ਕੈਨੇਡੀਅਨ ਸਿਆਸਤ ਵਿਚ ਸਿੱਖਾਂ ਦੀ ਦਖਲਅੰਦਾਜ਼ੀ ਵਧੀ

In ਖਾਸ ਰਿਪੋਰਟ
January 07, 2025
ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਗੜ ਗਏ ਹਨ। ਜਲੰਧਰ ਨਿਵਾਸੀ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਕੈਨੇਡਾ ਦੇ ਇਕ ਗੁਰਦੁਆਰੇ ਦੀ ਪਾਰਕਿੰਗ ਵਿਚ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਭਾਈ ਨਿੱਝਰ ਕੈਨੇਡਾ ਦੇ ਵੈਨਕੂਵਰ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਵੀ ਸਨ। ਭਾਰਤ ਸਰਕਾਰ ਅਨੁਸਾਰ ਭਾਈ ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮੈਂਬਰਾਂ ਨੂੰ ਆਪਰੇਸ਼ਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਸੀ। ਇਸ ਕਤਲ ਵਿਚ ਭਾਰਤ ਦੇ ਹਾਈ ਕਮਿਸ਼ਨਰ ਉਪਰ ਦੋਸ਼ ਲਗਣ ਬਾਅਦ ਭਾਰਤ ਨੇ ਕੈਨੇਡਾ ਤੋਂ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ। ਇਸ ਦੇ ਨਾਲ ਹੀ ਭਾਰਤ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਵਿਚੋਂ ਕੱਢ ਦਿੱਤਾ ਸੀ। ਭਾਰਤ ਸਰਕਾਰ ਦਾ ਮੰਨਣਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਕਤੂਬਰ 2025 ਦੌਰਾਨ ਕੈਨੇਡਾ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਹਾਰ ਦੇ ਡਰ ਕਾਰਨ ਅਜਿਹੇ ਵਿਵਾਦਿਤ ਬਿਆਨ ਦੇ ਰਹੇ ਹਨ। ਦਰਅਸਲ, ਕੈਨੇਡਾ ਦੀਆਂ ਆਮ ਚੋਣਾਂ ਵਿੱਚ ਸਿੱਖ ਵੋਟ ਬੈਂਕ ਬਹੁਤ ਮਾਇਨੇ ਰੱਖਦਾ ਹੈ। ਉਥੋਂ ਦੀ ਸਿਆਸਤ ਵਿਚ ਸਿੱਖਾਂ ਦੀ ਦਖਲਅੰਦਾਜ਼ੀ ਬਹੁਤ ਵਧ ਗਈ ਹੈ। ਇਸੇ ਕਾਰਣ ਟਰੂਡੋ ਤੇ ਕੈਨੇਡਾ ਦੀ ਡੀਪ ਸਟੇਟ ਸਿੱਖਾਂ ਨੂੰ ਨਰਾਜ਼ ਕਰਨ ਨੂੰ ਤਿਆਰ ਨਹੀਂ। ਉਹ ਕੈਨੇਡੀਅਨ ਕਨੂੰਨ ਅਨੁਸਾਰ ਸਿੱਖਾਂ ਨੂੰ ਅਜ਼ਾਦੀ ਤੇ ਨਿਆਂ ਦਾ ਅਹਿਸਾਸ ਕਰਾਉਣਾ ਚਾਹੁੰਦੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, ਸਾਨੂੰ ਬੀਤੇ ਦਿਨੀਂ ਕੈਨੇਡਾ ਤੋਂ ਕੂਟਨੀਤਕ ਸੁਨੇਹਾ ਮਿਲਿਆ ਸੀ। ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਚੱਲ ਰਹੀ ਜਾਂਚ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਡਿਪਲੋਮੈਟਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਭਾਰਤ ਸਰਕਾਰ ਕੈਨੇਡਾ ਦੇ ਇਨ੍ਹਾਂ ਇਲਜ਼ਾਮਾਂ ਦਾ ਪੁਰਜ਼ੋਰ ਖੰਡਨ ਕਰ ਰਹੀ ਹੈ।ਮੋਦੀ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੀ ਟਰੂਡੋ ਸਰਕਾਰ ਵੋਟ ਬੈਂਕ ਬਣਾਉਣ ਲਈ ਅਜਿਹਾ ਕਰ ਰਹੀ ਹੈ। ਇਸ ਤੋਂ ਪਹਿਲਾਂ 18 ਸਤੰਬਰ 2024 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਸੰਸਦ ਵਿੱਚ ਬਿਆਨ ਦਿੱਤਾ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸੰਭਾਵੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਜਦੋਂ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਭਾਰਤ ਦੀ ਮੋਦੀ ਸਰਕਾਰ ਨਾਲੋਂ ਵੱਧ ਸਿੱਖ ਮੰਤਰੀ ਹਨ। ਉਸ ਸਮੇਂ ਟਰੂਡੋ ਨੇ ਚਾਰ ਸਿੱਖਾਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ। ਕੈਨੇਡੀਅਨ ਰਾਜਨੀਤੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਿੱਖਾਂ ਦੀ ਸਿਆਸੀ ਪਾਵਰ ਵਧੀ ਹੈ। ਕੈਨੇਡਾ ਦੀ ਆਬਾਦੀ ਧਰਮ ਅਤੇ ਨਸਲ ਦੇ ਪੱਖੋਂ ਕਾਫੀ ਭਿੰਨ ਹੈ। ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, 2016 ਵਿੱਚ ਕੈਨੇਡਾ ਦੀ ਕੁੱਲ ਆਬਾਦੀ ਵਿਚ ਘੱਟ ਗਿਣਤੀ ਕੌਮਾਂ 22.3 ਪ੍ਰਤੀਸ਼ਤ ਹੋ ਗਈਆਂ ਸਨ। 1981 ਵਿੱਚ ਘੱਟ ਗਿਣਤੀਆਂ ਦੀ ਕੁਲ ਅਬਾਦੀ 4.7 ਫੀਸਦੀ ਸੀ। ਇਸ ਰਿਪੋਰਟ ਮੁਤਾਬਕ 2036 ਤੱਕ ਕੈਨੇਡਾ ਦੀ ਕੁੱਲ ਆਬਾਦੀ ਵਿਚ ਘੱਟਗਿਣਤੀਆਂ 33 ਫੀਸਦੀ ਹੋ ਜਾਣਗੀਆਂ। ਸਿੱਖ ਕੌਮ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਧਾਰਮਿਕ ਸਮੂਹ ਹੈ, ਜਿਸ ਦੇ ਲਗਭਗ 800,000 ਅਨੁਯਾਈ ਹਨ। 2021 ਤੱਕ, ਸਿੱਖ ਕੈਨੇਡੀਅਨ ਆਬਾਦੀ ਦਾ 2.1% ਬਣਦੇ ਸਨ। ਕੈਨੇਡਾ ਵਿੱਚ ਭਾਰਤੀ ਮੂਲ ਦੇ 16 ਲੱਖ ਤੋਂ ਵੱਧ ਲੋਕ ਰਹਿੰਦੇ ਹਨ, ਜਦਕਿ ਭਾਰਤੀ ਪਰਵਾਸੀਆਂ ਦੀ ਗਿਣਤੀ 7 ਲੱਖ ਹੈ। ਪੂਰੀ ਦੁਨੀਆ ਵਿੱਚ ਜ਼ਿਆਦਾਤਰ ਭਾਰਤੀ ਕੈਨੇਡਾ ਵਿੱਚ ਰਹਿੰਦੇ ਹਨ। ਇਹ ਕੈਨੇਡਾ ਦੀ ਕੁੱਲ ਆਬਾਦੀ ਦਾ 4 ਫੀਸਦੀ ਹੈ। ਇਹ ਭਾਰਤੀ ਜ਼ਿਆਦਾਤਰ ਕੈਨੇਡਾ ਦੇ ਟੋਰਾਂਟੋ, ਵੈਨਕੂਵਰ, ਮਾਂਟਰੀਅਲ, ਓਟਾਵਾ ਅਤੇ ਵਿਨੀਪੈਗ ਵਿੱਚ ਰਹਿੰਦੇ ਹਨ। ਇਸ ਸਮੇਂ ਕੈਨੇਡਾ ਦੀ ਸੰਸਦ ਵਿੱਚ ਭਾਰਤੀ ਮੂਲ ਦੇ 19 ਲੋਕ ਹਨ। ਇਸ ਦੇ ਨਾਲ ਹੀ 3 ਮੈਂਬਰ ਕੈਬਨਿਟ ਮੰਤਰੀ ਹਨ।ਕੈਨੇਡਾ ਦੀ ਅਬਾਦੀ ਦਾ 2.1 ਫੀਸਦੀ ਹਿੱਸਾ ਸਿੱਖ ਹਨ, ਜਿਸ ਕਾਰਨ ਉੱਥੋਂ ਦੀ ਸਿਆਸਤ ਲਈ ਵੀ ਬੇਹਦ ਅਹਿਮ ਹਨ। ਪੰਜਾਬੀ ਭਾਸ਼ਾ, ਕੈਨੇਡਾ ਦੀ ਤੀਜੀ ਸਭ ਤੋਂ ਹਰਮਨ ਪਿਆਰੀ ਭਾਸ਼ਾ ਹੈ।

Loading