠੀਆਂ, ਤਸਵੀਰਾਂ, ਅਖਬਾਰਾਂ ਦੀਆਂ ਕਲਿੱਪਿੰਗਾਂ ਅਤੇ ਹੋਰ ਸਮੱਗਰੀ ਸ਼ਾਮਲ ਸੀ। ਭਗਤ ਸਿੰਘ ਨੂੰ ਬਸਤੀਵਾਦੀ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ ਹੇਠ 23 ਮਾਰਚ 1931 ਨੂੰ ਲਾਹੌਰ ਵਿਚ ਬ੍ਰਿਟਿਸ਼ ਸ਼ਾਸਕਾਂ ਨੇ ਫਾਂਸੀ ਦੇ ਦਿੱਤੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 23 ਸਾਲ ਸੀ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਖਿਲਾਫ ਬ੍ਰਿਟਿਸ਼ ਪੁਲਿਸ ਅਧਿਕਾਰੀ ਜੌਹਨ ਪੀ ਸਾਂਡਰਸ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪ੍ਰਦਰਸ਼ਿਤ ਕਰਨ ਲਈ ਰੱਖੇ ਗਏ ਰਿਕਾਰਡ ਵਿੱਚ ਭਗਤ ਸਿੰਘ ਦੀ ਅਰਜ਼ੀ ਅਤੇ ਪਟੀਸ਼ਨ ਵੀ ਸ਼ਾਮਲ ਹੈ। ਇਸ ਵਿੱਚ 23 ਮਾਰਚ 1931 ਨੂੰ ਲਾਹੌਰ ਜ਼ਿਲ੍ਹਾ ਜੇਲ੍ਹ ਵਿੱਚ ਜੇਲ੍ਹ ਸੁਪਰਡੈਂਟ ਵੱਲੋਂ ਆਪਣੇ ਪੁੱਤਰ ਨੂੰ ਫਾਂਸੀ ਦੇਣ ਵਿਰੁੱਧ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਪਟੀਸ਼ਨ ਅਤੇ ਉਸ ਦੀ ਮੌਤ ਦੀ ਸਜ਼ਾ ਦਾ ਸਰਟੀਫਿਕੇਟ ਵੀ ਸ਼ਾਮਲ ਹੈ। ਇਸ ਵਿੱਚ ਅਖਬਾਰਾਂ ਅਤੇ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਨ ਲਈ ਸਿੰਘ ਦੀ ਅਰਜ਼ੀ, ਬੀ ਸੀ ਵੋਹਰਾ ਦੁਆਰਾ ਨੌਜਵਾਨ ਭਾਰਤ ਸਭਾ ਲਾਹੌਰ ਦੇ ਮੈਨੀਫੈਸਟੋ ਨਾਲ ਸਬੰਧਤ ਕੁਝ ਹੋਰ ਰਿਕਾਰਡ ਅਤੇ ਦੈਨਿਕ ਵੀਰ ਭਾਰਤ ਸਮੇਤ ਹੋਰ ਅਖਬਾਰਾਂ ਦੀਆਂ ਕਈ ਕਲਿੱਪਿੰਗਾਂ ਵੀ ਸ਼ਾਮਲ ਹਨ। ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਬਾਰੇ ਇੱਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, ‘ਮੈਂ (ਜੇਲ੍ਹ ਸੁਪਰਡੈਂਟ) ਪ੍ਰਮਾਣਿਤ ਕਰਦਾ ਹਾਂ ਕਿ ਭਗਤ ਸਿੰਘ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਹੈ ਅਤੇ ਇਸ ਅਨੁਸਾਰ ਭਗਤ ਸਿੰਘ ਨੂੰ 23 ਮਾਰਚ 1931 ਨੂੰ ਸੋਮਵਾਰ ਰਾਤ 9 ਵਜੇ ਲਾਹੌਰ ਜੇਲ੍ਹ ਵਿੱਚ ਉਦੋਂ ਤਕ ਫਾਂਸੀ ਉੱਤੇ ਲਟਕਾਇਆ ਗਿਆ ਜਦੋਂ ਤਕ ਉਸ ਦੀ ਮੌਤ ਨਹੀਂ ਹੋ ਗਈ। ਲਾਸ਼ ਨੂੰ ਉਦੋਂ ਤੱਕ ਨਹੀਂ ਉਤਾਰਿਆ ਗਿਆ ਜਦੋਂ ਤੱਕ ਮੈਡੀਕਲ ਅਫਸਰ ਦੁਆਰਾ ਪੁਸ਼ਟੀ ਨਹੀਂ ਕੀਤੀ ਗਈ ਕਿ ਉਹ ਮਰ ਗਿਆ ਸੀ ਅਤੇ ਇਹ ਕਿ ਕੋਈ ਹਾਦਸਾ, ਗਲਤੀ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਨਹੀਂ ਵਾਪਰੀ।’

Loading