ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਸੰਕਟ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਹੋਏ ਦੋ ਦਸੰਬਰ ਦੇ ਇਤਿਹਾਸਕ ਹੁਕਮਨਾਮੇ ਤੋਂ ਕਰੀਬ ਦੋ ਮਹੀਨਿਆਂ ਬਾਅਦ ਪਾਰਟੀ ਦੇ ਨਵੇਂ ਢਾਂਚੇ ਦੀ ਉਸਾਰੀ ਦੀ ਪ੍ਰਕਿਰਿਆ ’ਤੇ ਨਿਗਰਾਨੀ ਲਈ ਕਾਇਮ ਕੀਤੀ ਸੱਤ ਮੈਂਬਰੀ ਕਮੇਟੀ ਦੀ ਬੀਤੇ ਮੰਗਲਵਾਰ ਨੂੰ ਪਟਿਆਲਾ ਵਿੱਚ ਹੋਈ ਪਲੇਠੀ ਮੀਟਿੰਗ ਅਹਿਮ ਪਹਿਲਕਦਮੀ ਕਰਨ ਵਿੱਚ ਸਫਲ ਰਹੀ ਹੈ।ਇਸ ਉਪਰੰਤ ਮੁੜ ਸਿੱਖ ਸਿਆਸਤ ਵਿਚ ਹਲਚਲ ਸ਼ੁਰੂ ਹੋ ਗਈ ਹੈ ।ਇਸ ਮੀਟਿੰਗ ਨੂੰ ਲੈ ਕੇ ਜਿੱਥੇ ਕਈ ਆਗੂ ਇਸ ਨੂੰ ਮੁੜ ਅਕਾਲੀ ਦਲ (ਬ) ਪਾਰਟੀ ਨੂੰ ਲੀਹ 'ਤੇ ਲਿਆਉਣ ਲਈ ਆਸਵੰਦ ਕਦਮ ਦੱਸ ਰਹੇ ਹਨ ਉੱਥੇ ਇਸ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਧੜਾ ਕੀ ਅਹਿਮੀਅਤ ਦਿੰਦਾ ਹੈ ਇਸ 'ਤੇ ਵੀ ਸਭ ਦੀ ਨਜ਼ਰ ਟਿਕ ਗਈ ਹੈ ।
ਯਾਦ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਇਸ ਕਮੇਟੀ ਦੇ ਕਾਰਗਰ ਹੋਣ ਬਾਰੇ ਉਦੋਂ ਸ਼ੰਕੇ ਉੱਭਰਨੇ ਸ਼ੁਰੂ ਹੋ ਗਏ ਸਨ ਜਦੋਂ ਸ਼੍ਰੋਮਣੀ ਅਕਾਲੀ ਦਲ ’ਤੇ ਭਾਰੂ ਲੀਡਰਸ਼ਿਪ ਨੇ ਇਹ ਕਹਿੰਦਿਆਂ ਨਾਂਹ ਨੁੱਕਰ ਕੀਤੀ ਸੀ ਕਿ ਜੇ ਪਾਰਟੀ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਅਕਾਲ ਤਖ਼ਤ ਦੀ ਥਾਪੀ ਕਮੇਟੀ ਦੀ ਨਿਰਦੇਸ਼ਨਾ ਹੇਠ ਚਲਾਈ ਜਾਂਦੀ ਹੈ ਤਾਂ ਇਸ ਨਾਲ ਪਾਰਟੀ ਦੀ ਚੁਣਾਵੀ ਮਾਨਤਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਚੋਣ ਕਮਿਸ਼ਨ ਅਕਾਲੀ ਦਲ ਉਪਰ ਪਾਬੰਦੀ ਲਗਾ ਸਕਦਾ ਹੈ।
ਬਾਦਲ ਦਲ ਦੀ ਤਜ਼ਵੀਜ਼ ਨੂੰ ਜਥੇਦਾਰ ਨੇ ਪ੍ਰਵਾਨਗੀ ਨਾ ਦਿੱਤੀ
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਭਰਤੀ ਲਈ ਨਵੀਂ ਮੈਂਬਰਸ਼ਿਪ ਮੁਹਿੰਮ ਦੀ ਨਿਗਰਾਨੀ ਲਈ ਪੰਜ ਸਿੰਘ ਸਾਹਿਬਾਨ ਵਲੋਂ ਬੀਤੀ 2 ਦਸੰਬਰ ਨੂੰ ਗਠਿਤ ਕੀਤੀ ਗਈ 7 ਮੈਂਬਰੀ ਅਧਿਕਾਰਤ ਕਮੇਟੀ ਦਾ ਅਕਾਲੀ ਦਲ (ਬ) ਦੀ ਵਰਕਿੰਗ ਕਮੇਟੀ ਵਲੋਂ ਵਿਸਥਾਰ ਕਰ ਕੇ ਇਸ ਨੂੰ 7 ਤੋਂ 15 ਮੈਂਬਰੀ ਕਮੇਟੀ ਬਣਾਉਣ ਦੀ ਕੋਸ਼ਿਸ਼ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਪ੍ਰਵਾਨਗੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਭਰੋਸੇਯੋਗ ਸੂਤਰਾਂ ਤ ਅਨੁਸਾਰ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਭਰਤੀ ਮੁਹਿੰਮ ਦੀ ਨਿਗਰਾਨੀ ਲਈ ਗਠਿਤ ਕੀਤੀ ਸੱਤ ਮੈਂਬਰੀ ਨਿਗਰਾਨ ਕਮੇਟੀ ਦੇ ਮੁਖੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਿਲ ਹੋਏ ਸਨ ।
ਇਸ ਮੌਕੇ ਪਿਛਲੇ ਦਿਨੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਕਰਵਾਏ ਜਾਣ ਦੇ ਮੁੜ ਜਾਰੀ ਕੀਤੇ ਆਦੇਸ਼ ਨੂੰ ਮੁੱਖ ਰੱਖਦਿਆਂ ਦਲ ਦੀ ਵਰਕਿੰਗ ਕਮੇਟੀ ਵਲੋਂ ਇਸ ਸੱਤ ਮੈਂਬਰੀ ਕਮੇਟੀ ਵਿਚ ਵਾਧਾ ਕਰਦਿਆਂ ਇਸ ਨੂੰ 15 ਮੈਂਬਰੀ ਕਮੇਟੀ ਬਣਾਉਣ ਲਈ 8 ਹੋਰ ਅਕਾਲੀ ਆਗੂਆਂ ਦੇ ਨਾਂਅ ਸ਼ਾਮਿਲ ਕਰ ਕੇ ਤਜਵੀਜ਼ ਜਥੇਦਾਰ ਸਾਹਿਬ ਨੂੰ ਭੇਜੀ ਗਈ ਸੀ ।ਜਾਣਕਾਰੀ ਅਨੁਸਾਰ ਜਦੋਂ ਇਸ ਸੰਬੰਧੀ ਜਥੇਦਾਰ ਗਿਆਨੀ ਰਘਬੀਰ ਸਿੰਘ, ਜੋ ਕਿ ਇੰਨ੍ਹੀਂ ਦਿਨੀਂ ਇੰਗਲੈਂਡ ਦੌਰੇ 'ਤੇ ਹਨ, ਨੂੰ ਕਮੇਟੀ ਮੁਖੀ ਵਲੋਂ ਵਿਸਥਾਰ ਸੰਬੰਧੀ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਨੇ ਸਖ਼ਤੀ ਨਾਲ ਇਸ ਕਮੇਟੀ ਦਾ ਵਿਸਥਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ।
ਸੂਤਰਾਂ ਅਨੁਸਾਰ ਇਸ ਮੌਕੇ ਵਰਕਿੰਗ ਕਮੇਟੀ ਮੈਂਬਰਾਂ ਨਾਲ ਜਥੇਦਾਰ ਸਾਹਿਬ ਦੀ ਕਾਨਫ਼ਰੰਸ ਕਾਲ ਵੀ ਹੋਈ, ਜਿਸ ਦੌਰਾਨ ਉਨ੍ਹਾਂ ਨੇ ਕਮੇਟੀ ਦੇ ਵਿਸਥਾਰ ਵਿਚ ਸ਼ਾਮਿਲ ਕੀਤੇ ਗਏ ਕੁਝ ਦਾਗ਼ੀ ਤੇ ਹਾਲ ਹੀ ਵਿਚ ਤਨਖ਼ਾਹ ਭੁਗਤ ਚੁੱਕੇ ਮੈਂਬਰਾਂ ਦੇ ਨਾਵਾਂ 'ਤੇ ਵੀ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਵਾਧੇ ਦੀ ਤਜਵੀਜ਼ ਰੱਦ ਕਰ ਦਿੱਤੀ।ਇਸ ਦੌਰਾਨ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਸਿੰਘ ਸਾਹਿਬਾਨ ਵਲੋਂ ਬਣਾਈ ਸੱਤ ਮੈਂਬਰੀ ਨਿਗਰਾਨ ਕਮੇਟੀ ਵਿਚ ਵਾਧਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਹ ਵਾਧਾ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੀ ਕੀਤਾ ਜਾ ਸਕਦਾ ਹੈ ਤੇ ਅਕਾਲੀ ਦਲ (ਬ) ਦੀ ਵਰਕਿੰਗ ਕਮੇਟੀ ਵਲੋਂ ਨਹੀਂ । ਦੱਸਿਆ ਜਾਂਦਾ ਹੈ ਕਿ ਜਥੇਦਾਰ ਸਾਹਿਬ ਵਲੋਂ ਅਕਾਲੀ ਦਲ ਲੀਡਰਸ਼ਿਪ ਦੁਆਰਾ ਕਮੇਟੀ ਦੇ ਵਿਸਥਾਰ ਦੀ ਘੜੀ ਤਜਵੀਜ਼ ਦਾ ਵਿਰੋੋਧ ਕੀਤੇ ਜਾਣ ਬਾਅਦ ਫਿਲਹਾਲ ਕਮੇਟੀ ਦਾ ਵਿਸਥਾਰ ਨਹੀਂ ਕੀਤਾ ਜਾ ਸਕਿਆ । ਇਹ ਵੀ ਕਿਹਾ ਜਾ ਰਿਹਾ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਵਿਸਥਾਰ ਲਈ ਸ਼ਾਮਿਲ ਕੀਤੇ ਜਾ ਰਹੇ ਕਈ ਉਹ ਨਾਂਅ ਵੀ ਸ਼ਾਮਿਲ ਸਨ, ਜੋ ਸਿਧਾਂਤਕ ਤੌਰ 'ਤੇ ਜਾਂ ਤਾਂ ਦਾਗ਼ੀ ਹਨ ਤੇ ਜਾਂ ਉਹ ਅਕਾਲ ਤਖ਼ਤ ਸਾਹਿਬ ਤੋਂ ਹਾਲ ਹੀ 'ਚ ਆਪਣੀਆਂ ਭੁੱਲਾਂ ਗਲਤੀਆਂ ਲਈ ਧਾਰਮਿਕ ਤਨਖ਼ਾਹ ਭੁਗਤ ਚੁੱਕੇ ਹਨ ।
ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਿਛਲੇ ਦਿਨੀਂ ਅਕਾਲੀ ਦਲ ਨੇ ਵੱਡੇ ਪੱਧਰ 'ਤੇ ਭਰਤੀ ਮੁਹਿੰਮ ਚਲਾ ਕੇ ਲਗਭਗ ਭਰਤੀ ਪ੍ਰਕਿਰਿਆ ਆਪਣੇ ਪੱਧਰ 'ਤੇ ਹੀ ਮੁਕੰਮਲ ਕਰ ਲਈ ਹੈ ਅਤੇ ਹੁਣ ਇਸ ਸੱਤ ਮੈਂਬਰੀ ਕਮੇਟੀ ਵਿਚ ਹੋਰ ਆਪਣੀ ਮਰਜ਼ੀ ਦੇ ਮੈਂਬਰ ਸ਼ਾਮਿਲ ਕਰਕੇ ਕੇਵਲ ਪਹਿਲਾਂ ਤੋਂ ਹੀ ਜਾਰੀ ਭਰਤੀ ਪ੍ਰਕਿਰਿਆ ਨੂੰ ਸਹੀ ਠਹਿਰਾਉਣ ਦਾ ਯਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਜਥੇਦਾਰ ਸਾਹਿਬ ਵਲੋਂ ਸਖ਼ਤੀ ਨਾਲ ਰੱਦ ਕਰ ਦਿੱਤਾ ਗਿਆ ਹੈ ।ਜਾਣਕਾਰ ਸੂਤਰਾਂ ਅਨੁਸਾਰ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਸੱਤ ਮੈਂਬਰੀ ਕਮੇਟੀ ਦਾ ਵਿਸਥਾਰ ਕਰਦਿਆਂ ਇਸ ਨੂੰ 15 ਮੈਂਬਰੀ ਕਮੇਟੀ ਬਣਾਉਣ ਲਈ ਜਿਹੜੇ ਹੋਰ ਅਕਾਲੀ ਆਗੂਆਂ ਦੇ ਨਾਂਅ ਸ਼ਾਮਿਲ ਕਰਨ ਲਈ ਜੋ ਸੂਚੀ ਤਿਆਰ ਕਰ ਕੇ ਜਥੇਦਾਰ ਸਾਹਿਬ ਨੂੰ ਪ੍ਰਵਾਨਗੀ ਲਈ ਆਨਲਾਈਨ ਭੇਜੀ ਗਈ ਸੀ, ਉਸ ਵਿਚ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਸੁੱਚਾ ਸਿੰਘ ਲੰਗਾਹ, ਪਰਮਜੀਤ ਸਿੰਘ ਸਰਨਾ, ਜੋਗਿੰਦਰ ਸਿੰਘ ਜਿੰਦੂ, ਤੀਰਥ ਸਿੰਘ ਮਾਹਲਾ, ਪਰਮਬੰਸ ਸਿੰਘ ਬੰਟੀ ਰੁਮਾਣਾ, ਸਰਬਜੀਤ ਸਿੰਘ ਝਿੰਜਰ ਅਤੇ ਤੇਜਿੰਦਰ ਸਿੰਘ ਮਿੱਡੂ ਖੇੜਾ ਦੇ ਨਾਂਅ ਸ਼ਾਮਿਲ ਦੱਸੇ ਜਾਂਦੇ ਹਨ ।ਜਦੋਂ ਕਿ ਇਸ ਤੋਂ ਪਹਿਲਾਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦਲ ਦੀ ਭਰਤੀ ਦੀ ਨਿਗਰਾਨੀ ਲਈ ਗਠਿਤ ਕੀਤੀ ਗਈ ਸੱਤ ਮੈਂਬਰੀ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ ਅਤੇ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ) ਦੇ ਨਾਂਅ ਸ਼ਾਮਿਲ ਹਨ । ਸਿੰਘ ਸਾਹਿਬਾਨ ਵਲੋਂ ਇਸ 7 ਮੈਂਬਰੀ ਕਮੇਟੀ ਦੇ ਗਠਨ ਮੌਕੇ ਇਹ ਵੀ ਕਿਹਾ ਗਿਆ ਸੀ ਕਿ 'ਸ਼ੋ੍ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਨ੍ਹਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ, ਇਸ ਲਈ ਪੰਜ ਸਿੰਘ ਸਾਹਿਬਾਨ ਵਲੋਂ ਇਨ੍ਹਾਂ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼ੋ੍ਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ, ਭਰਤੀ ਬੋਗਸ ਨਾ ਹੋਵੇ, ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ, ਪੁਰਾਣੇ ਡੈਲੀਗੇਟ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ ਛੇ ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਿਕ ਕਰਨ ।'
ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਗਠਿਤ ਇਸ ਸੱਤ ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋ ਸਕੀ ਸੀ, ਜਦੋਂਕਿ ਅਕਾਲੀ ਦਲ (ਬਾਦਲ) ਦੀ ਵਰਕਿੰਗ ਕਮੇਟੀ ਵਲੋਂ ਆਪਣੇ ਪੱਧਰ 'ਤੇ ਨਿਗਰਾਨ ਤੇ ਇੰਚਾਰਜ ਨਿਯੁਕਤ ਕਰ ਕੇ 20 ਜਨਵਰੀ ਤੋਂ ਦਲ ਦੀ ਮੈਂਬਰਸ਼ਿਪ ਭਰਤੀ ਪ੍ਰਕਿਰਿਆ ਜ਼ੋਰ-ਸ਼ੋਰ ਨਾਲ ਜਾਰੀ ਹੈ, ਜਿਸ ਪ੍ਰਤੀ ਜਥੇਦਾਰ ਵਲੋਂ ਕਈ ਵਾਰ ਨਾਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਸੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਕਨੂੰਨੀ ਮਾਹਿਰਾਂ ਤੋਂ ਸਲਾਹ ਲੈਣ ਬਾਅਦ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਭਰਤੀ ਤੇ ਨਿਗਰਾਨੀ ਕਰੇਗੀ।