ਅਜੀਤ ਪਵਾਰ ਵਖਰੀ ਰਾਜਨੀਤੀ ਕਰਨ ਲਗੇ

In ਮੁੱਖ ਖ਼ਬਰਾਂ
January 01, 2025
ਅਜੀਤ ਪਵਾਰ ਮਹਾਰਾਸ਼ਟਰ 'ਚ ਭਾਜਪਾ ਨਾਲ ਗੱਠਜੋੜ ਸਰਕਾਰ ਦਾ ਹਿੱਸਾ ਜ਼ਰੂਰ ਹਨ ਪਰ ਉਹ ਰਾਜਨੀਤੀ ਆਪਣੇ ਹਿਸਾਬ ਨਾਲ ਹੀ ਕਰ ਰਹੇ ਹਨ। ਵੱਡੀ ਗੱਲ ਇਹ ਵੀ ਹੈ ਕਿ ਇਸ ਦੇ ਬਾਵਜੂਦ ਭਾਜਪਾ ਉਨ੍ਹਾਂ ਨੂੰ ਨਿਭਾ ਰਹੀ ਹੈ। ਅਜੀਤ ਪਵਾਰ ਨੇ ਮਹਾਰਾਸ਼ਟਰ 'ਚ ਚੋਣ ਪ੍ਰਚਾਰ ਦੇ ਵਿਚ 'ਬਟੋਗੇ ਤਾਂ ਕਟੋਗੇ' ਦੇ ਨਾਅਰੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ ਅਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਅਜਿਹਾ ਨਾਅਰਾ ਲਗਦਾ ਹੋਵੇਗਾ, ਮਹਾਰਾਸ਼ਟਰ 'ਚ ਨਹੀਂ ਚੱਲੇਗਾ। ਉਨ੍ਹਾਂ ਨੇ ਭਾਜਪਾ ਦੇ ਨਾਲ ਹੁੰਦੇ ਹੋਏ ਵੀ ਉਸ ਦੀ ਫ਼ਿਰਕੂ ਰਾਜਨੀਤੀ ਨੂੰ ਖਾਰਜ ਕਰ ਦਿੱਤਾ ਸੀ। ਇੰਨਾ ਹੀ ਨਹੀਂ ਅਜੀਤ ਪਵਾਰ ਨੇ ਮੁਸਲਿਮ ਉਮੀਦਵਾਰ ਵੀ ਉਤਾਰੇ ਅਤੇ ਆਪਣੇ ਇਕ ਮੁਸਲਿਮ ਵਿਧਾਇਕ ਨੂੰ ਰਾਜ ਦੀ ਦੇਵੇਂਦਰ ਫੜਨਵੀਸ ਸਰਕਾਰ 'ਚ ਮੰਤਰੀ ਵੀ ਬਣਵਾਇਆ ਹੈ। ਨਵਾਂ ਘਟਨਾਕ੍ਰਮ ਇਹ ਹੈ ਕਿ ਸਰਕਾਰ ਬਣਨ ਤੋਂ ਬਾਅਦ ਮਹਾਰਾਸ਼ਟਰ ਸਰਕਾਰ 'ਚ ਸ਼ਾਮਿਲ ਤਿੰਨੇ ਪਾਰਟੀਆਂ ਦੇ ਵਿਧਾਇਕਾਂ ਨੂੰ 19 ਦਸੰਬਰ ਨੂੰ ਨਾਗਪੁਰ ਸਥਿਤ ਆਰ.ਐੱਸ.ਐੱਸ. ਦੇ ਹੈੱਡਕੁਆਰਟਰ 'ਚ ਬੁਲਾਇਆ ਗਿਆ ਸੀ। ਵਿਧਾਨ ਸਭਾ ਦਾ ਸਰਦ ਰੁੱਤ ਦਾ ਇਜਲਾਸ ਵੀ ਰਾਜਧਾਨੀ ਨਾਗਪੁਰ 'ਚ ਹੀ ਚੱਲ ਰਿਹਾ ਸੀ ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਸਾਰੇ ਵਿਧਾਇਕ ਤਾਂ ਆਰ.ਐੱਸ.ਐੱਸ. ਹੈੱਡਕੁਆਰਟਰ ਗਏ ਪਰ ਅਜੀਤ ਪਵਾਰ ਨੇ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਜੀਤ ਪਵਾਰ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਸੰਘ ਹੈੱਡਕੁਆਰਟਰ ਜਾਣ ਦੀ ਜ਼ਰੂਰਤ ਨਹੀਂ ਹੈ। ਅਜਿਹਾ ਲੱਗ ਰਿਹਾ ਹੈ ਕਿ ਉਹ ਭਾਵੇਂ ਹਾਲੇ ਭਾਜਪਾ ਦੇ ਨਾਲ ਹਨ, ਪਰ ਉਹ ਵੱਖ ਹੋ ਕੇ ਰਾਜਨੀਤੀ ਕਰਨ ਦੀ ਸੰਭਾਵਨਾ ਨੂੰ ਵੀ ਜ਼ਿੰਦਾ ਰੱਖ ਰਹੇ ਹਨ। ਇਸ ਲਈ ਉਹ ਆਪਣੇ ਚਾਚਾ ਸ਼ਰਦ ਪਵਾਰ ਦੇ ਅੰਦਾਜ਼ 'ਚ ਰਾਜਨੀਤੀ ਕਰ ਰਹੇ ਹਨ

Loading