ਨਿਊਯਾਰਕ/ਏ.ਟੀ.ਨਿਊਜ਼:
ਸਿੱਖ ਭਾਈਚਾਰੇ ਦੇ ਆਗੂਆਂ ਨੇ ਅਮਰੀਕਾ ਵਿੱਚ ਗ਼ੈਰਕਾਨੂੰਨੀ ਪਰਵਾਸੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਿਆਂ ਵਿੱਚ ਛਾਪੇ ਮਾਰੇ ਜਾਣ ਸਬੰਧੀ ਭਾਰਤੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਿੱਖ ਭਾਈਚਾਰੇ ਨੇ ਕਿਹਾ ਕਿ ਅਜਿਹੀ ਕਿਸੇ ਮੁਹਿੰਮ ਤਹਿਤ ਗੁਰਦੁਆਰਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਖਬਰਾਂ ਆਈਆਂ ਸਨ ਕਿ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਸੁਰੱਖਿਆ ਅਧਿਕਾਰੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਜਾਂਚ ਕਰਨ ਲਈ ਨਿਊਯਾਰਕ ਅਤੇ ਨਿਊਜਰਸੀ ਦੇ ਗੁਰਦੁਆਰਿਆਂ ਵਿੱਚ ਛਾਪੇਮਾਰੀ ਕੀਤੀ ਹੈ।
ਨਿਊਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਦੇ ਸੁਖਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਐਤਵਾਰ ਨੂੰ ਆਮ ਵਾਂਗ ਗੁਰਦੁਆਰੇ ’ਚ ਪਾਠ ਤੇ ਕੀਰਤਨ ਕੀਤਾ ਗਿਆ ਤੇ ਇਸ ਦੌਰਾਨ ਕਿਸੇ ਨੇ ਕੋਈ ਦਖ਼ਲ ਨਹੀਂ ਦਿੱਤਾ। ਸਿੱਖ ਕਲਚਰਲ ਸੁਸਾਇਟੀ ਨਾਲ ਜੁੜੇ ਤੇ ਸਾਹਿਲੀ ਉੱਤਰਪੂਰਬ ਦੀ ਨੁਮਾਇੰਦਗੀ ਕਰਦੇ ਨਿੱਝਰ ਨੇ ਕਿਹਾ ਕਿ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੇ ਨਿਊਯਾਰਕ ਤੇ ਨਿਊਜਰਸੀ ਦੇ ਕਿਸੇ ਗੁਰਦੁਆਰੇ ਵਿੱਚ ਛਾਪੇ ਨਹੀਂ ਮਾਰੇ। ਨਿੱਝਰ, ਜੋ ਗੁਰਦੁਆਰੇ ਦੀ ਪਬਲਿਕ ਤੇ ਮੀਡੀਆ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਭਾਰਤੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਗ਼ਲਤ ਰਿਪੋਰਟਿੰਗ ਜਾਂ ਫਿਰ ਕਿਸੇ ਗ਼ਲਤਫ਼ਹਿਮੀ ਦਾ ਨਤੀਜਾ ਹਨ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਇਮੀਗ੍ਰੇਸ਼ਨ ਜਾਂ ਹੋਰ ਏਜੰਸੀਆਂ ਵੱਲੋਂ ਗੁਰਦੁਆਰਿਆਂ ’ਤੇ ਛਾਪੇਮਾਰੀ ਜਾਂ ਗੇੜੀਆਂ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ। ਰਾਜਵੰਤ ਸਿੰਘ ਨੇ ਕਿਹਾ ਕਿ ਨਿਊਯਾਰਕ ਤੇ ਨਿਊਜਰਸੀ ਵਿੱਚ ਸਿੱਖ ਭਾਈਚਾਰੇ ਦੇ ਨਿਆਂ ਵਿਭਾਗ ਤੇ ਵ੍ਹਾਈਟ ਹਾਊਸ ਸਣੇ ਸਰਕਾਰ ਦੇ ਪ੍ਰਤੀਨਿਧਾਂ ਨਾਲ ਨਿੱਘੇ ਸਬੰਧ ਹਨ। ਨਿੱਝਰ ਨੇ ਕਿਹਾ ਕਿ ਗੁਰਦੁਆਰਿਆਂ ਦੇ ਸਰਕਾਰੀ ਏਜੰਸੀਆਂ ਨਾਲ ਚੰਗੇ ਰਿਸ਼ਤੇ ਹਨ ਅਤੇ ਭਾਈਚਾਰੇ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਲਈ ਉਹ ਗੁਰਦੁਆਰੇ ਦੇ ਸੱਦੇ ਉੱਤੇ ਨਿਯਮਤ ਬੈਠਕਾਂ ਵੀ ਕਰਦੇ ਹਨ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਉਹ ਪਾਲਿਸੀ ਰੱਦ ਕਰ ਦਿੱਤੀ ਸੀ, ਜਿਸ ਤਹਿਤ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗਿਰਜਾਘਰਾਂ ਜਾਂ ਸਕੂਲਾਂ ਵਿੱਚ ਦਾਖ਼ਲ ਹੋ ਕੇ ਗ੍ਰਿਫ਼ਤਾਰੀ ਕਰਨ ਦੀ ਮਨਾਹੀ ਸੀ। ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਕਿਹਾ, ‘‘ਅਪਰਾਧੀ ਹੁਣ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕੀ ਸਕੂਲਾਂ ਤੇ ਗਿਰਜਾਘਰਾਂ ਵਿੱਚ ਨਹੀਂ ਲੁਕ ਸਕਣਗੇ।’’ ਹੁਕਮਾਂ ਵਿੱਚ ਭਾਵੇਂ ਸਿਰਫ਼ ਗਿਰਜਾਘਰਾਂ ਦਾ ਜ਼ਿਕਰ ਸੀ, ਪਰ ਹੋਰਨਾਂ ਧਰਮਾਂ ਦੇ ਪ੍ਰਤੀਨਿਧਾਂ ਨੇ ਉਪਰੋਕਤ ਹੁਕਮਾਂ ਦੇ ਵਿਆਪਕ ਅਸਰ ਬਾਰੇ ਫ਼ਿਕਰ ਜਤਾਇਆ ਹੈ।