ਯੂਕੇ ਸੰਸਦ ਵਿੱਚ ਸੱਤਾਧਾਰੀ ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਦਨ 'ਹਾਊਸ ਆਫ ਕਾਮਨਜ਼' ਤੋਂ ਸਿੱਖ ਘਲੂਘਾਰਾ ਜੂਨ 84 ਵਿਚ ਉਸ ਸਮੇਂ ਦੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਭੂਮਿਕਾ ਬਾਰੇ ਜਾਂਚ ਦੀ ਮੰਗ ਦੁਹਰਾਈ ਹੈ। ਦੱਖਣ-ਪੂਰਬੀ ਇੰਗਲੈਂਡ ਦੇ ਸਲੋਹ ਤੋਂ ਸੰਸਦ ਮੈਂਬਰ ਢੇਸੀ ਨੇ ਪਿਛਲੇ ਸਾਲ ਲੇਬਰ ਸਰਕਾਰ ਨੂੰ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਸੀ ਅਤੇ ਢੇਸੀ ਨੇ ਪਿਛਲੀਆਂ ਕੰਜ਼ਰਵੇਟਿਵ ਸਰਕਾਰਾਂ 'ਤੇ "ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼" ਕਰਨ ਦਾ ਦੋਸ਼ ਲਗਾਇਆ ਸੀ।
ਢੇਸੀ ਦੀ ਮੰਗ 'ਤੇ ਬੀਤੇ ਦਿਨੀਂ ਸਦਨ ਦੀ ਨੇਤਾ ਲੂਸੀ ਪਾਵੇਲ ਨੇ ਸੰਸਦੀ ਦਖਲਅੰਦਾਜ਼ੀ ਕਰਦੇ ਹੋਏ ਢੇਸੀ ਨਾਲ ਸਹਿਮਤੀ ਪ੍ਰਗਟਾਈ ਕਿ ਇਹ "ਯੂਕੇ ਵਿੱਚ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ" ਮਾਮਲਾ ਹੈ। ਢੇਸੀ ਨੇ ਕਿਹਾ, “1984 ਵਿੱਚ, ਵਿਸ਼ਵਵਿਆਪੀ ਸਿੱਖ ਭਾਈਚਾਰੇ ਨੇ ਸਮੂਹਿਕ ਤੌਰ 'ਤੇ ਇੱਕ ਵਿਨਾਸ਼ਕਾਰੀ ਦੁਖਾਂਤਕ ਸਥਿਤੀ ਦਾ ਸਾਹਮਣਾ ਕੀਤਾ ਜਦੋਂ ਉਸ ਸਮੇਂ ਦੀ ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ 'ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਅਕਾਲ ਤਖਤ ਸਾਹਿਬ ਤੋਪਾਂ ਟੈਕਾਂ ਨਾਲ ਢਾਹ ਦਿੱਤਾ।ਇਸ ਦੇ ਨਤੀਜੇ ਵਜੋਂ ਸਿਖਾਂ ਦੀ ਸਭਿਆਚਾਰਕ ਤੇ ਜਾਨੀ,ਮਾਲੀ ਤਬਾਹੀ ਅਤੇ ਖੂਨ-ਖਰਾਬਾ ਹੋਇਆ, ਅਤੇ ਹਜ਼ਾਰਾਂ ਮਾਸੂਮ ਸਿੱਖਾਂ ਨੂੰ ਆਪਣੀਆਂ ਜਾਨਾਂ ਗੁਆਣੀਆਂ ਪਈਆਂ।
ਢੇਸੀ ਨੇ ਕਿਹਾ, “ਤੀਹ ਸਾਲ ਬਾਅਦ, ਅਸੀਂ ਹੈਰਾਨ ਰਹਿ ਗਏ ਜਦੋਂ ਨਵੇਂ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਥੈਚਰ ਸਰਕਾਰ ਨੇ ਭਾਰਤ ਨੂੰ ਦਰਬਾਰ ਸਾਹਿਬ ਉਪਰ ਫੌਜੀ ਕਾਰਵਾਈ ਤੋਂ ਪਹਿਲਾਂ ਸਲਾਹ ਦੇ ਕੇ ਆਪਣੇ ਭਾਰਤੀ ਹਮਰੁਤਬਾ ਇੰਦਰਾ ਗਾਂਧੀ ਦੀ ਮਦਦ ਕੀਤੀ ਸੀ। ਬ੍ਰਿਟਿਸ਼ ਸਿੱਖ ਭਾਈਚਾਰੇ ਨੇ ਸੱਚਾਈ ਅਤੇ ਪਾਰਦਰਸ਼ਤਾ ਦੀ ਭਾਲ ਲਈ ਇਸ ਮਾਮਲੇ ਵਿੱਚ ਥੈਚਰ ਸਰਕਾਰ ਦੀ ਸ਼ਮੂਲੀਅਤ ਦੀ ਹੱਦ ਦਾ ਪਤਾ ਲਗਾਉਣ ਲਈ ਇੱਕ ਸੁਤੰਤਰ ਜਾਂਚ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ।
ਉਨ੍ਹਾਂ ਕਿਹਾ ਕਿ ਪਿਛਲੀਆਂ ਕੰਜ਼ਰਵੇਟਿਵ ਸਰਕਾਰਾਂ ਨੇ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਸਿੱਖਾਂ ਨੂੰ ਉਮੀਦ ਹੈ ਕਿ ਨਵੀਂ ਲੇਬਰ ਸਰਕਾਰ ਵਾਅਦੇ ਅਨੁਸਾਰ ਇੱਕ ਸੁਤੰਤਰ ਜਾਂਚ ਕਰੇਗੀ।ਉਨ੍ਹਾਂ ਸੁਆਲ ਉਠਾਇਆ ਕਿ ਇਹ ਜਾਂਚ ਕਦੋਂ ਸ਼ੁਰੂ ਹੋਵੇਗੀ?'' ਢੇਸੀ ਪਹਿਲਾਂ ਵੀ ਸੰਸਦ ਵਿੱਚ ਇਹ ਮੁੱਦਾ ਉਠਾ ਚੁੱਕੇ ਹਨ, ਅਤੇ ਪਿਛਲੇ ਹਫ਼ਤੇ ਪਾਵੇਲ ਨੇ ਕਿਹਾ ਸੀ ਕਿ ਦੇਸ਼ ਦੇ ਸਿੱਖ ਭਾਈਚਾਰੇ ਵੱਲੋਂ ਇਸ ਮੁੱਦੇ ਨੂੰ ਉਠਾਉਣਾ "ਬਿਲਕੁਲ ਸਹੀ" ਫੈਸਲਾ ਸੀ।
ਇਥੇ ਜ਼ਿਕਰਯੋਗ ਹੈ ਕਿ ਸੁਤੰਤਰ ਜਾਂਚ ਦੀ ਪਹਿਲੀ ਮੰਗ ਕੁੱਝ ਸਾਲ ਪਹਿਲਾਂ ਉੱਠੀ ਸੀ ਜਦੋਂ ਇਹ ਸਾਹਮਣੇ ਆਇਆ ਸੀ ਕਿ ਸਿੱਖ ਘਲੂਘਾਰਾ ਜੂਨ 84 ਤੋਂ ਪਹਿਲਾਂ ਬ੍ਰਿਟਿਸ਼ ਫੌਜੀ ਸਲਾਹ ਭਾਰਤੀ ਫੌਜਾਂ ਨੂੰ ਦਿਤੀ ਗਈ ਸੀ। ਬਰਤਾਨੀਆਂ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਖੋਜ ਦੀ ਅੰਦਰੂਨੀ ਸਮੀਖਿਆ ਦੇ ਹੁਕਮ ਦਿਤੇ ਸਨ, ਜਿਸ ਤੋਂ ਬਾਅਦ ਸੰਸਦ ਵਿਚ ਇਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਬਰਤਾਨੀਆਂ ਦੀ ਭੂਮਿਕਾ ਪੂਰੀ ਤਰ੍ਹਾਂ ‘ਸਲਾਹਕਾਰੀ’ ਸੀ ਅਤੇ ਵਿਸ਼ੇਸ਼ ਹਵਾਈ ਸੇਵਾ ਦੀ ਸਲਾਹ ਦਾ ਆਪਰੇਸ਼ਨ ਬਲੂ ਸਟਾਰ ’ਤੇ ਸੀਮਤ ਪ੍ਰਭਾਵ ਪਿਆ ਸੀ।
ਵੋਲਵਰਹੈਂਪਟਨ ਵੈਸਟ ਦੀ ਨੁਮਾਇੰਦਗੀ ਕਰਨ ਵਾਲੇ ਬ੍ਰਿਟਿਸ਼ ਸਿੱਖ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਜੂਸ ਨੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਅਤੇ ਭਾਰਤੀ ਹਮਰੁਤਬਾ ਨਾਲ ਸਰਕਾਰ ਦੇ ਦਖਲ ਦੀ ਮੰਗ ਕੀਤੀ ਸੀ। ਜੱਸ ਨੇ ਕਿਹਾ ਸੀ ਕਿ ਮੇਰੇ ਹਲਕੇ ਵਿਚ ਵੱਡੀ ਗਿਣਤੀ ਵਿਚ ਸਿੱਖ ਆਬਾਦੀ ਹੈ ਅਤੇ ਮੈਨੂੰ ਭਾਰਤ ਸਰਕਾਰ ਦੇ ਕੌਮਾਂਤਰੀ ਦਮਨ ਅਤੇ ਸਿਆਸੀ ਦਖਲਅੰਦਾਜ਼ੀ ’ਤੇ ਚਿੰਤਾ ਜ਼ਾਹਰ ਕਰਨ ਵਾਲੇ ਵੋਟਰਾਂ ਤੋਂ ਬਹੁਤ ਸਾਰੇ ਪੱਤਰ ਮਿਲੇ ਹਨ, ਜਿਸ ਨਾਲ ਨਾ ਸਿਰਫ ਭਾਰਤ ਦੀ ਯਾਤਰਾ ਕਰਨ ਵਾਲੇ ਸਿੱਖਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਹੋਇਆ ਹੈ, ਬਲਕਿ ਇਸ ਦੇਸ਼ ਵਿਚ ਵੀ।’’
ਪਾਵੇਲ ਨੇ ‘ਕੌਮਾਂਤਰੀ ਹਮਲੇ ਨਾਲ ਜੁੜੇ ਬਹੁਤ ਮਹੱਤਵਪੂਰਨ ਮੁੱਦਿਆਂ’ ਨੂੰ ਮਨਜ਼ੂਰ ਕਰਨ ਲਈ ਜਵਾਬ ਦਿਤਾ ਅਤੇ ਸੰਸਦ ਮੈਂਬਰ ਨੂੰ ਭਰੋਸਾ ਦਿਤਾ ਕਿ ਸਬੰਧਤ ਮੰਤਰੀ ‘ਸਮੇਂ ਸਿਰ’ ਇਸ ਮਾਮਲੇ ’ਤੇ ਕਾਮਨਜ਼ ਨੂੰ ਅਪਡੇਟ ਕਰਨਗੇ।