ਪੰਜਾਬ ਟੈਲੀਵਿਜ਼ਨ ਤੇ ਟਾਈਮਜ਼ ਆਫ ਇੰਡੀਆ ਦੇ ਵਿਦਵਾਨ ਪੱਤਰਕਾਰ ਆਈਪੀ ਸਿੰਘ ਦੀ ਵੱਖ ਵੱਖ ਰਿਪੋਟ ਮੁਤਾਬਕ ਰਾਧਾ ਸੁਆਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਦਿੱਲੀ ਦੇ ਨੇੜੇ ਨਿੱਜੀ ਰਿਹਾਇਸ਼ ਵਿਚ ਮੁਲਾਕਾਤ ਕਰਨ ਤੋਂ ਕੁਝ ਦਿਨ ਬਾਅਦ ਬੀਤੇ ਵੀਰਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਬਠਿੰਡਾ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਸੀ। ਇਹ ਨਹੀਂ ਪਤਾ ਕਿ ਡੇਰਾ ਬਿਆਸ ਮੁਖੀ ਅਤੇ ਬਾਦਲ ਜੋੜੇ ਵਿਚਾਲੇ ਕੀ ਗੱਲ ਹੋਈ ਅਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ, ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਅੰਦਰ ਮੌਜੂਦਾ ਸੰਕਟ ਜੋ ਹੁਣ ਤਖ਼ਤ ਦੇ ਜਥੇਦਾਰਾਂ ਤੇ ਸਮੁਚੇ ਪੰਥ ਨੂੰ ਵੀ ਉਲਝਾਇਆ ਹੋਇਆ ਹੈ,ਇਸ ਸਬੰਧੀ ਰਾਧਾ ਸਵਾਮੀ ਬਾਬਾ ਗੁਰਿੰਦਰ ਸਿੰਘ ਇਸ ਸਮਸਿਆ ਦੇ ਹੱਲ ਲਈ ਸਰਗਰਮ ਹੋਏ ਤਾਂ ਜੋ ਇਸ ਦਾ ਹਲ ਲਭਿਆ ਜਾ ਸਕੇ। ਕਿਹਾ ਇਹ ਵੀ ਜਾ ਰਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਉਹ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨਗੇ।
ਹੈਰਾਨੀ ਇਸ ਗਲ ਦੀ ਹੈ ਕਿ ਸਿੱਖ ਪੰਥ ਕੋਲ ਪੰਥਕ ਲੀਡਰਸ਼ਿਪ ਨਹੀਂ ਬਚੀ ਜਿਸ ਦਾ ਬੋਧਿਕ ਪਧਰ ਤੇ ਵਿਜਨ ਰਾਧਾ ਸਵਾਮੀ ਬਾਬੇ ਨਾਲੋਂ ਵਿਸ਼ਾਲ ਹੋਵੇ ਤੇ ਪੰਥਕ ਸੰਕਟ ਦਾ ਹੱਲ ਲਭ ਸਕੇ।ਇਹ ਸਿਖ ਪੰਥ ਲਈ ਤੇ ਪੰਥਕ ਲੀਡਰਸ਼ਿਪ ਲਈ ਸ਼ਰਮਨਾਕ ਗਲ ਹੈ ਕਿ ਅਸੀਂ ਇਕੀਵੀਂ ਸਦੀ ਵਿਚ ਕਿਥੇ ਜਾ ਡਿਗੇ ? ਹੁਣ ਤਕ ਪੰਥ ਦੀ ਲੀਡਰਸ਼ਿਪ ਮਿਲ ਬੈਠਕੇ ਮਸਲੇ ਹੱਲ ਕਰਦੀ ਰਹੀ ਹੈ।ਹੁਣ ਕਿਉਂ ਰਾਧਾ ਸਵਾਮੀ ਬਾਬੇ ਨੂੰ ਪੰਥਕ ਸਿਆਸਤ ਵਿਚ ਦਖਲਅੰਦਾਜ਼ੀ ਦਾ ਮੌਕਾ ਦਿੱਤਾ ਜਾ ਰਿਹਾ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਗੁਰਿੰਦਰ ਸਿੰਘ ਮੁਖੀ ਰਾਧਾ ਸਵਾਮੀ ਡੇਰਾ ਨੇ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਅਗੇ ਸੀਸ ਨਿਵਾਇਆ ,ਹਿੰਦੂ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਵੱਡੀ ਗਲ ਹੈ ਕਿ ਉਹ ਹਮੇਸ਼ਾ ਸਿੱਖ ਪੰਥ ਨਾਲ ਟਕਰਾਅ ਤੇ ਸਿਆਸਤ ਤੋਂ ਬਚੇ। ਸੱਚ ਇਹ ਵੀ ਹੈ ਕਿ ਬਾਬੇ ਦੇ ਹਿੰਦੂ ਸ਼ਰਧਾਲੂ
ਹਿੰਦੂ ਰੀਤਾਂ ਨਾਲ ਵਿਆਹ ਕਰਨ ਦੀ ਥਾਂ ਅਨੰਦ ਕਾਰਜ ਕਰਨ ਲੱਗ ਪਏ ਹਨ।ਇਹ ਠੀਕ ਹੈ ਕਿ ਰਾਧਾ ਸਵਾਮੀਆਂ ਨਾਲ ਇਕ ਅੰਤਰ ਸਿੱਖ ਪੰਥ ਦਾ ਇਹ ਹੈ ਕਿ ਉਹ ਸਰੀਰਕ ਗੁਰੂ ਨੂੰ ਮੰਨਦੇ ਹਨ ਤੇ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ।ਸਿੱਖੀ ਸਿਰਫ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਉਪਰ ਖੜੀ ਹੈ।ਇਹੀ ਸਿੱਖੀ ਦੀ ਵਿਸ਼ਾਲਤਾ ਹੈ।ਪਰ ਪੰਥਕ ਲੀਡਰਸ਼ਿਪ ਫਲਾਪ ਹੈ ਚਾਹੇ ਰਾਜਨੀਤਕ ਹੈ ਚਾਹੇ ਧਾਰਮਿਕ ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੋਈ ਸਿੱਖ ਲੀਡਰ ਸਿਖ ਪੰਥ ਦੀ ਯੋਗ ਅਗਵਾਈ ਨਹੀਂ ਕਰ ਸਕਿਆ। ਬਾਦਲ ਦਲ ਦੀ ਲੀਡਰਸ਼ਿਪ ਦੀ ਸਿਆਸੀ ਹੋਂਦ ਦੇ ਖਾਤਮੇ ਬਾਅਦ ਪੰਥਕ ਲੀਡਰਸ਼ਿਪ ਨਿਜੀ ਸਿਆਸਤ ਵਿਚ ਰੁਝੀ ਹੋਈ ਆਪੋ ਆਪਣੀ ਸਿਆਸੀ ਸ਼ਤਰੰਜ ਵਿਛਾ ਰਹੀ ਹੈ।ਪਰ ਕਿਸੇ ਵਿਚ ਦਮ ਨਹੀਂ ਕਿ ਉਹ ਦਸ ਹਜ਼ਾਰ ਦਾ ਵੀ ਇਕਠ ਕਰ ਸਕੇ। ਦੂਜਾ ਸੰਗਤ ਉਨ੍ਹਾਂ ਤੋਂ ਕਾਇਲ ਹੋ ਸਕੇ ਤੇ ਉਨ੍ਹਾਂ ਨੂੰ ਦਸ ਮਿੰਟ ਤੋਂ ਵਧ ਸੁਣ ਸਕੇ।ਉਨ੍ਹਾਂ ਕੋਲ ਪੰਥ ਨੂੰ ਕਹਿਣ ਲਈ ਕੋਈ ਗਲ ਨਹੀਂ। ਪਰ ਸਭ ਪੰਥ ਦੇ ਲੀਡਰ ਬਣਨਾ ਚਾਹੁੰਦੇ ਹਨ ,ਪਰ ਰਲਕੇ ਬੈਠਣ ਦੀ ਥਾਂ ਇਕ ਦੂਜੇ ਨੂੰ ਠਿਬੀ ਲਗਾਉਣਾ ਚਾਹੁੰਦੇ ਹਨ।ਪਰ ਇਹ ਭੁਲ ਜਾਂਦੇ ਹਨ ਕਿ ਪੰਥ ਦੀ ਸਿਆਸੀ ਜ਼ਿੰਮੇਵਾਰੀ ਸੰਭਾਲਣਾ ਸ਼ੇਰ ਦੀ ਸਵਾਰੀ ਕਰਨ ਬਰਾਬਰ ਹੈ।ਸ਼ੇਰ ਦਾ ਭਰੋਸਾ ਜਿਤਣਾ ਤੇ ਪੰਥਕ ਜਜਬਾ ਜਗਾਉਣਾ ਸੌਖਾ ਨਹੀਂ।ਜੇ ਇਸ ਲੀਡਰਸ਼ਿਪ ਦਾ ਹਾਲ ਇਹ ਹੈ ਤਾਂ ਇਹੋ ਜਿਹੇ ਬਦਲ ਬਾਦਲ ਦਲ ,ਭਾਜਪਾ, ਕਾਂਗਰਸ ਤੇ ਆਪ ਮਾੜੇ ਕੀ ਹਨ?ਇਹ ਬਾਦਲ ਵਿਰੋਧੀ ਪੰਥਕ ਲੀਡਰਸ਼ਿਪ ਲਈ ਵੱਡੀ ਚੁਣੌਤੀ ਹੈ।
ਖਬਰਾਂ ਅਨੁਸਾਰ ਰਾਧਾ ਸਵਾਮੀ ਬਾਬੇ ਤੇ ਗਿਆਨੀ ਹਰਪ੍ਰੀਤ ਸਿੰਘ ਦਰਮਿਆਨ ਕਰੀਬ ਇੱਕ ਘੰਟਾ ਚੱਲੀ ਬਠਿੰਡਾ ਮੀਟਿੰਗ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ, ਨੇ ਕਿਹਾ ਕਿ ਇਸ ਵਿੱਚ ਕੋਈ ਸਿਆਸਤ ਸ਼ਾਮਲ ਨਹੀਂ ਹੈ ਅਤੇ ਪਾਰਟੀ ਆਗੂ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਰੱਖੜਾ ਦਾ ਸਬੰਧ ਅਕਾਲੀ ਬਾਗੀ ਧੜੇ ਸੁਧਾਰ ਲਹਿਰ ਨਾਲ ਸੀ।
ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ 15 ਦਿਨਾਂ ਲਈ ਸਸਪੈਂਡ ਕਰਨ ਦੇ ਐਲਾਨ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਜਥੇਦਾਰ ਅਤੇ ਸੁਖਬੀਰ ਸਿੰਘ ਬਾਦਲ ਨਾਲ ਸਬੰਧਤ ਅਕਾਲੀ ਦਲ ਦੇ ਆਗੂਆਂ ਦਰਮਿਆਨ ਮਤਭੇਦ ਵਧਾ ਦਿੱਤੇ ਹਨ।
ਅਕਾਲੀ ਦਲ ਦੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਬਰਕੰਦੀ ,ਅਮਰਜੀਤ ਸਿੰਘ ਚਾਵਲਾ ਤੇ ਰਜਿੰਦਰ ਸਿੰਘ ਮਹਿਤਾ ਸਮੇਤ ਅਕਾਲੀ ਆਗੂਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਤੇ ਰਾਧਾ ਸਵਾਮੀ ਬਾਬਾ ਵੱਲੋਂ ਕੀਤੀ ਮੀਟਿੰਗ 'ਤੇ ਇਤਰਾਜ਼ ਉਠਾਇਆ। ਬਾਦਲਕੇ ਸਿਆਸੀ ਮੁਸੀਬਤ ਵਿਚ ਹਨ ਕਿ ਇਸ ਲਈ ਇਸ ਮੁਦੇ ਉਪਰ ਗਿਆਨੀ ਹਰਪ੍ਰੀਤ ਸਿੰਘ ਨਿਸ਼ਾਨੇ ਉਪਰ ਹਨ। ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿਲੀ ਗੁਰਦੁਆਰਾ ਪਬੰਧਕ ਕਮੇਟੀ ਨੇ ਕਿਹਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਮੁਲਾਕਾਤ ਬਾਰੇ ਸੰਗਤ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ,ਕਿਉਂਕਿ ਸੰਗਤ ਦੇ ਮਨ ਵਿਚ ਜਥੇਦਾਰ ਬਾਰੇ ਸ਼ੰਕੇ ਪੈਦਾ ਹੋ ਰਹੇ ਹਨ।
ਵੱਡਾ ਸੁਆਲ ਇਹ ਹੈ ਕਿ ਕੀ ਸੁਖਬੀਰ ਬਾਦਲ ,ਬਿਕਰਮ ਸਿੰਘ ਮਜੀਠੀਆ ਚੋਣਾਂ ਦੌਰਾਨ ਰਾਧਾ ਸਵਾਮੀ ਬਾਬੇ ਦੀਆਂ ਪਰਕਰਮਾ ਨਹੀਂ ਕਰਦੇ ਰਹੇ? ਹੁਣ ਇਸ ਮੀਟਿੰਗ ਉਪਰ ਇਤਰਾਜ਼ ਕਿਉਂ? ਕੀ ਜਥੇਦਾਰ ਹਰਪ੍ਰੀਤ ਸਿੰਘ ਖੁਦ ਰਾਧਾ ਸਵਾਮੀ ਬਾਬੇ ਨੂੰ ਮਿਲੇ ਹਨ?
ਇਸ ਦਾ ਸਾਫ ਅਰਥ ਹੈ ਕਿ ਬਾਦਲਕੇ ਸਿਖ ਪੰਥ ਵਿਚ ਭੰਬਲਭੂਸਾ ਪੈਦਾ ਕਰਨ ਵਾਲੀ ਸਿਆਸਤ ਹੀ ਕਰਨਾ ਚਾਹੁੰਦੇ ਹਨ।ਉਹ ਹੁਣ ਤਕ ਸਿਖ ਪੰਥ ਦਾ ਵਿਸ਼ਵਾਸ ਨਹੀਂ ਜਿਤ ਸਕਦੇ।ਉਹ ਅਜੇ ਵੀ ਤਨਖਾਹੀਆ ਹਨ ,ਕਿਉਂਕਿ ਕਿ ਉਨ੍ਹਾਂ ਸੁਖਬੀਰ ਦਾ ਅਸਤੀਫਾ ਨਾ ਲੈਕੇ ਤੇ ਅਕਾਲ ਤਖਤ ਵਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਨੂੰ ਮਨਜੂਰ ਨਾ ਕਰਕੇ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।
ਡੇਰਾ ਬਿਆਸ ਮੁਖੀ ਨੇ ਬਠਿੰਡਾ ਵਿਚ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਿਉਂ ਕੀਤੀ?