ਕਦੇ ਵੀ ਟੁੱਟ ਸਕਦਾ ਹੈ ਭਾਰਤ-ਚੀਨ ਵਿਚਾਲੇ ਹੋਇਆ ਸਮਝੌਤਾ

In ਮੁੱਖ ਲੇਖ
January 10, 2025
ਰੂਸ ਦੇ ਸ਼ਹਿਰ ਕਜ਼ਾਨ ਵਿੱਚ ਅਕਤੂਬਰ 2024 ਨੂੰ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਇੱਕ ਸੰਖੇਪ ਜਿਹੀ ਮੁਲਾਕਾਤ ਦੌਰਾਨ ਭਾਰਤ-ਚੀਨ ਦੇ ਰਿਸ਼ਤਿਆਂ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਬਣੀ ਸਹਿਮਤੀ ਨੂੰ ਅਜੇ ਤਿੰਨ ਮਹੀਨੇ ਵੀ ਨਹੀਂ ਹੋਏ ਕਿ ਦੋਵਾਂ ਦੇਸ਼ਾਂ ਦਰਮਿਆਨ ਹੋਇਆ ‘ਸਮਝੌਤਾ’ ਲੜਖੜਾਉਣ ਲੱਗਾ ਹੈ। ਹਾਲ ਹੀ ਵਿੱਚ ਚੀਨ ਨੇ ਹੈਤਾਨ ਸੂਬੇ ’ਚ ਦੋ ਪ੍ਰਸ਼ਾਸਕੀ ਕਾਊਟੀਆਂ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਅਧਿਕਾਰ ਖੇਤਰ ਦੇ ਕੁਝ ਹਿੱਸੇ ਭਾਰਤ ਦੇ ਯੂਟੀ ਲੱਦਾਖ ’ਚ ਆਉਂਦੇ ਹਨ। ਇਸ ਤੋਂ ਪਹਿਲਾਂ ਚੀਨ ਨੇ ਭਾਰਤ ਦੀ ਸਰਹੱਦ ਨੇੜੇ ਬ੍ਰਹਮ ਪੁੱਤਰ ਦਰਿਆ ਉੱਤੇ ਇੱਕ ਵਿਸ਼ਾਲ ਬੰਨ੍ਹ (ਡੈਮ) ਬਣਾਉਣ ਦਾ ਐਲਾਨ ਕੀਤਾ ਸੀ। ਤਿੱਬਤ ਵਿੱਚ ਕੈਲਾਸ਼ ਪਰਬਤ ਦੇ ਨੇੜੇ ਬ੍ਰਹਮ ਪੁੱਤਰ ਨਦੀ (ਤਿੱਬਤ ਵਿੱਚ ਜਿਸ ਦਾ ਨਾਂ ਯਾਰਲੁੰਗ ਸਾਂਗਪੋ ਹੈ) ਉੱਤੇ ਦੁਨੀਆਂ ਦੇ ਸਭ ਤੋਂ ਉੱਚੇ ਪਣ ਬਿਜਲੀ ਬੰਨ੍ਹ (ਬੁਨਿਆਦੀ ਢਾਂਚਾ ਪ੍ਰਾਜੈਕਟ) ਬਣਾਉਣ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਉੱਤੇ ਅੰਦਾਜ਼ਨ 137 ਅਰਬ ਡਾਲਰ ਦਾ ਖ਼ਰਚ ਆਵੇਗਾ। ਬ੍ਰਹਮ ਪੁੱਤਰ (ਯਾਰਲੁੰਗ ਸਾਂਗਪੋ) ਅਸਾਮ ਤੋਂ ਹੁੰਦੀ ਹੋਈ ਬੰਗਲਾਦੇਸ਼ ਪਹੁੰਚਦੀ ਹੈ। ਚੀਨ ਵੱਲੋਂ ਤਿੱਬਤ ’ਚ ਬ੍ਰਹਮ ਪੁੱਤਰ ਦਰਿਆ ’ਤੇ ਵੱਡਾ ਡੈਮ ਬਣਾਉਣ ਦੀ ਯੋਜਨਾ ਅਤੇ ਦੋ ਪ੍ਰਸ਼ਾਸਕੀ ਕਾਊਂਟੀਆਂ ਸਥਾਪਤ ਕਰਨ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਭਾਰਤ ਨੇ ਕਿਹਾ ਕਿ ਉਹ ਆਪਣੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇਗਾ ਤੇ ਲਗਾਤਾਰ ਨਿਗਰਾਨੀ ਜਾਰੀ ਰੱਖੇਗਾ। ਭਾਰਤ ਨੂੰ ਖ਼ਦਸ਼ਾ ਹੈ ਕਿ ਚੀਨ ਇੱਕ ਤਰ੍ਹਾਂ ਪਾਣੀ ਨੂੰ ਹਥਿਆਰ ਬਣਾ ਕੇ ਭਾਰਤ ਦੇ ਲੱਦਾਖ, ਅਸਾਮ ਆਦਿ ’ਤੇ ਕੰਟਰੋਲ ਕਰਨ ਦੀ ਇੱਛਾ ਰੱਖਦਾ ਹੈ। ਚੀਨ ਵੱਲੋਂ ਤਜਵੀਜ਼ ਕੀਤੇ ਬੰਨ੍ਹ ’ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਨਵੀਂ ਦਿੱਲੀ ਨੇ ਬੀਜਿੰਗ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉੱਪਰਲੇ ਖੇਤਰ ਵਿੱਚ ਗਤੀਵਿਧੀਆਂ ਨਾਲ ਬ੍ਰਹਮ ਪੁੱਤਰ ਦੇ ਹੇਠਲੇ ਰਾਜਾਂ ਦੇ ਹਿੱਤਾਂ ਨੂੰ ਨੁਕਸਾਨ ਨਾ ਪੁੱਜੇ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੀਨ ਦੇ ਉਕਤ ਫ਼ੈਸਲੇ ਬਾਰੇ ਨਾਜਾਇਜ਼ ਕਬਜ਼ੇ ਦਾ ਇਲਜ਼ਾਮ ਲਾਉਂਦਿਆਂ ਇਸ ਖ਼ਿਲਾਫ਼ ਸਖ਼ਤ ਵਿਰੋਧ ਜਤਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਲਗਾਤਾਰ ਨਿਗਰਾਨੀ ਰੱਖਾਂਗੇ ਤੇ ਆਪਣੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕਾਂਗੇ। ਅਜਿਹੀਆਂ ਕਿਆਸ-ਅਰਾਈਆਂ ਹਨ ਕਿ ਇਸ ਡੈਮ ਨਾਲ ਅਰੁਣਾਚਲ ਪ੍ਰਦੇਸ਼ ਦੇ ਨਾਲ-ਨਾਲ ਅਸਾਮ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਚੀਨੀ ਧਿਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉੱਪਰਲੇ ਖੇਤਰਾਂ ’ਚ ਗਤੀਵਿਧੀਆਂ ਦੇ ਨਾਲ ਬ੍ਰਹਮ ਪੁੱਤਰ ਦੇ ਹੇਠਲੇ ਰਾਜਾਂ ਦੇ ਹਿੱਤ ਪ੍ਰਭਾਵਿਤ ਨਾ ਹੋਣ। ਚੀਨ ਦੀ ਇਸ ਯੋਜਨਾ ਨੇ ਭਾਰਤ ਤੇ ਬੰਗਲਾਦੇਸ਼ ਨੂੰ ਫ਼ਿਕਰ ’ਚ ਪਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਬੀਤੇ ਸਾਲ 25 ਦਸੰਬਰ ਨੂੰ ਤਿੱਬਤ ’ਚ ਭਾਰਤ ਨਾਲ ਲੱਗਦੀ ਸਰਹੱਦ ਨੇੜੇ ਬ੍ਰਹਮ ਪੁੱਤਰ ਨਦੀ ’ਤੇ ਦੁਨੀਆਂ ਦਾ ਸਭ ਤੋਂ ਵੱਡਾ ਬੰਨ੍ਹ ਬਣਾਉਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਦਰਅਸਲ, ਹਾਲ ਹੀ ਵਿੱਚ ਚੀਨ ਦੇ ਦੋ ਫ਼ੈਸਲਿਆਂ ਨੇ ਭਾਰਤ ਦੇ ਸਾਹਮਣੇ ਇਹ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਜੇ ਅਸਲ ਵਿੱਚ ਇਸ ਤਰ੍ਹਾਂ ਹੁੰਦਾ ਰਹੇਗਾ ਤਾਂ ਫ਼ਿਰ ਚੀਨ ਤੋਂ ਕੋਈ ਸੁਹਿਰਦ ਉਮੀਦ ਦੀ ਕੀ ਤੁਕ ਬਣੇਗੀ? ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਜਟਿਲ ਮਸਲਿਆਂ ਦਾ ਕੀ ਬਣੇਗਾ? ਚੀਨ ਵੱਲੋ ਇਸ ਤਰ੍ਹਾਂ ਦੀਆਂ ਹਰਕਤਾਂ (ਮਿਸਾਲ ਲਈ ਬ੍ਰਹਮ ਪੁੱਤਰ ਦਰਿਆ ’ਤੇ ਪਣ ਬਿਜਲੀ ਬੰਨ੍ਹ (ਡੈਮ) ਬਣਾਉਣ ਦੀ ਤਜਵੀਜ਼ ਅਤੇ ਹੈਤਾਨ ਸੂਬੇ ਵਿੱਚ ਦੋ ਪ੍ਰਸ਼ਾਸਕੀ ਕਾਊਟੀਂਆਂ ਬਣਾਉਣ ਦੀ ਯੋਜਨਾ) ਤਦ ਸਾਹਮਣੇ ਆ ਰਹੀਆਂ ਹਨ ਜਦ ਦੋਵਾਂ ਦੇਸ਼ਾਂ ਨੇ ਲਗਪਗ ਸਾਢੇ ਚਾਰ ਸਾਲਾਂ ਤੋਂ ਸਰਹੱਦੀ ਮਸਲਿਆਂ ’ਤੇ ਜਾਰੀ ਸਭ ਰੇੜਕੇ ਦੂਰ ਕਰ ਕੇ ਮਸਲੇ ਦੇ ਹੱਲ ਲਈ ਠੋਸ ਕਦਮ ਚੁੱਕਣ ਦਾ ਫ਼ੈਸਲਾ ਲਿਆ ਸੀ। ਭਾਰਤ ਵਿੱਚ ਚੀਨੀ ਦੂਤਘਰ ਦੇ ਤਰਜਮਾਨ ਯੂ ਜਿੰਗ ਨੇ ਕਿਹਾ ਕਿ ਬ੍ਰਹਮ ਪੁੱਤਰ ਨਦੀ ’ਤੇ ਡੈਮ ਬਣਾਉਣ ਸਬੰਧੀ ਪ੍ਰਾਜੈਕਟ ਦਾ ਹੇਠਲੇ ਇਲਕਿਆਂ ’ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਚੀਨ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਆਪਣੇ ਇਲਾਕੇ ਵਿੱਚ ਸਾਂਗਪੋ (ਬ੍ਰਹਮ ਪੁੱਤਰ) ਨਦੀ ’ਤੇ ਪਣ ਬਿਜਲੀ ਪ੍ਰਾਜੈਕਟ (ਡੈਮ) ਬਣਾਇਆ ਜਾਵੇਗਾ ਜਿਸ ਦਾ ਮਕਸਦ ਸਵੱਛ ਊਰਜਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਤੇ ਜਲਵਾਯੂ ਬਦਲਾਅ ’ਤੇ ਅਤਿਅੰਤ ਹਾਈਡਰੋਲੋਜੀਕਲ ਆਫ਼ਤਾਂ ਦਾ ਟਾਕਰਾ ਕਰਨਾ ਹੈ। ਦੂਤਘਰ ਦੇ ਤਰਜਮਾਨ ਨੇ ਇਹ ਵੀ ਕਿਹਾ ਕਿ ਚੀਨ ਹਮੇਸ਼ਾ ਸਰਹੱਦ ਪਾਰ ਨਦੀਆਂ ਦੇ ਵਿਕਾਸ ਲਈ ਜ਼ਿੰਮੇਵਾਰ ਰਿਹਾ ਹੈ। ਉਨ੍ਹਾਂ ਹੇਠਲੇ ਇਲਾਕਿਆਂ ’ਚ ਪੈਂਦੇ ਦੇਸ਼ਾਂ ਨਾਲ ਸੰਚਾਰ ਕਾਇਮ ਰੱਖਣ ਤੇ ਸਹਿਯੋਗ ਵਧਾਉਣ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਭਾਰਤ ਤੇ ਚੀਨ ਵਿਚਾਲੇ ਬਣੀ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਮੀਟਿੰਗ ਪਿਛਲੇ ਦਿਨੀਂ ਬੀਜਿੰਗ ਵਿੱਚ ਹੋਈ ਸੀ। ਬੈਠਕ ਵਿੱਚ ਭਾਰਤ ਦੀ ਨੁਮਾਇੰਦਗੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੀਤੀ ਜਦਕਿ ਵਿਦੇਸ਼ ਮੰਤਰੀ ਵਾਂਗ ਯੀ ਚੀਨ ਤੋਂ ਵਿਸ਼ੇਸ਼ ਪ੍ਰਤੀਨਿਧੀ ਸਨ। ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ ਸੁਲਝਾਉਣ ਲਈ ਇਸ ਤੋਂ ਪਹਿਲਾਂ 22 ਵਾਰ ਗੱਲਬਾਤ ਹੋ ਚੁੱਕੀ ਹੈ। ਡੋਵਾਲ ਖ਼ੁਦ 2014 ਤੋਂ 2019 ਤੱਕ ਇਸ ਗੱਲਬਾਤ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਭਾਰਤ ਤੇ ਚੀਨ ਵਿਚਾਲੇ ਕਈ ਪੱਧਰ ’ਤੇ ਮੁਲਾਕਾਤਾਂ ਹੋਈਆਂ ਹਨ। ਇਨ੍ਹਾਂ ਜ਼ਰੀਏ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਸਾਲ 2020 ਤੋਂ ਆਏ ਤਣਾਅ ਨੂੰ ਘੱਟ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਦਰਅਸਲ, ਵਿਵਾਦ ਪੂਰਬੀ ਲੱਦਾਖ ਦੇ ਕਈ ਸਰਹੱਦੀ ਇਲਾਕਿਆਂ ਨਾਲ ਜੁੜਿਆ ਸੀ। ਹਾਲਾਂਕਿ ਤਲਖ਼ੀ ਦੀ ਸ਼ੁਰੂਆਤ ਅਸਲ ਕੰਟਰੋਲ ਰੇਖਾ ’ਤੇ 15 ਜੂਨ 2020 ਨੂੰ ਗਲਵਾਨ ਵਾਦੀ ਦੀ ਝੜਪ ਨਾਲ ਹੋਈ ਸੀ। ਇਸ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਦਾ ਸਮਝੌਤਾ ਭਾਰਤ ਤੇ ਚੀਨ ਦੇ ਮੁਖੀਆਂ ਵਿਚਾਲੇ 21 ਅਕਤੂਬਰ 2024 ਨੂੰ ਹੋਇਆ ਸੀ ਜਿਸ ਵਿੱਚ ਸਰਹੱਦਾਂ ’ਤੇ ਤਣਾਅ ਘਟਾਉਣ ਲਈ ਸਹਿਮਤੀ ਬਣੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝੌਤੇ ਦਾ ਸਵਾਗਤ ਕਰਦਿਆਂ ਮਤਭੇਦਾਂ ਤੇ ਵਿਵਾਦਾਂ ਨਾਲ ਢੁੱਕਵੇਂ ਢੰਗ ਨਾਲ ਸਿੱਝਣ ਤੇ ਇਨ੍ਹਾਂ ਨੂੰ ਅਮਨ-ਚੈਨ ਖ਼ਰਾਬ ਨਾ ਕਰਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਸਰਕਾਰ ਨੇ ਇਹ ਵੀ ਦੱਸਿਆ ਕਿ ਹੁਣ ਦੇਪਸਾਂਗ ਤੇ ਡੈਮਚੋਕ ਵਿੱਚ ਫ਼ੌਜ ਨੂੰ ਪਹਿਲਾਂ ਵਾਂਗ ਪੈਟਰੋਲਿੰਗ ਤੇ ਆਜੜੀਆਂ ਨੂੰ ਆਉਣ-ਜਾਣ ਦੀ ਆਗਿਆ ਦੇਣ ਬਾਰੇ ਚੀਨ ਨਾਲ ਸਹਿਮਤੀ ਬਣੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਲਕ ਵਾਰਤਾ ਅਤੇ ਸੰਪਰਕ ਰਾਹੀਂ ਆਪਸੀ ਵਿਸ਼ਵਾਸ ਨੂੰ ਵਧਾ ਕੇ ਭਾਰਤ ਨਾਲ ਹਮੇਸ਼ਾ ਗੱਲਬਾਤ ਕਰਨ ਲਈ ਤਿਆਰ ਹੈ। ਕੀ ਦੋਵਾਂ ਦੇਸ਼ਾਂ ਵਿਚਾਲੇ ਮਸਲੇ ਸੁਲਝ ਗਏ ਹਨ? ਇਨ੍ਹਾਂ ਮੁਲਾਕਾਤਾਂ ਤੇ ਸਮਝੌਤਿਆਂ ਦੇ ਬਾਵਜੂਦ ਅਜਿਹੇ ਕਿਹੜੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਅਜੇ ਵੀ ਸਾਫ਼ ਤੇ ਸਪਸ਼ਟ ਨਹੀਂ ਹੈ। ਮੈਕਮੋਹਨ ਰੇਖਾ ਅੱਜ ਵੀ ਸਰਹੱਦੀ ਵਿਵਾਦ ’ਚ ਰੁਕਾਵਟ ਬਣੀ ਹੋਈ ਹੈ ਕਿਉਂਕਿ ਚੀਨ ਮੈਕਮੋਹਨ ਰੇਖਾ ਨੂੰ ਮਾਨਤਾ ਨਹੀਂ ਦਿੰਦਾ। ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਚੀਨ ਦਰਮਿਆਨ ਸੰਵਾਦ ਦੀ ਪ੍ਰਕਿਰਿਆ ਨੇ ਤੇਜ਼ੀ ਫ਼ੜੀ ਸੀ। ਉਦੋਂ ਤੋਂ ਇਹ ਮੰਨਿਆ ਜਾਣ ਲੱਗਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖ਼ੀ, ਤਣਾਅ ਤੇ ਟਕਰਾਅ ਦੇ ਲੰਬੇ ਦੌਰ ਤੋਂ ਅੱਗੇ ਨਿਕਲਦੇ ਹੋਏ ਹੁਣ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਲੀਹ ’ਤੇ ਆ ਸਕਦੇ ਹਨ। ਖ਼ਾਸ ਕਰਕੇ ਸਰਹੱਦ ’ਤੇ ਅਮਨ ਤੇ ਸ਼ਾਂਤੀ ਦੇ ਮੁੱਦੇ ’ਤੇ ਜਿਸ ਤਰ੍ਹਾਂ ਦੀ ਸਹਿਮਤੀ ਬਣੀ ਸੀ, ਉਦੋਂ ਸ਼ਾਇਦ ਇਹ ਉਮੀਦ ਬੱਝੀ ਸੀ ਕਿ ਜਟਿਲ ਮਸਲਿਆਂ ਦੇ ਭਵਿੱਖੀ ਹੱਲ ਦਾ ਕੋਈ ਰਾਹ ਨਿਕਲ ਸਕਦਾ ਹੋਵੇ। ਪਰ ਰਸਮੀ ਵਾਰਤਾਵਾਂ ਦੇ ਚੱਲਦਿਆਂ ਜ਼ਮੀਨੀ ਪੱਧਰ ’ਤੇ ਚੀਨ ਵੱਲੋਂ ਅਜਿਹੀ ਕੋਈ ਨਾ ਕੋਈ ਗਤੀਵਿਧੀ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਉਸ ਦੇ ਇਰਾਦਿਆਂ ਦਾ ਪਤਾ ਚੱਲਦਾ ਹੈ। ਖ਼ਾਸ ਤੌਰ ’ਤੇ ਸਰਹੱਦ ’ਤੇ ਪੈਰ ਪਸਾਰਨ ਨੂੰ ਚੀਨ ਇਸ ਹੱਦ ਤੱਕ ਸਰਗਰਮ ਦਿਸਦਾ ਹੈ ਕਿ ਉਹ ਵਿਸਥਾਰਵਾਦੀ ਨੀਤੀ ਤਹਿਤ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਨਾਲ ਖਿਲਵਾੜ ਕਰ ਸਕਦਾ ਹੈ। ਸਵਾਲ ਹੈ ਕਿ ਜੇ ਚੀਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਸਹਿਜ ਬਣਾਉਣ ਤੇ ਜਟਿਲ ਮਸਲਿਆਂ ਦੇ ਹੱਲ ਲਈ ਸੰਵਾਦ ਸਥਾਪਤ ਕਰਨ ਦੀ ਪ੍ਰਕਿਰਿਆ ਵੱਲ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸ ਦੀਆਂ ਗਤੀਵਿਧੀਆਂ ਇਸ ਦੇ ਉਲਟ ਕਿਉਂ ਦਿਸਦੀਆਂ ਹਨ? ਮੀਡੀਆ ਰਿਪੋਰਟਾਂ ਮੁਤਾਬਕ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਫ਼ਰ ਜ਼ੋਨ ਦੇ ਇਲਾਕਿਆਂ ਵਿੱਚ ਹੁਣ ਵੀ ਸਥਿਤੀ ਪਹਿਲਾਂ ਵਰਗੀ ਯਾਨੀ 2020 ਤੋਂ ਪਹਿਲਾਂ ਵਰਗੀ ਨਹੀਂ ਬਣ ਸਕੀ। ਇਸ ਦਾ ਇਸ਼ਾਰਾ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਜ ਸਭਾ ’ਚ ਦਿੱਤੇ ਬਿਆਨ ’ਚ ਵੀ ਕੀਤਾ ਸੀ। ਖ਼ੈਰ! ਭਾਰਤ-ਚੀਨ ਦੇ ਸਬੰਧਾਂ ’ਚ ਮੁੜ ਤਣਾਅ ਦੇ ਆਸਾਰ ਹਨ। ਚੀਨ ਦੀ ਬ੍ਰਹਮ ਪੁੱਤਰ ਦਰਿਆ ’ਤੇ ਡੈਮ ਬਣਾਉਣ ਦੀ ਯੋਜਨਾ ਤੇ ਪ੍ਰਸ਼ਾਸਕੀ ਕਾਊਂਟੀਆਂ ਸਥਾਪਤ ਕਰਨ ਦੇ ਫ਼ੈਸਲਿਆਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਮੁੜ ਤਣਾਅਪੂਰਨ ਸਬੰਧ ਬਣਨ ਦਾ ਖ਼ਦਸ਼ਾ ਵਧਿਆ ਹੈ। -ਮੁਖ਼ਤਾਰ ਗਿੱਲ

Loading