ਇੱਕ ਵਿਲੱਖਣ ਕਲਮ ਦਾ ਧਨੀ ਸੁਰਜੀਤ ਪਾਤਰ

In ਮੁੱਖ ਲੇਖ
January 07, 2025
ਦੁਨੀਆਂ ਤੇ ਅਨੇਕਾਂ ਕਲਮਾਂ ਆਈਆਂ ਕਈ ਕਲਮਾਂ ਦੇ ਮਾਲਕ ਕਲਮਾਂ ਰਾਂਹੀ ਆਪਣੇ ਨਾਮ ਦੀ ਅਮਿੱਟ ਛਾਪ ਛੱਡ ਗਏ ਤੇ ਉਹਨਾਂ ਦੇ ਨਾਵਾਂ ਨੂੰ ਲੋਕ ਸਦਾ ਹੀ ਯਾਦ ਕਰਦੇ ਰਹਿੰਦੇ ਹਨ। ਇਹਨਾਂ ਵਿਚੋਂ ਇੱਕ ਨਾਮ ਹੈ ਸੁਰਜੀਤ ਪਾਤਰ ਜਿਸ ਦਾ ਜਨਮ ਸ੍ਰ. ਹਰਭਜਨ ਸਿੰਘ ਦੇ ਘਰ ਬੀਬੀ ਗੁਰਬਖ਼ਸ਼ ਕੌਰ ਦੀ ਕੁੱਖੋਂ ਪਿੰਡ ਪੱਤੜ ਕਲਾਂ ਜਿਲ੍ਹਾ ਜਲੰਧਰ ਵਿੱਚ 14 ਜਨਵਰੀ 1945 ਨੂੰ ਹੋਇਆ। ਪਾਤਰ ਨੇ ਪ੍ਰਾਇਮਰੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਲਈ। ਖ਼ਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀਂ ਜਮਾਤ ਪਾਸ ਕੀਤੀ। ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀ.ਏ ਅਤੇ ਪਟਿਆਲਾ ਯੂਨੀਵਰਸਿਟੀ ਤੋਂ ਐ.ਏ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਨਸਿਟੀ ਅੰਮ੍ਰਿਤਸਰ ਤੋਂ ਪੀ.ਐਚ.ਡੀ ਕੀਤੀ। ਇਹ ਆਪਣੇ ਨਾਮ ਦੇ ਮਗਰ ਪਿੰਡ ਦਾ ਨਾਮ ਪੱਤੜ ਲਿਖਦੇ ਸਨ ਇਹਨਾਂ ਆਪਣੇ ਅਧਿਆਪਕ ਅਤੇ ਉੱਘੇ ਨਾਟਕਕਾਰ ਸੁਰਜੀਤ ਸੇਠੀ ਦੇ ਕਹਿਣ ਤੇ ਪੱਤੜ ਪਾਤਰ ਵਿੱਚ ਬਦਲਾ ਲਿਆ। ਹਮੇਸ਼ਾਂ ਲਈ ਆਪਣਾ ਤਖੱਲਸ ਪਾਤਰ ਬਣਾ ਕੇ ਸੁਰਜੀਤ ਪਾਤਰ ਲਿਖਣ ਲੱਗ ਪਏ। ਪਾਤਰ ਦੀ ਪਤਨੀ ਭੁਪਿੰਦਰ ਕੌਰ ਹੈ ਜਿਸ ਦੀ ਕੁੱਖੋਂ ਦੋ ਪੁੱਤਰਾਂ ਅੰਕੁਰ ਅਤੇ ਮਨਰਾਜ ਨੇ ਜਨਮ ਲਿਆ।` ਸੁਰਜੀਤ ਪਾਤਰ ਜੁਲਾਈ 1971 ਵਿੱਚ ਬਾਬਾ ਬੁੱਢਾ ਜੀਬੀੜ ਸਾਹਿਬ (ਅੰਮ੍ਰਿਤਸਰ) ਕਾਲਜ ਵਿੱਚ ਪੰਜਾਬੀ ਦੇ ਲੈਕਚਰਰਾਰ ਲਗ ਗਏ। ਉਥੋਂ ਇਹਨਾਂ ਦਾ ਸੰਪਰਕ ਪ੍ਰੋਫ਼ੈਸਰ ਮੋਹਨ ਸਿੰਘ ਨਾਲ ਹੁੰਦਾ ਰਿਹਾ ਜੋ ਉਹਨਾਂ ਦਿਨਾਂ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ, ਭਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿੱਚ ਪ੍ਰੋਫ਼ੈਸਰ ਐਮੇਰਿਟਸ ਸਨ। ਉਹਨਾਂ ਪਾਤਰ ਨੂੰ ਲੁਧਿਆਣੇ ਆਪਣੇ ਕੋਲ ਆਉਣ ਦਾ ਸੱਦਾ ਦੇ ਦਿੱਤਾ ਜਿਸ ਨੂੰ ਕਬੂਲਦਿਆਂ ਪਾਤਰ ਸਤੰਬਰ 1972 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭਸ਼ਾਵਾਂ, ਪੱਤਰਕਾਰੀ ਅਤੇ ਸਭਿਆਚਾਰ ਵਿਭਾਗ ਵਿੱਚ ਖੋਜ ਸਹਾਇਕ ਜਾ ਲੱਗੇ। ਇਸ ਵਿਭਾਗ ਵਿੱਚ ਹੀ 1975 ਨੂੰ ਪ੍ਰੋਫ਼ੈਸਰ ਨਿਯੁਕਤ ਹੋ ਗਏ। ਉਹ 30 ਅਪਰੈਲ 2004 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਕੇਂਦਰ ਵਿਚੋਂ ਪ੍ਰੋਫ਼ੈਸਰ ਵਜੋਂ ਸੇਵਾ ਮੁਕਤ ਹੋਏ। ਸੁਰਜੀਤ ਪਾਤਰ ਦੀਆਂ ਪਹਿਲੀਆਂ ਰਚਨਾਵਾਂ ਪ੍ਰੀਤ ਲੜੀ ਵਿੱਚ ਛਪੀਆਂ ਜਦ ਉਹ ਹਜੇ ਸਰਕਾਰੀ ਰਣਧੀਰ ਕਾਲਜ ਕਪੂਰਥਲੇ ਪੜ੍ਹਦਾ ਸੀ। ਉਹਨਾਂ ਦੇ ਕਾਵਿ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ਼ (1979), ਬਿਰਖ ਅਰਜ਼ ਕਰੇ(1992), ਹਨੇਰੇ ਵਿੱਚ ਸੁਲਗਦੀ ਵਰਨਮਾਲਾ(1992), ਲਫ਼ਜਾਂ ਦੀ ਦਰਗਾਹ(2003), ਪਤਝੜ ਦੀ ਪਜ਼ੇਬ, ਸੁਰ- ਜ਼ਮੀਨ (2007), ਚੰਨ ਸੂਰਜ ਦੀ ਵਹਿੰਗੀ। ਵਾਰਤਕ- ਸੂਰਜ ਮੰਦਰ ਦੀਆਂ ਪੋੜੀਆਂ, ਇਹ ਬਾਤ ਨਿਰੀ ਏਨੀ ਹੀ ਨਹੀਂ(2022) ਸੁਰਜੀਤ ਪਾਤਰ ਨੇ ਆਪਣੀ ਬਹੁਤੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਦਲੀਪ ਕੌਰ ਟਿਵਾਣਾ ਵਰਗੇ ਸਿਰਕੱਢ ਸਾਹਿਤਕਾਰਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਰਿਹਾ। ਪਾਤਰ ਨੂੰ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ1979 ਵਿਚ,ਸਾਹਿਤ ਅਕਾਦਮੀ ਪੁਰਸਕਾਰ 1993, ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਆਨਰੇਰੀ ਡੀ ਲਿਟ ਦੀ ਉਪਾਧੀ 2010, ਪਦਮ ਸ਼੍ਰੀ ਪੁਰਸਕਾਰ 2012, ਪੰਜਾਬੀ ਵਿਰਸਾ ਪਾਕਿਸਤਾਨ ਵਲੋਂ ਵਾਰਿਸ਼ ਸ਼ਾਹ ਇੰਟਰਨੈਸ਼ਨਲ ਐਵਾਰਡ 2022 ਵਿੱਚ ਮਿਲਿਆ। ਉਹਨਾਂ ਕਨੇਡਾ, ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ, ਕੀਨੀਆ ਅਤੇ ਨਿਊਜੀਲੈਂਡ ਵਿੱਚ ਕਰਵਾਏ ਗਏ ਸਾਹਿਤਕ ਪ੍ਰੋਗਰਾਮਾਂ ਵਿੱਚ ਭਾਗ ਲਿਆ। ਬਹੁਤ ਨਰਮ ਸੁਭਾਹ ਅਤੇ ਮਿੱਠਾ ਬੋਲਣ ਵਾਲੇ ਉੱਚਕੋਟੀ ਦੇ ਸ਼ੇਅਰ ਸੁਰਜੀਤ ਪਾਤਰ 11 ਮਈ 2024 ਨੂੰ 79 ਸਾਲ ਦੀ ਉੱਮਰ ਵਿੱਚ ਆਪਣੇ ਰਹਾਇਸ਼ੀ ਘਰ ਲੁਧਿਆਣਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਸਾਨੂੰ ਅਲਵਿਦਾ ਆਖ ਗਏ । ਉਹ ਉਸ ਸਮੇਂ ਪੰਜਾਬ ਕਲਾ ਪ੍ਰੀਸ਼ਦ ਚੰਡੀਗ੍ਹੜ ਦੇ ਚੇਅਰਮੈਨ ਸਨ। ਸਾਨੂੰ ਉਨ੍ਹਾਂ ਦੀ ਯਾਦ ਹਮੇਸ਼ਾਂ ਰੜਕਦੀ ਰਹੇਗੀ। ਅਸੀਂ ਵੀ ਅੰਤ ਕਿਰ ਕੇ ਖ਼ਾਦ ਹੋਣਾ ਕਦੀ ਸਾ ਫੁੱਲ ਕਿਸ ਨੂੰ ਯਾਦ ਹੋਣਾ। ------- ਉਦੋਂ ਸਮਝਣਗੇ ਲੋਕੀ ਦਿਲ ਦੀ ਅੱਗ ਨੂੰ ਸਿਵੇ ਵਿੱਚ ਜਦ ਇਹਦਾ ਅਨੁਵਾਦ ਹੋਣਾ। ___ਸੁਰਜੀਤ ਪਾਤਰ ਸੁਖਵਿੰਦਰ ਸਿੰਘ ਮੁੱਲਾਂਪੁਰ

Loading