ਕਿਉਂ ਵਾਪਰਦੇ ਹਨ ਹਵਾਈ ਹਾਦਸੇ?

In ਮੁੱਖ ਲੇਖ
January 10, 2025
ਸਿਰਫ਼ ਸੜਕ ਹਾਦਸੇ ਹੀ ਨਹੀਂ, ਦੁਨੀਆਂ ਭਰ ਵਿੱਚ ਹਵਾਈ ਹਾਦਸਿਆਂ ਦੀ ਵਧਦੀ ਗਿਣਤੀ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਾਰਤ ਵਿੱਚ ਸੜਕ ਹਾਦਸਿਆਂ ’ਤੇ ਬਹੁਤ ਹੀ ਚਿੰਤਾਜਨਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਉਹ ਸੜਕ ਅਤੇ ਹਾਈਵੇ ਵਿਕਾਸ ’ਤੇ ਆਯੋਜਿਤ ਅੰਤਰਰਾਸ਼ਟਰੀ ਸਮਾਰੋਹਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅੱਜ ਹਵਾਈ ਸਫ਼ਰ ਵੀ ਸੁਰੱਖਿਅਤ ਨਹੀਂ ਰਿਹਾ। ਬੀਤੇ ਸਾਲ ਦੇ ਆਖ਼ਰੀ ਦਿਨਾਂ ਵਿੱਚ ਦੋ ਭਿਆਨਕ ਹਵਾਈ ਹਾਦਸਿਆਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਅਤੇ ਹਰ ਪਾਸੇ ਸੋਗ ਦੀ ਲਹਿਰ ਫ਼ੈਲ ਗਈ ਸੀ। ਹਾਲਾਂਕਿ ਹਾਲ ਹੀ ਵਿੱਚ ਹੋਏ ਹਵਾਈ ਹਾਦਸੇ ਭਾਰਤ ਵਿੱਚ ਨਹੀਂ ਹੋਏ ਹਨ ਪਰ ਉਨ੍ਹਾਂ ਕਾਰਨ ਵੱਡਾ ਜਾਨੀ ਨੁਕਸਾਨ ਹੋਇਆ ਹੈ। ਕਜ਼ਾਕਿਸਤਾਨ ਵਿੱਚ ਅਜ਼ਰਬਾਏਜਾਨ ਦੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 38 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਦੱਖਣੀ ਕੋਰੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 179 ਲੋਕਾਂ ਦੀ ਮੌਤ ਹੋ ਗਈ ਸੀ। ਇਹ ਬਹੁਤ ਦੁਖਦਾਈ ਹੈ ਕਿ ਦੱਖਣੀ ਕੋਰੀਆ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ। ਇੱਕ ਹਫ਼ਤੇ ਵਿੱਚ ਦੋ ਜਹਾਜ਼ ਹਾਦਸੇ ਅਤੇ ਇਨ੍ਹਾਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਦਰਸਾਉਂਦੀ ਹੈ ਕਿ ਅੱਜ ਹਵਾਈ ਯਾਤਰਾ ਸੁਰੱਖਿਅਤ ਨਹੀਂ ਰਹੀ। ਦੱਖਣੀ ਕੋਰੀਆ ਦੇ ਮੁਆਨ ਵਿੱਚ ਹੋਏ ਹਾਦਸੇ ਦਾ ਕਾਰਨ ਪੰਛੀਆਂ ਦਾ ਜਹਾਜ਼ ਨਾਲ ਟਕਰਾਉਣਾ ਦੱਸਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲੈਂਡਿੰਗ ਵੇਲੇ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਦੇ ਪਿਛਲੇ ਹਿੱਸੇ ’ਤੇ ਇੱਕ ਪੰਛੀ ਟਕਰਾ ਗਿਆ ਤੇ ਕੁਝ ਹੀ ਸਕਿੰਟਾਂ ’ਚ ਜਹਾਜ਼ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਪੰਛੀਆਂ ਦੇ ਟਕਰਾਉਣ ਕਾਰਨ ਲੈਂਡਿੰਗ ਗੀਅਰ ਖ਼ਰਾਬ ਹੋ ਗਿਆ। ਬਹੁਤ ਸਾਰੇ ਮਾਹਿਰ ਇਸ ਨਾਲ ਸਹਿਮਤ ਨਹੀਂ ਹਨ। ਹਾਦਸੇ ਦਾ ਅਸਲ ਕਾਰਨ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਹਾਲਾਂਕਿ ਅਜ਼ਰਬਾਏਜਾਨ ਦੇ ਜਹਾਜ਼ ਹਾਦਸੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਵੱਖ-ਵੱਖ ਦਾਅਵਿਆਂ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਮਾਫ਼ੀਨਾਮੇ ਨੇ ਸ਼ੰਕਿਆਂ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਪੁਤਿਨ ਨੇ ਕਿਹਾ ਸੀ ਕਿ ਜਦੋਂ ਜਹਾਜ਼ ਕਜ਼ਾਕਿਸਤਾਨ ’ਚ ਲੈਂਡ ਕਰ ਰਿਹਾ ਸੀ ਤਾਂ ਯੂਕਰੇਨ ਦੇ ਡ੍ਰੋਨ ਹਮਲਿਆਂ ਦੇ ਮੱਦੇਨਜ਼ਰ ਰੂਸੀ ਰੱਖਿਆ ਪ੍ਰਣਾਲੀ ਸਰਗਰਮ ਸੀ। ਪਰ ਪੁਤਿਨ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਉਕਤ ਜਹਾਜ਼ ਇਸ ਪ੍ਰਣਾਲੀ ਦਾ ਨਿਸ਼ਾਨਾ ਬਣ ਗਿਆ ਸੀ। ਇਹ ਕਹਿਣਾ ਮੁਸ਼ਕਲ ਹੈ ਕਿ ਲੈਂਡਿੰਗ ਦੌਰਾਨ ਜਹਾਜ਼ ਵਿਚ ਕੋਈ ਤਕਨੀਕੀ ਖ਼ਰਾਬੀ ਸੀ ਜਾਂ ਫ਼ਿਰ ਇਹ ਮਿਜ਼ਾਈਲ ਦਾ ਸ਼ਿਕਾਰ ਬਣ ਗਿਆ ਸੀ ਪਰ ਮਾਮਲਾ ਜੋ ਵੀ ਹੋਵੇ, ਸੱਚਾਈ ਇਹ ਹੈ ਕਿ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਜਾਨ ਚਲੀ ਗਈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਹਵਾਬਾਜ਼ੀ ਉਦਯੋਗ ਵਿੱਚ ਦੱਖਣੀ ਕੋਰੀਆ ਦਾ ਰਿਕਾਰਡ ਚੰਗਾ ਮੰਨਿਆ ਜਾਂਦਾ ਹੈ ਤੇ ਪਿਛਲੇ ਇੱਕ ਦਹਾਕੇ ਵਿੱਚ ਉਸ ਦੀ ਕਿਸੇ ਏਅਰਲਾਈਨ ਦਾ ਇਹ ਪਹਿਲਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ ਸਾਲ 2013 ਵਿੱਚ ਇੱਕ ਹਾਦਸਾ ਵਾਪਰਿਆ ਸੀ ਜਦੋਂ ਏਸ਼ਿਆਨਾ ਏਅਰਲਾਈਨਜ਼ ਦੀ ਸਾਨ ਫ਼ਰਾਂਸਿਸਕੋ ਜਾ ਰਹੀ ਉਡਾਣ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਜਹਾਜ਼ ਹਾਦਸੇ ਟੇਕ-ਆਫ਼ ਅਤੇ ਫ਼ਿਰ ਲੈਂਡਿੰਗ ਦੌਰਾਨ ਹੁੰਦੇ ਹਨ। ਸਾਲ 2023 ਦੌਰਾਨ ਅਜਿਹੇ 109 ਹਾਦਸੇ ਹੋਏ ਸਨ ਜਿਨ੍ਹਾਂ ’ਚੋਂ 37 ਤਾਂ ਉਡਾਣ ਦੌਰਾਨ ਅਤੇ 30 ਲੈਂਡਿੰਗ ਦੌਰਾਨ ਵਾਪਰੇ ਤੇ 120 ਲੋਕ ਮਾਰੇ ਗਏ ਸਨ। ਇਸ ਮੁਤਾਬਕ ਹਰ ਮਹੀਨੇ ਔਸਤਨ 9 ਜਹਾਜ਼ ਹਾਦਸੇ ਵਾਪਰੇ ਜਿਨ੍ਹਾਂ ’ਚ 10 ਲੋਕਾਂ ਦੀ ਮੌਤ ਹੋ ਗਈ। ਏਵੀਏਸ਼ਨ ਸੇਫ਼ਟੀ ਮੁਤਾਬਕ ਪਿਛਲੇ ਸਾਲ ਸਭ ਤੋਂ ਵੱਧ 34 ਜਹਾਜ਼ ਹਾਦਸੇ ਅਮਰੀਕਾ ਵਿੱਚ ਹੋਏ। ਦੱਸਣਯੋਗ ਹੈ ਕਿ 2017 ਤੋਂ 2023 ਤੱਕ ਦੁਨੀਆਂ ਭਰ ’ਚ 813 ਜਹਾਜ਼ ਕਰੈਸ਼ ਹੋਏ ਅਤੇ 1,473 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਉਕਤ ਅਰਸੇ ਵਿੱਚ ਲੈਂਡਿੰਗ ਦੌਰਾਨ 261 ਹਾਦਸੇ ਵਾਪਰ ਚੁੱਕੇ ਹਨ। ਉਡਾਣ ਦੌਰਾਨ 212 ਹਾਦਸੇ ਵਾਪਰ ਚੁੱਕੇ ਹਨ। ਇਸ ਸਮੇਂ ਦੌਰਾਨ ਭਾਰਤ ਵਿੱਚ 14 ਹਾਦਸੇ ਵਾਪਰ ਚੁੱਕੇ ਹਨ। ਅੰਕੜੇ ਦੱਸਦੇ ਹਨ ਕਿ 7 ਸਾਲਾਂ ਵਿੱਚ ਹਰ ਸਾਲ ਔਸਤਨ 200 ਹਵਾਈ ਹਾਦਸੇ ਹੋਏ ਹਨ ਤੇ ਇਕ ਸਾਲ ਵਿੱਚ ਇਨ੍ਹਾਂ ’ਚ ਸੈਂਕੜੇ ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ.ਏ.ਟੀ.ਏ.) ਹਰ ਸਾਲ ਫ਼ਲਾਈਟ ਸੇਫ਼ਟੀ ਨੂੰ ਲੈ ਕੇ ਰਿਪੋਰਟ ਜਾਰੀ ਕਰਦੀ ਹੈ ਜਿਸ ਵਿੱਚ ਹਵਾਈ ਹਾਦਸਿਆਂ ਦੇ ਵੱਖ-ਵੱਖ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੁੰਦਾ ਹੈ। ਦਰਅਸਲ, ਜਹਾਜ਼ ਦੁਰਘਟਨਾਵਾਂ ਦੇ ਕਈ ਕਾਰਨ ਹੋ ਸਕਦੇ ਹਨ। ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਸਰ ਪਾਇਲਟ ਦੀ ਗ਼ਲਤੀ, ਤਕਨੀਕੀ ਖ਼ਾਮੀਆਂ, ਖ਼ਰਾਬ ਮੌਸਮ ਅਤੇ ਇੱਥੋਂ ਤੱਕ ਕਿ ਏਅਰਲਾਈਨ ਕੰਪਨੀਆਂ ਦੀ ਅਣਗਹਿਲੀ ਕਾਰਨ ਵੀ ਹਾਦਸੇ ਵਾਪਰਦੇ ਹਨ। ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪਾਇਲਟ ਦੀ ਗ਼ਲਤੀ ਹਵਾਈ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਹੈ ਜੋ ਲਗਪਗ 53% ਹਾਦਸਿਆਂ ਲਈ ਜ਼ਿੰਮੇਵਾਰ ਹੈ। ਦਰਅਸਲ, ਅਜੋਕੇ ਦੌਰ ਵਿੱਚ ਪਾਇਲਟਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਖ਼ਰਾਬ ਮੌਸਮ, ਮਕੈਨੀਕਲ ਸਮੱਸਿਆਵਾਂ ਤੇ ਸੁਰੱਖਿਅਤ ਲੈਂਡਿੰਗ ਨੂੰ ਯਕੀਨੀ ਬਣਾਉਣਾ ਆਦਿ। ਇਸ ਤੋਂ ਇਲਾਵਾ, ਚਾਲਕ ਦਲ ਦੇ ਮੈਂਬਰਾਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਦੇ ਵੀ ਗੰਭੀਰ ਨਤੀਜੇ ਨਿਕਲਦੇ ਹਨ। ਰੱਖ-ਰਖਾਅ ਦੀ ਘਾਟ, ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਵਿੱਚ ਖਾਮੀਆਂ, ਹਵਾਈ ਆਵਾਜਾਈ ਕੰਟਰੋਲ, ਸੁਰੱਖਿਆ ਉਪਕਰਨ ਅਤੇ ਲੈਂਡਿੰਗ ਤਕਨੀਕ ਵੀ ਜਹਾਜ਼ ਹਾਦਸਿਆਂ ਦਾ ਵੱਡਾ ਕਾਰਨ ਹਨ। ਹਵਾਈ ਹਾਦਸਿਆਂ ਦਾ ਕਾਰਨ ਚਾਹੇ ਕੋਈ ਵੀ ਹੋਵੇ, ਇਨ੍ਹਾਂ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ। ਇਨ੍ਹਾਂ ਨੂੰ ਰੋਕਣ ਲਈ ਵੱਖ-ਵੱਖ ਉਪਾਅ ਸਖ਼ਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਈ ਤਕਨੀਕੀ ਕਮੀਆਂ ਨੂੰ ਵੀ ਸਮੇਂ ਸਿਰ ਠੀਕ ਕਰਨ ਦੀ ਲੋੜ ਹੈ। ਹਰੇਕ ਏਅਰਲਾਈਨ ਨੂੰ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਆਪਣੀਆਂ ਨੀਤੀਆਂ ਵਿੱਚ ਲੋੜ ਅਨੁਸਾਰ ਬਦਲਾਅ ਕਰਨਾ ਚਾਹੀਦਾ ਹੈ ਤਾਂ ਹੀ ਹਵਾਈ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ। -ਸੁਨੀਲ ਕੁਮਾਰ ਮਾਹਲਾ

Loading