ਗ਼ਰੀਬਾਂ ਵਿਚ ਵੱਡਾ ਤਬਕਾ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ। ਜਾਤੀਵਾਦੀ ਮਾਨਸਿਕਤਾ ਅਤੇ ਆਰਥਿਕ ਅਸਮਾਨਤਾ ਕਾਰਨ ਦਲਿਤਾਂ ਨੂੰ ਡੂੰਘੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਨੀਤੀਗਤ ਪੱਧਰ ’ਤੇ ਤਬਦੀਲੀਆਂ ਕਰਨ ਤੋਂ ਬਿਨਾਂ ਸਮਾਜਿਕ ਬਰਾਬਰੀ ਵੱਲ ਵਧਣਾ ਸੰਭਵ ਨਹੀਂ ਹੈ।ਅਸਲ ਵਿੱਚ ਦਲਿਤ ਮੁਕਤੀ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੀ ਪਛਾਣ ਦੀ ਸਿਆਸਤ ਹੈ। ਜਦੋਂ ਤੱਕ ਜਾਤ ਅਧਾਰਿਤ ਸਿਆਸਤ ਦੀ ਟੱਕਰ ਵਿਚ ਇੱਕ ਸਹੀ ਜਮਾਤੀ ਪੈਤੜੇ ‘ਤੇ ਲਹਿਰ ਨਹੀਂ ਉੱਸਰਦੀ, ਓਨਾ ਚਿਰ ਜਾਤ ਪਾਤ ਦਾ ਖਾਤਮਾ ਸੰਭਵ ਨਹੀਂ। ਦਲਿਤ ਵਿਰੋਧੀ ਕਰੂਰ ਘਟਨਾਵਾਂ ਨੂੰ ਨੱਥ ਪਾਉਣ ਲਈ ਜਿੱਥੇ ਇੱਕ ਪਾਸੇ ਦਲਿਤ ਪਛਾਣ ਦੀ ਨੀਤੀ ਨੂੰ ਨੰਗਾ ਕਰਨ ਦੀ ਲੋੜ ਹੈ, ਉੱਥੇ ਦੂਜੇ ਪਾਸੇ ਦਲਿਤ ਭਾਈਚਾਰੇ ਦਾ ਘੱਟ ਗਿਣਤੀ ਕੌਮਾਂ ਨੂੰ ਸਾਥ ਦੇਣ ਦੀ ਲੋੜ ਹੈ। ਅਬਾਦੀ ਅੰਦਰ ਪਹਿਲਾਂ ਇੱਕ ਕਿਰਤੀ ਹੋਣ ਦੀ ਭਾਵਨਾ ਜਗਾਉਣਾ ਤੇ ਕਿਰਤੀ ਜਮਾਤ ਦੇ ਪੈਂਤੜੇ ਤੋਂ ਉਹਨਾਂ ਦੀਆਂ ਹੱਕੀ ਮੰਗਾਂ ਤਹਿਤ ਲਾਮਬੰਦ ਕਰਨਾ ਤੇ ਨਾਲ਼ ਨਾਲ਼ ਇਸ ਤਰਾਂ ਦੀਆਂ ਹੋਣ ਵਾਲ਼ੀਆਂ ਦਲਿਤ ਵਿਰੋਧੀ ਘਟਨਾਵਾਂ ਵਿਰੁੱਧ ਘੋਲ਼ ਕਰਨ ਦੀ ਲੋੜ ਹੈ।