ਰਾਮ ਮੰਦਰ ਦਾ ਮੁੱਦਾ ਸੰਘ ਮੁਖੀ ਭਾਗਵਤ ਨੇ ਕਿਉਂ ਮੁੜ ਚੁਕਿਆ?

In ਮੁੱਖ ਖ਼ਬਰਾਂ
January 20, 2025
ਅੱਧੇ-ਅਧੂਰੇ ਰਾਮ ਮੰਦਰ ਦੇ ਉਦਘਾਟਨ ਦੇ ਇਕ ਸਾਲ ਬਾਅਦ ਹੀ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ ਇਹ ਬਿਆਨ ਦੇਣ ਦੀ ਕਿਉਂ ਸੁੱਝੀ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਨਾਲ ਹੀ ਭਾਰਤ ਨੂੰ ਅਸਲੀ ਆਜ਼ਾਦੀ ਮਿਲੀ? ਦਰਅਸਲ, ਭਾਗਵਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਸੀਤਯੁੱਧ ਚੱਲ ਰਿਹਾ ਸੀ। ਭਾਗਵਤ ਦੇ ਕੁਝ ਬਿਆਨਾਂ ਨੂੰ ਮੋਦੀ 'ਤੇ ਤਿੱਖੇ ਹਮਲੇ ਮੰਨਿਆ ਜਾ ਰਿਹਾ ਸੀ। ਜਵਾਬ ਵਿਚ ਮੋਦੀ ਵਲੋਂ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਤਿੱਖੇ ਜਵਾਬੀ ਹਮਲੇ ਕਰਦਿਆਂ ਇਕ ਬਿਆਨ ਦਿੱਤਾ ਸੀ ਕਿ ਭਾਜਪਾ ਨੂੰ ਪਹਿਲਾਂ ਸੰਘ ਦੀ ਜ਼ਰੂਰਤ ਹੁੰਦੀ ਸੀ, ਪਰ ਭਾਜਪਾ ਹੁਣ ਆਤਮ-ਨਿਰਭਰ ਹੋ ਚੁੱਕੀ ਹੈ। ਪਿਛਲੇ ਦਿਨੀਂ ਜਦੋਂ ਭਾਗਵਤ ਨੇ ਹਰ ਮਸਜਿਦ ਦੇ ਹੇਠਾਂ ਮੰਦਰ ਲੱਭਣ ਦੇ ਸਿਲਸਿਲੇ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਰਾਮ ਮੰਦਰ ਨਿਰਮਾਣ ਤੋਂ ਬਾਅਦ ਕੁਝ ਲੋਕ ਅਜਿਹਾ ਮੰਨਣ ਲੱਗੇ ਹਨ ਕਿ ਉਹ ਅਜਿਹੇ ਮੁੱਦੇ ਚੁੱਕ ਕੇ ਹਿੰਦੂਆਂ ਦੇ ਨੇਤਾ ਬਣ ਜਾਣਗੇ, ਤਾਂ ਉਨ੍ਹਾਂ ਦੇ ਇਸ ਬਿਆਨ 'ਤੇ ਸੰਘ ਦੇ ਹਲਕਿਆਂ ਵਿਚ ਤਿੱਖੀ ਪ੍ਰਤੀਕਿਰਿਆ ਹੋਈ ਸੀ। ਸੰਘ ਨਾਲ ਜੁੜੇ ਅਤੇ ਮੋਦੀ ਸਮਰਥਕ ਮੰਨੇ ਜਾਣ ਵਾਲੇ ਸਾਧੂ-ਸੰਤਾਂ ਨੇ ਭਾਗਵਤ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ ਸਾਡੇ ਮਾਰਗਦਰਸ਼ਕ ਨਹੀਂ ਹਨ। ਇੱਥੋਂ ਤੱਕ ਕਿ ਸੰਘ ਦੇ ਮੁੱਖ ਪੱਤਰ 'ਆਰਗੇਈਨਾਜ਼ਰ' ਨੇ ਵੀ ਭਾਗਵਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਸੀ। ਕੁਲ ਮਿਲਾ ਕੇ ਭਾਗਵਤ ਚਹੁੰਪਾਸਿਆਂ ਤੋਂ ਘਿਰ ਕੇ ਅਲੱਗ-ਥਲੱਗ ਪੈ ਗਏ ਹਨ। ਮੰਨਿਆ ਜਾਣ ਲੱਗਾ ਕਿ ਹੁਣ ਭਾਗਵਤ ਨੂੰ ਜਲਦ ਹੀ ਸਰਸੰਘ ਚਾਲਕ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ, ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਭਾਗਵਤ ਨੇ ਰਾਮ ਮੰਦਰ ਨਿਰਮਾਣ ਨੂੰ ਅਸਲੀ ਆਜ਼ਾਦੀ ਦੱਸਣ ਵਾਲਾ ਬਿਆਨ ਦੇ ਕੇ ਮੋਦੀ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਮੋਦੀ ਦੇ ਸਾਹਮਣੇ ਸਮਰਪਣ ਕਰ ਦਿੱਤਾ ਹੈ।

Loading