ਸੀਬੀਆਈ ਅਦਾਲਤ ਵਲੋਂ ਐਸ.ਐਚ.ਓ. ਤੇ ਐਸ.ਆਈ. ਨੂੰ ਉਮਰ ਕੈਦ

In ਪੰਜਾਬ
February 06, 2025
ਐੱਸ. ਏ. ਐੱਸ. ਨਗਰ-ਪੰਜਾਬ ਸੰਤਾਪ ਦੌਰਾਨ ਘਰ ਬੈਠੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਤਰੱਕੀ ਦੇ ਲੋਭੀ ਪੁਲਿਸ ਮੁਲਾਜ਼ਮਾਂ ਵਲੋਂ ਖਾੜਕੂ ਕਰਾਰ ਦੇ ਕੇ ਫ਼ਰਜ਼ੀ ਪੁਲਿਸ ਮੁਕਾਬਲੇ ਦਿਖਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ।ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਮੋਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਸਾਹਮਣੇ ਆਇਆ। ਬਲਦੇਵ ਸਿੰਘ ਦੇਬਾ ਅਤੇ ਕੁਲਵੰਤ ਸਿੰਘ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜੋ ਕਿ 32 ਸਾਲ ਪਹਿਲਾਂ 1992 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ। 32 ਸਾਲ ਪਹਿਲਾਂ ਬਲਦੇਵ ਸਿੰਘ ਦੇਬਾ ਵਾਸੀ ਪਿੰਡ ਬਾਸਰਕੇ ਭੈਣੀ ਨੂੰ ਐਸ. ਆਈ. ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਐੱਸ. ਐੱਚ. ਓ. ਥਾਣਾ ਛੇਹਰਟਾ ਦੀ ਅਗਵਾਈ ਵਾਲੀ ਇਕ ਟੀਮ ਨੇ ਉਸ ਦੇ ਘਰੋਂ ਹਿਰਾਸਤ ਵਿਚ ਲਿਆ ਸੀ ।ਇਸੇ ਤਰ੍ਹਾਂ ਲਖਵਿੰਦਰ ਸਿੰਘ ਲੱਖਾ ਵਾਸੀ ਪਿੰਡ ਸੁਲਤਾਨਵਿੰਡ ਨੂੰ ਵੀ 12 ਸਤੰਬਰ 1992 ਨੂੰ ਅੰਮਿ੍ਤਸਰ ਦੇ ਪ੍ਰੀਤ ਨਗਰ ਸਥਿਤ ਉਸ ਦੇ ਕਿਰਾਏ ਦੇ ਘਰ ਤੋਂ ਐੱਸ. ਆਈ. ਗੁਰਭਿੰਦਰ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਗਿ੍ਫ਼ਤਾਰ ਕੀਤਾ ਸੀ ਅਤੇ ਦੋਵਾਂ ਨੂੰ ਉਸ ਸਮੇਂ ਦੇ ਮੰਤਰੀ ਦੇ ਪੁੱਤਰ ਦੇ ਕੇਸ ਵਿਚ ਝੂਠਾ ਫਸਾ ਕੇ ਤੇ ਫ਼ਰਜ਼ੀ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ ਪੰਜਾਬ ਪੁਲਿਸ ਵੱਲੋਂ ਲਾਵਾਰਿਸ ਲਾਸ਼ਾਂ ਦੇ ਵੱਡੇ ਪੱਧਰ 'ਤੇ ਸਸਕਾਰ ਸੰਬੰਧੀ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 1995 ਵਿੱਚ ਸੀਬੀਆਈ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।ਸੀ. ਬੀ. ਆਈ. ਵਲੋਂ ਮਾਮਲੇ ਦੀ ਜਾਂਚ ਕਰ ਕੇ ਦਾਖ਼ਲ ਕੀਤੀ ਗਈ। ਚਾਰਜਸ਼ੀਟ ਵਿਚ 9 ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 5 ਪੁਲਿਸ ਮੁਲਾਜ਼ਮਾਂ (ਹਰਭਜਨ ਸਿੰਘ, ਮਹਿੰਦਰ ਸਿੰਘ, ਪੁਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ) ਦੀ ਮੌਤ ਹੋ ਚੁੱਕੀ ਹੈ। ਜਦਕਿ 2 ਮੁਲਜ਼ਮਾਂ ਇੰਸਪੈਕਟਰ ਚਮਨ ਲਾਲ ਅਤੇ ਡੀਐਸਪੀ ਐਸਐਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਸੀ ।ਹਾਲਾਂਕਿ, ਫਰਜ਼ੀ ਮੁਕਾਬਲੇ ਦੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਕੱਟੜ ਖਾੜਕੂ ਸਨ ਜਿਨ੍ਹਾਂ 'ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਅਸਲ ਵਿੱਚ ਉਨ੍ਹਾਂ ਵਿੱਚੋਂ ਇੱਕ ਫੌਜ ਦਾ ਜਵਾਨ ਸੀ ਅਤੇ ਦੂਜਾ 16 ਸਾਲ ਦਾ ਨਾਬਾਲਗ ਸੀ।ਇਸ ਮਾਮਲੇ ਵਿਚ ਕੁੱਲ 19 ਵਿਅਕਤੀਆਂ ਦੇ ਬਿਆਨ ਗਵਾਹ ਵਜੋਂ ਕਲਮਬੰਦ ਕੀਤੇ ਗਏ ਸਨ । ਬੀਤੇ ਦਿਨੀਂ ਸੀ. ਬੀ. ਆਈ. ਅਦਾਲਤ ਨੇ ਤਤਕਾਲੀ ਐਸ. ਐਚ. ਓ ਪੁਰਸ਼ੋਤਮ ਸਿੰਘ ਅਤੇ ਤਤਕਾਲੀ ਐਸ. ਆਈ. ਗੁਰਭਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ਨੂੰ ਹੁਣੇ ਜਿਹੇ ਸੀ. ਬੀ. ਆਈ. ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸਮੇਤ 2 ਲੱਖ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ । 32 ਸਾਲਾਂ ਦੇ ਸੰਘਰਸ਼ ਉਪਰੰਤ ਦੋਸ਼ੀਆਂ ਨੂੰ ਬਣਦੀ ਕਾਨੂੰਨੀ ਸਜ਼ਾ ਹੋਈ ਅਤੇ ਦੋਵਾਂ ਮਰਹੂਮ ਸਿੱਖ ਨੌਜਵਾਨਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਨੂੰ ਅਦਾਲਤ ਵਲੋਂ ਇਨਸਾਫ਼ ਮਿਲਿਆ। ਇਸ ਮੌਕੇ ਦੋਵਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਿਚ ਅਹਿਮ ਕਿਰਦਾਰ ਨਿਭਾਉਣ ਵਾਲੇ ਸੀ. ਬੀ. ਆਈ. ਦੇ ਵਕੀਲ ਅਨਮੋਲ ਨਾਰੰਗ, ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਐਡਵੋਕੇਟ ਪੁਸ਼ਪਿੰਦਰ ਸਿੰਘ ਤੇ ਐਡਵੋਕੇਟ ਜਗਜੀਤ ਸਿੰਘ ਦਾ ਹਾਜ਼ਰ ਪਰਿਵਾਰਕ ਮੈਂਬਰਾਂ ਵਲੋਂ ਧੰਨਵਾਦ ਕੀਤਾ ਗਿਆ।

Loading