
ਸਰੋਂ ਦਾ ਸਾਗ ਵੈਸੇ ਤਾਂ ਹਰੇਕ ਰੁੱਤ ਵਿੱਚ ਹੀ ਖਾਧਾ ਜਾਂਦਾ ਹੈ ਪਰ ਜੇ ਰੁੱਤ ਸਿਆਲ ਦੀ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸਿਆਲ ਦੀ ਰੁੱਤ ਦਾ ਮਿੱਠਾ ਮੇਵਾ ਹੈ ਸਾਗ। ਠੰਡੀ ਰੁੱਤ ਦੀਆਂ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਹਨ, ਪਰ ਸਰੋਂ ਦੇ ਸਾਗ, ਜਿਸ ਨੂੰ ਇਸ ਰੁੱਤ ਵਿੱਚ ਖਾਣ ਦਾ ਵੱਖਰਾ ਹੀ ਨਜ਼ਾਰਾ ਹੈ। ਪੰਜਾਬ ਦੇ ਲੋਕਾਂ ਦੀ ਸਭ ਤੋਂ ਪਹਿਲੀ ਪਸੰਦ ਹੈ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਜਿਹੜੀ ਸਾਡੇ ਪੰਜਾਬ ਅਤੇ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਮੁੱਢ ਤੋਂ ਹੀ ਜੁੜੀ ਹੋਈ ਹੈ।
ਪੰਜਾਬ ਦੇ ਹਰ ਘਰੇ ਸਾਗ ਬਣਦਾ ਹੈ ਭਾਵੇਂ ਉਹ ਅਮੀਰ ਹੋਵੇ ਚਾਹੇ ਗ਼ਰੀਬ ਹੋਵੇ। ਪਿੰਡਾਂ ਵਿੱਚ ਜ਼ਿਆਦਾਤਰ ਸਾਗ ਬਜ਼ੁਰਗ ਬੇਬੇ ਹੀ ਬਣਾਉਦੀਆਂ ਹਨ ਤੇ ਸਾਰਾ ਸਾਰਾ ਦਿਨ ਚੁੱਲ੍ਹੇ ’ਤੇ ਸਾਗ ਗੁੜ ਗੁੜ ਕਰ ਕੇ ਰਿੱਝਦਾ ਰਹਿੰਦਾ ਹੈ। ਨਵੀਆਂ ਵਿਆਹੀਆਂ ਵੀ ਬੇਬੇ ਨੂੰ ਹੀ ਸਾਗ ਬਣਾਉਣ ਲਈ ਜ਼ਿਆਦਾ ਕਹਿੰਦੀਆਂ ਹਨ। ਵੈਸੇ ਵੀ ਸਾਗ ਬਣਾਉਣਾ ਹਰ ਕਿਸੇ ਦੇ ਵੱਸ ਦਾ ਨਹੀ। ਇਸ ਵਿੱਚ ਵੀ ਤਜਰਬੇ ਤੇ ਮਿਹਨਤ ਦੀ ਕਾਫ਼ੀ ਲੋੜ ਹੁੰਦੀ ਹੈ। ਅੱਜ ਤੋਂ ਕੁਝ ਦਹਾਕੇ ਪਹਿਲਾਂ ਲੋਕ ਸਰੋਂ ਨੂੰ ਆਮ ਹੀ ਖੇਤਾਂ ਵਿੱਚ ਬੀਜਦੇ ਤੇ ਲੋਕ ਹੱਥੀਂ ਮਿਹਨਤ ਕਰਦੇ, ਹਰ ਇੱਕ ਜੱਟ ਜ਼ਿੰਮੀਦਾਰ ਦੇ ਖੇਤ ’ਚ ਸਾਗ ਜ਼ਰੂਰ ਹੁੰਦਾ ਅਤੇ ਸਾਗ ਧਰਨ ਵਾਲੇ ਫਰੀ ਤੋੜ ਕੇ ਲਿਆਉਂਦੇ ਸਨ।
ਸਗੋਂ ਇਹ ਵੀ ਰਿਵਾਜ ਸੀ ਕਿ ਜਿਨ੍ਹਾਂ ਦੇ ਸਕੇ-ਸਬੰਧੀ ਸ਼ਹਿਰ ਵਿੱਚ ਰਹਿੰਦੇ ਸਨ, ਉਹ ਵੀ ਆਪਣੇ ਸਕਿਆਂ ਨੂੰ ਫਰੀ ਦਾ ਸਾਗ ਤੋੜ ਕੇ ਘੱਲਦੇ ਸਨ ਕਿਉਂਕਿ ਸ਼ਹਿਰਾਂ, ਕਸਬਿਆਂ ਵਿੱਚ ਸਾਗ ਇੱਕ ਦੋ ਦਿਨ ਪੁਰਾਣਾ ਮਿਲਦਾ ਹੈ ਤੇ ਉਹ ਵੀ ਮਹਿੰਗੇ ਮੁੱਲ। ਪਰ ਜਿਨ੍ਹਾਂ ਦੇ ਪਿੰਡਾਂ ਵਿੱਚ ਰਿਸ਼ਤੇਦਾਰ ਸੱਜਣ ਮਿੱਤਰ ਹੁੰਦੇ ਸਨ, ਉਹ ਤਾਜ਼ਾ ਤੇ ਫਰੀ ਸਾਗ ਹੀ ਮੰਗਵਾਉਂਦੇ ਸਨ। ਪੰਜਾਬ ਦੇ ਪਿੰਡਾਂ ਦਿਆਂ ਖੇਤਾਂ ਵਿੱਚ ਖੜ੍ਹੀ ਕਿੱਲਿਆਂ ਦੇ ਕਿੱਲੇ ਸਰੋਂ ਭਰ ਜੋਬਨ ਮੁਟਿਆਰ ਵਾਂਗ ਲੱਗਦੀ। ਪੀਲੇ-ਪੀਲੇ ਰੰਗ ਦੇ ਫੁੱਲ ਕੱਢੀ ਸਰੋਂ ਇਉਂ ਲੱਗਦੀ ਸੀ ਜਿਵੇਂ ਕਿਸੇ ਨੇ ਖੱਟੇ ਰੰਗ ਦਾ ਮਣਾਂ-ਮੂੰਹੀ ਰੰਗ ਖੇਤਾਂ ਵਿੱਚ ਖਿਲਾਰ ਦਿੱਤਾ ਹੋਵੇ, ਸਰੋਂ ਬੀਜਣ ਤੋਂ ਲੈ ਕੇ ਹੀ ਗੱਲਾਂ ਹੋਣ ਲੱਗ ਜਾਂਦੀਆਂ ਸਨ ਕਿ ਬਸ ਸਾਗ ਬਣਨ ਵਾਲਾ ਹੈ ਜਿੰਨਾ ਮਰਜ਼ੀ ਤੋੜ ਕੇ ਲੈ ਜਾਇਉ, ਪਿੰਡਾਂ ਵਿੱਚ ਜਿਸ ਦਿਨ ਘਰ ਵਿੱਚ ਸਾਗ ਬਣਾਉਣਾ ਹੁੰਦਾ ਸੀ ਤਾਂ ਜ਼ਿਆਦਾਤਰ ਬੇਬੇ ਹੀ ਸਾਗ ਤੋੜਨ ਖੇਤ ਜਾਂਦੀ ਤਾਂ ਉਹ ਸਾਗ ਤੋੜਨ ਵਾਸਤੇ ਆਪਣੀ ਧੀ ਨੂੰਹ ਜਾਂ ਪੋਤਰੀ ਨੂੰ ਵੀ ਲੈ ਜਾਂਦੀ। ਕਈ ਵਾਰ ਤਾਂ ਚਾਰ-ਚਾਰ, ਪੰਜ-ਪੰਜ ਜਣੀਆਂ ਇਕੱਠੀਆਂ ਹੀ ਖੇਤਾਂ ਵੱਲ ਸਾਗ ਤੋੜਣ ਵਾਸਤੇ ਜਾਂਦੀਆਂ, ਜੇ ਤਾਂ ਆਪਣਾ ਸਾਗ ਹੋਵੇ ਠੀਕ ਨਹੀਂ ਫਿਰ ਦੂਜਿਆਂ ਦੇ ਖੇਤਾਂ ਵਿੱਚੋਂ ਤੋੜਿਆ ਜਾਂਦਾ।
ਕੂਲੀਆਂ ਸਰੋਂ ਦੀਆਂ ਗੰਦਲਾਂ
ਸੁਆਣੀਆਂ ਨੇ ਆਪਣੇ ਹੱਥਾਂ ਨਾਲ ਕੂਲੀਆਂ-ਕੂਲੀਆਂ ਸਰੋਂ ਦੀਆਂ ਗੰਦਲਾਂ ਨੂੰ ਤੋੜਨਾ, ਇਸ ਦਾ ਜ਼ਿਕਰ ਮੁਹਾਵਰਿਆਂ ਅਖਾਣਾਂ ਵਿੱਚ ਵੀ ਆਉਂਦਾ ਹੈ। ‘ਕਿਹੜੀ ਏਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਵੀਂ ।’’ ਖੇਤਾਂ ਵਿੱਚ ਸਾਗ ਜ਼ਿਆਦਾਤਰ ਸਵੇਰੇ-ਸਵੇਰੇ ਹੀ ਤੋੜਿਆ ਜਾਂਦਾ ਸੀ। ਬੀਬੀਆਂ ਨੇ ਪਹਿਲਾਂ ਆਪਣੇ ਹੱਥੀਂ ਸਾਗ ਤੋੜਣਾ ਅਤੇ ਚੁੰਨੀ ਜਾਂ ਕਿਸੇ ਹੋਰ ਕੱਪੜੇ ਵਿੱਚ ਲਪੇਟ ਕੇ ਘਰ ਲੈ ਕੇ ਆਉਣਾ, ਉਹ ਹੱਥਾਂ ਵਿਚ ਆਏ ਸਾਗ ਨੂੰ ਇੱਕ ਚੀਰਨੀ ਕਹਿੰਦੇ ਸੀ ਤੇ ਇੱਕ ਘਰ ਵਾਸਤੇ ਦੋ ਜਾਂ ਤਿੰਨ ਚੀਰਨੀਆਂ ਸਾਗ ਨਹੀਂ ਸੀ ਮੁੱਕਦਾ।
ਅੱਜ-ਕੱਲ੍ਹ ਵੇਚਣ ਵਾਲੇ ਉਸ ਨੂੰ ਗੁੱਟੀ ਕਹਿ ਦੇਂਦੇ ਹਨ, ਘਰ ਲਿਆ ਕੇ ਬੇਬੇ ਨੇ ਪਹਿਲਾਂ ਚੰਗੀ ਤਰ੍ਹਾਂ ਛਾਂਟਨਾ, ਪੱਕੀਆਂ ਗੰਦਲਾ ਨੂੰ ਅਲੱਗ ਕਰ ਦੇਣਾ, ਕੂਲੀਆਂ ਕੂਲੀਆਂ ਅੱਡ ਕਰ ਦੇਣੀਆਂ ਫਿਰ ਉਸ ਨੂੰ ਘਰ ਵਿੱਚ ਹੀ ਮੌਜੂਦ ਲੋਹੇ ਦੇ ਬਣੇ ਦਾਤ ਨਾਲ ਸਾਗ ਨੂੰ ਹੌਲੀ ਹੌਲੀ ਚੀਰਨਾ। ਉਸ ਸਮੇਂ ਹਾਲੇ ਸਾਗ ਚੀਰਨ ਵਾਲੇ ਟੋਕੇ ਨਹੀਂ ਸੀ ਆਏ। ਬੜੇ ਤਿੱਖੇ ਦਾਤ ਨਾਲ ਸਾਗ ਚੀਰਨਾ ਵੀ ਇੱਕ ਕਲਾ ਸੀ, ਤਜਰਬਾ ਸੀ। ਹਰ ਕੋਈ ਦਾਤ ਨਾਲ ਸਾਗ ਨਹੀਂ ਸੀ ਚੀਰ ਸਕਦੀ, ਬੇਬੇ ਨੇ ਇੱਕ ਪੈਰ ਦੇ ਥੱਲੇ ਦਾਤ ਨੂੰ ਨੱਪ ਲੈਣਾ ਤੇ ਉਸ ਦੇ ਅਗਲੇ ਭਾਗ ਜੋ ਤਿੱਖਾ ਹੁੰਦਾ ਸੀ, ਨਾਲ ਦੋਵਾਂ ਹੱਥਾਂ ਨਾਲ ਸਾਗ ਨੂੰ ਚੀਰਨਾ।
ਇੱਕ ਹੱਥ ਨਾਲ ਕੁਝ ਕੁ ਗੰਦਲਾਂ ਤੇ ਦੂਜੇ ਹੱਥ ਨਾਲ ਅੱਗੋਂ ਡਿੱਗਦੇ ਸਾਗ ਨੂੰ ਫੜਨਾ ਤੇ ਦਾਤ ਦੇ ਨਾਲ ਬਹੁਤ ਹੀ ਬਰੀਕ ਚੀਰਨਾ। ਅੱਜ ਦੀਆਂ ਨਵੀਆਂ ਕੁੜੀਆਂ ਚਿੜੀਆਂ , ਨੂੰਹਾਂ-ਧੀਆਂ ਨੂੰ ਇਹ ਵੀ ਨਹੀ ਪਤਾ ਕਿ ਦਾਤ ਹੁੰਦਾ ਕੀ ਸੀ, ਦਾਤ ਕਿਸ ਨੂੰ ਕਹਿੰਦੇ ਸਨ। ਹੁਣ ਤਾਂ ਟੋਕੇ ਨਾਲ ਮਿੰਟੋ-ਮਿੰਟੀ ਚੀਰ ਕੇ ਗੈਸ ’ਤੇ ਸਾਗ ਧਰ ਦਿੱਤਾ ਜਾਂਦਾ ਹੈ ਪਰ ਅੱਜ-ਕੱਲ੍ਹ ਉਹ ਹੱਥਾਂ ਦੀ ਮਿਹਨਤ, ਬਰਕਤ, ਮਿਠਾਸ ਨਹੀਂ ਹੁੰਦੀ, ਜਿੰਨੀ ਛੇਤੀ ਬਣਾਇਆ ਜਾਂਦਾ, ਓਨਾ ਕੁ ਹੀ ਸਵਾਦ ਬਣਦਾ ਹੈ।
ਤੌੜੀ ਤੇ ਮੱਠੀ-ਮੱਠੀ ਅੱਗ ’ਤੇ ਧਰਨਾ
ਲਉ ਜੀ ਸਾਗ ਨੂੰ ਹੱਥੀਂ ਚੀਰ ਕੇ ਧੋ ਕੇ ਫਿਰ ਮਿੱਟੀ ਦੀ ਤੌੜੀ ਵਿੱਚ ਪਾ ਕੇ ਚੁੱਲ੍ਹੇ ਉਤੇ ਧਰ ਕੇ ਥੱਲੇ ਅੱਗ ਬਾਲ ਦਿੱਤੀ ਜਾਂਦੀ। ਬੇਬੇ ਚੁੱਲ੍ਹੇ ਕੋਲ ਹੀ ਅੱਗ ਡਾਹੀ ਜਾਂਦੀ ਅਤੇ ਸਾਗ ਨੂੰ ਘੋਟੀ ਜਾਂਦੀ ਸੀ, ਮੱਧਣੀ ਲੱਕੜ ਦੀ ਮਿਸਤਰੀ ਤੋਂ ਬਣਵਾ ਕੇ ਪਹਿਲਾਂ ਹੀ ਘਰ ਵਿੱਚ ਰੱਖੀ ਹੁੰਦੀ ਸੀ। ਇਹ ਥੱਲਿਉਂ ਗੋਲ ਤੇ ਉਪਰੋਂ ਲੰਮੀ ਡੰਡੀ ਹੁੰਦੀ ਸੀ ਤੇ ਉਸ ਨਾਲ ਸਾਗ ਨੂੰ ਘੋਟਿਆ ਜਾਂਦਾ, ਮਤਲਬ ਇੱਕ ਜਾਨ ਕੀਤਾ ਜਾਂਦਾ। ਹਾਂ ਸੱਚ ਸਾਗ ਵਿੱਚ ਬਾਥੂ ਵੀ ਪਾਇਆ ਜਾਂਦਾ ਸੀ ਜਿਹੜਾ ਖੇਤਾਂ ਵਿੱਚ ਵੱਟਾਂ ’ਤੇ ਅਕਸਰ ਆਪੇ ਹੀ ਉੱਗਦਾ, ਬੀਜਿਆ ਨਹੀਂ ਸੀ ਜਾਂਦਾ। ਕੁਦਰਤ ਵੱਲੋਂ ਸਰੋਂ ਦੇ ਦਿਨਾਂ ਵਿੱਚ ਹੀ ਹੁੰਦਾ ਸੀ ਤੇ ਥੋੜ੍ਹਾ ਜਿਹਾ ਤੋੜ ਕੇ ਸਾਗ ਵਿੱਚ ਪਾਇਆ ਜਾਂਦਾ ਸੀ।
ਬੇਬੇ ਕਹਿੰਦੀ ਹੁੰਦੀ ਸੀ ਬਾਥੂ ਨਾਲ ਸਾਗ ਥੋੜ੍ਹੀ ਕੁੱੜਤਣ ਵਿਚ ਬਣਦਾ ਹੈ ਪਰ ਇਸ ’ਤੇ ਪਾਉਣ ਨਾਲ ਸਾਗ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਅੱਜ-ਕੱਲ੍ਹ ਇਹ ਵੀ ਘੱਟ ਮਿਲਦਾ। ਅੱਜ-ਕੱਲ੍ਹ ਤਾਂ ਪਾਲਕ ਜ਼ਰੂਰ ਪਾਉਂਦੇ ਹਨ ਪਰ ਉਸ ਸਮੇਂ ਪਾਲਕ ਦਾ ਰਿਵਾਜ ਨਹੀਂ ਸੀ ਬਾਥੂ ਜ਼ਰੂਰ ਪਾਈਦਾ ਸੀ। ਸਾਗ ਬਣਾਉਂਦੀ ਬੇਬੇ ਥੋੜ੍ਹਾ ਜਿਹਾ ਵਿੱਚ ਕੱਚਾ ਆਟਾ ਵੀ ਪਾ ਦਿੰਦੀ ਸੀ। ਉਸ ਮੁਤਾਬਿਕ ਉਹ ਵੀ ਚੰਗਾ ਹੁੰਦਾ ਸੀ ਤੇ ਸਾਗ ਗੁੜ-ਗੁੜ ਕਰ ਕੇ ਪੱਕਦਾ ਰਹਿੰਦਾ। ਕੋਲ ਬੈਠੀ ਬੇਬੇ ਪੂਰਾ ਪੂਰਾ ਖ਼ਿਆਲ ਰੱਖਦੀ। ਇਸ ਤਰ੍ਹਾਂ ਜਿਸ ਦਿਨ ਸਾਗ ਧਰਨਾ ਹੁੰਦਾ ਤਾਂ ਤੋੜਨ ਤੋਂ ਲੈ ਕੇ ਪੂਰਾ ਬਣਾਉਣ ਤੱਕ ਬੇਬੇ ਦੀ ਦਿਹਾੜੀ ਲੱਗ ਜਾਂਦੀ, ਪਰ ਸਾਗ ਇਸ ਤਰ੍ਹਾਂ ਬਣਦਾ ਸੀ ਕਿ ਉਸ ਤਰ੍ਹਾਂ ਹੋਟਲਾਂ ਵਿੱਚ ਖਾਣੇ ਵੀ ਨਹੀਂ ਬਣਦੇ, ਬੇਬੇ ਦੀ ਹੱਥੀਂ ਮਿਹਨਤ, ਪਿਆਰ, ਸਤਿਕਾਰ, ਵਾਹਿਗੁਰੂ ਸਤਿਨਾਮ ਦਾ ਜਾਪ, ਕੋਈ ਮੱਥੇ ’ਤੇ ਤਿਊੜੀ ਨਹੀਂ, ਪੂਰੀ ਰੀਝ, ਚਾਅ, ਮਲਾਰ, ਅਸੀਸ, ਪੂਰੀ ਸੁੱਚਮ ਤੇ ਰਿਸ਼ਤਿਆਂ ਦਾ ਨਿੱਘ, ਇਨ੍ਹਾਂ ਚੀਜ਼ਾਂ ਜਦੋਂ ਰਲ ਕੇ ਸਾਗ ਬਣਦਾ ਸੀ ਤਾਂ ਫਿਰ ਸਵਾਦ ਤਾਂ ਆਪੇ ਹੀ ਬਣਨਾ ਹੋਇਆ ਪਰ ਅੱਜ-ਕੱਲ੍ਹ ਮੋਹ ਮਹੱਬਤ, ਰਿਸ਼ਤੇ ਨਾਤੇ ਸਭ ਖ਼ਤਮ ਹੋ ਗਏ ਹਨ ਅਤੇ ਆਪਸੀ ਪਿਆਰ ਵੀ ਖ਼ਤਮ ਹੋ ਗਿਆ ਹੈ।
ਸਿਆਣੇ ਕਹਿੰਦੇ ਹਨ ਕੇ ਖਾਣ ਪੀਣ ਵਾਲੀਆ ਵਸਤੂਆਂ ਨੂੰ ਖੁਸ਼ੀ ਨਾਲ ਪਿਆਰ ਨਾਲ ਬਣਾਇਆ ਜਾਵੇ ਤਾਂ ਚੀਜ਼ਾਂ ਦੀ ਮਿਠਾਸ ਚੌਗੁਣੀ ਹੋ ਜਾਂਦੀ ਹੈ। ਬੀਬੀਆਂ ਚੁੱਲ੍ਹੇ ਧਰੇ ਸਾਗ ਨੂੰ ਨਾਲੋ-ਨਾਲ ਮੱਧਣੀ ਨਾਲ ਹਿਲਾਉਂਦੀਆਂ ਰਹਿੰਦੀਆਂ ਨਾਲੇ ਚੁੱਲ੍ਹੇ ਵਿੱਚ ਅੱਗ ਨੂੰ ਬਲਦਾ ਰੱਖਣ ਲਈ ਫੂਕਾਂ ਮਾਰਦੀਆਂ। ਉਸ ਸਮੇਂ ਚੁੱਲ੍ਹੇ ਵਿੱਚ ਜ਼ਿਆਦਾਤਰ ਲੱਕੜ ਦਾ ਬਾਲਣ ਜਾਂ ਗੋਹੇ ਦੀਆਂ ਪਾਥੀਆਂ ਹੀ ਬਾਲੀਆਂ ਜਾਂਦੀਆਂ ਤੇ ਅਕਸਰ ਹੀ ਧੂੰਆਂ ਨਿਕਲਦਾ ਰਹਿੰਦਾ ਸੀ। ਉਹ ਧੂੰਆਂ ਹਰੇਕ ਦੀਆਂ ਅੱਖਾਂ ਵਿੱਚ ਵੀ ਪੈਂਦਾ ਅਤੇ ਸਾਹ ਵਿੱਚ ਵੀ ਰਲਦਾ ਰਹਿੰਦਾ। ਤੌੜੀ ਤੇ ਮੂਧੀ ਮਾਰੀ ਚੱਪਣੀ ਅੱਧੀ ਕੁ ਪਾਸੇ ਹੁੰਦੀ ਅਤੇ ਸਾਗ ਵਿਚਲਾ ਪਾਣੀ ਭਾਫ਼ ਬਣ ਬਣ ਉੱਡਦਾ ਰਹਿੰਦਾ। ਇਸ ਤਰ੍ਹਾਂਂ ਸਰੋਂ ਦਾ ਸਾਗ ਮੁਕੰਮਲ ਤੌਰ ’ਤੇ ਤਿਆਰ ਹੋ ਜਾਂਦਾ। ਸੋ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਾਡੇ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੀ ਸੀ ਜੁੜੀ ਹੈ ਅਤੇ ਹਮੇਸ਼ਾ ਜੁੜੀ ਰਹੇਗੀ। ਇਸ ਦੀ ਥਾਂ ਕੋਈ ਨਹੀਂ ਲੈ ਸਕਦਾ। ਰੱਬ ਕਰੇ ਇਸ ਦਾ ਪੰਜਾਬੀ ਵਿਰਸੇ ਵਿੱਚ ਮਾਣ ਸਤਿਕਾਰ ਇਸੇ ਤਰ੍ਹਾਂ ਹੀ ਸਦਾ ਲਈ ਬਣਿਆ ਰਹੇ। ੍ਹ
-ਬੂਟਾ ਗੁਲਾਮੀ ਵਾਲਾ