ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਖ ਵੱਖ ਸੰਘੀ ਏਜੰਸੀਆਂ ਦੇ ਦਰਜਨ ਤੋਂ ਵਧ ਇੰਸਪੈਕਟਰ
ਜਨਰਲ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੁਲ 17 ਇੰਸਪੈਕਟਰ ਜਨਰਲ ਦੀ ਬਿਨਾਂ ਕੋਈ ਨੋਟਿਸ ਦਿੱਤੇ ਛੁੱਟੀ ਕੀਤੀ ਗਈ
ਹੈ ਜਦ ਕਿ ਸੰਘੀ ਕਾਨੂੰਨ ਅਨੁਸਾਰ ਕਿਸੇ ਇੰਸਪੈਕਟਰ ਜਨਰਲ ਨੂੰ ਨੌਕਰੀ ਤੋਂ ਹਟਾਉਣ ਲਈ ਅਮਰੀਕੀ ਕਾਂਗਰਸ ਨੂੰ 30 ਦਿਨਾ ਦਾ ਨੋਟਿਸ ਦੇਣਾ
ਜਰੂਰੀ ਹੁੰਦਾ ਹੈ। ਏਜੰਸੀ ਵਿਚ ਇੰਸਪੈਕਟਰ ਜਨਰਲ ਆਜਾਦ ਪਹਿਰੇਦਾਰ ਹੁੰਦਾ ਹੈ ਜੋ ਗਲਤ ਕੰਮਾਂ ਉਪਰ ਨਜਰ ਰੱਖਦਾ ਹੈ ਤੇ ਬਰਬਾਦੀ, ਘਪਲਾ
ਤੇ ਦੁਰਵਰਤੋਂ ਦੇ ਮਾਮਲਿਆਂ ਦੀ ਜਾਂਚ ਕਰਦਾ ਹੈ। ਪੈਂਟਾਗਨ , ਵਿਦੇਸ਼ ਵਿਭਾਗ, ਸਾਬਕਾ ਸੈਨਿਕ ਮਾਮਲੇ ਤੇ ਗ੍ਰਹਿ ਵਿਭਾਗ ਵਿਚੋਂ ਵੀ ਇੰਸਪੈਕਟਰ
ਜਨਰਲ ਦੀ ਛਾਂਟੀ ਕੀਤੀ ਗਈ ਹੈ ਜੋ ਸਮੁੰਦਰੀ ਸੈਨਾ ਸਬੰਧੀ ਤੇਲ ਤੇ ਗੈਸ ਪਟਿਆਂ ਦੇ ਨਾਲ ਨਾਲ ਭਾਰਤੀ ਮਾਮਲਿਆਂ ਨੂੰ ਵੀ ਵੇਖਦੇ ਹਨ। ਇਹ
ਜਾਣਕਾਰੀ ਛਾਂਟੀ ਕੀੇਤੇ ਇਕ ਇੰਸਪੈਕਟਰ ਜਨਰਲ ਨੇ ਹਾਲਾਤ ਦੀ ਸੰਵੇਦਣਸ਼ੀਲਤਾ ਕਾਰਨ ਆਪਣਾ ਨਾਂ ਗੁਪਤ ਰਖਣ ਦੀ ਸ਼ਰਤ 'ਤੇ ਦਿੱਤੀ ਹੈ।
ਇਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਵਾਪਰਨ ਦੀ ਆਸ ਕੀਤੀ ਜਾਂਦੀ ਸੀ ਪਰੰਤੂ ਇਹ ਕਦਮ ਬਹੁਤ ਖਤਰਨਾਕ ਹੈ। ਵਾਸ਼ਿੰਗਟਨ ਪੋਸਟ ਜਿਸ ਨੇ
ਸਭ ਤੋਂ ਪਹਿਲਾਂ ਅਧਿਕਾਰੀਆਂ ਨੂੰ ਬਰਖਾਸਤ ਕੀਤੇ ਜਾਣ ਦੀ ਰਿਪੋਰਟ ਛਾਪੀ ਹੈ, ਨੇ ਕਿਹਾ ਹੈ ਕਿ ਕੱਢੇ ਗਏ ਅਧਿਕਾਰੀਆਂ ਵਿਚੋਂ ਜਿਆਦਾਤਰ ਟਰੰਪ
ਦੁਆਰਾ ਆਪਣੇ ਪਹਿਲੇ ਕਾਰਜਕਾਲ 2017 ਤੋਂ 2021 ਦਰਮਿਆਨ ਨਿਯੁਕਤ ਕੀਤੇ ਗਏ ਸਨ। ਸੈਨਟ ਜੁਡੀਸ਼ੀਅਰੀ ਚੇਅਰਮੈਨ ਚੁਕ ਗਰਾਸਲੇ ਨੇ
ਇਕ ਬਿਆਨ ਵਿਚ ਕਿਹਾ ਹੈ ਕਿ ਇੰਸਪੈਕਟਰ ਜਨਰਲ ਨੂੰ ਕੱਢਣ ਦਾ ਕੋਈ ਚੰਗਾ ਮਕਸਦ ਹੋ ਸਕਦਾ ਹੈ ਪਰੰਤੂ ਉਹ ਚਹੰਦੇ ਹਨ ਕਿ ਰਾਸ਼ਟਰਪਤੀ
ਟਰੰਪ ਇਸ ਸਬੰਧੀ ਹੋਰ ਸਪੱਸ਼ਟੀਕਰਨ ਦੇਣ। ਉਨਾਂ ਕਿਹਾ ਕਿ ਕਾਨੂੰਨ ਅਨੁਸਾਰ ਅਧਿਕਾਰੀਆਂ ਨੂੰ ਕੱਢਣ ਲਈ ਕਾਂਗਰਸ ਨੂੰ ਵਿਸਥਾਰਿਤ ਨੋਟਿਸ
ਭੇਜਣਾ ਹੁੰਦਾ ਹੈ ਜੋ ਨਹੀਂ ਭੇਜਿਆ ਗਿਆ।
![]()
