ਬਜੁਰਗਾਂ ਦਾ ਸਤਿਕਾਰ ਜ਼ਰੂਰੀ ,ਬਿਰਧ ਆਸ਼ਰਮ ਨਹੀਂ

In ਮੁੱਖ ਲੇਖ
February 06, 2025
ਰਜਿੰਦਰ ਕੌਰ ਜੀਤ ✍🏻 : ਬਜ਼ੁਰਗ ਮਾਤਾ ਪਿਤਾ ਘਰ ਵਿੱਚ ਸੰਘਣੇ ਦਰਖ਼ਤ ਦੀ ਤਰ੍ਹਾਂ ਹੁੰਦੇ ਹਨ। ਜਿਨ੍ਹਾਂ ਦੀ ਸੰਘਣੀ ਛਾਂ ਹੇਠ ਸਾਰਾ ਪਰਿਵਾਰ ਅਨੰਦਮਈ ਜੀਵਨ ਬਤੀਤ ਕਰਦਾ ਹੈ। ਪਰ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਨੌਜਵਾਨ ਪੀੜੀ ਕੋਲ ਇਹ ਅਨੂਠੀ ਦਾਤ ਬਹੁਤ ਘੱਟ ਹੈ। ਪਰਿਵਾਰਾਂ ਵਿੱਚ ਬਜ਼ੁਰਗਾਂ ਨਾਲ ਹੁੰਦੇ ਦੁਰ ਵਿਵਹਾਰ ਨੂੰ ਦੇਖ ਕੇ ਰੂਹ ਕੰਬ ਉੱਠਦੀ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਗੁਰ ਸ਼ਬਦ ਹਨ ਜੋ ਇਸ ਬਾਰੇ ਸਮਝਾ ਰਹੇ ਹਨ। ਪਿਓ -ਪੁੱਤਰ ਦੇ ਰਿਸ਼ਤੇ ਨੂੰ ਗੁਰੂ ਰਾਮਦਾਸ ਜੀ ਨੇ ਬੜੇ ਹੀ ਸੁੰਦਰ ਬਚਨਾ ਨਾਲ ਬਿਆਨ ਕੀਤਾ ਹੈ :- ਕਾਹੇ ਪੂਤ ਝਗਰਤ ਹਉ ਸੰਗਿ ਬਾਪ।। ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।। (ਅੰਗ ੧੨੦੦) ਭਾਵ ਹੇ ਪੁੱਤਰ ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਜਿੰਨਾ ਮਾਪਿਆਂ ਨੇ ਜੰਮਿਆ ਪਾਲਿਆ ਹੁੰਦਾ ਹੈ, ਉਨਾਂ ਨਾਲ ਝਗੜਨਾ ਪਾਪ ਹੈ। ਅੱਜ ਕੱਲ ਇਹ ਦੇਖਣ ਵਿੱਚ ਆਉਂਦਾ ਹੈ ਕਿ ਵਿੱਤੀ ਆਜ਼ਾਦੀ ਅਤੇ ਖਿਆਲਾਂ ਦੀ ਖੁੱਲ ਕਾਰਨ ਪਰਿਵਾਰ ਟੁੱਟ ਰਹੇ ਹਨ। ਪਰਿਵਾਰਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਸੋਚ ਅਤੇ ਅਨੁਭਵ ਦਾ ਅਪਮਾਨ ਅਤੇ ਮਖੌਲ ਉਡਾਇਆ ਜਾਂਦਾ ਹੈ। ਵੱਡੇ ਉਮਰ ਅਤੇ ਸਰੀਰ ਵਿੱਚ ਆਈ ਕਮਜ਼ੋਰੀ ਕਾਰਨ ਉਨ੍ਹਾਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ ਹੈ। ਉਹਨਾਂ ਨੂੰ ਸਮੇਂ ਸਿਰ ਅਤੇ ਉਨ੍ਹਾਂ ਦੀ ਪਸੰਦ ਦਾ ਖਾਣਾ ਅਤੇ ਪਹਿਨਣ ਨਹੀਂ ਦਿੱਤਾ ਜਾਂਦਾ, ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਜੋ ਬਜ਼ੁਰਗ ਪਹਿਲਾਂ ਕਰਦੇ ਮਾਲਕ ਹੁੰਦੇ ਸਨ, ਉਨ੍ਹਾਂ ਨੂੰ ਬੁਢਾਪੇ ਵਿੱਚ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜੀਵਨ ਦੇ ਅਖੀਰਲੇ ਪਲ ਇਸ ਉਡੀਕ ਵਿੱਚ ਬਤੀਤ ਕਰਦੇ ਹਨ ਕਿ ਕਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਮਿਲਣ ਜਾਂ ਲੈਣ ਲਈ ਆਉਣਗੇ। ਉਹ ਸੋਚਦੇ ਹਨ ਕਿ ਕਦੋਂ ਅਸੀਂ ਆਪਣੇ ਪੋਤੇ -ਪੋਤੀਆਂ ਨੂੰ ਮਿਲ ਸਕਾਂਗੇ।ਕਈ ਵਾਰੀ ਇਹ ਉਡੀਕ ਇੰਨੀ ਲੰਬੀ ਹੋ ਜਾਂਦੀ ਹੈ ਕਿ ਜ਼ਿੰਦਗੀ ਛੋਟੀ ਲੱਗਦੀ ਹੈ। ਬਜ਼ੁਰਗ ਮਾਤਾ ਪਿਤਾ ਬਿਰਧ ਆਸ਼ਰਮਾਂ ਵਿੱਚ ਹੀ ਅਖੀਰਲੇ ਸਵਾਸ ਤਿਆਗ ਦਿੰਦੇ ਹਨ। ਭਾਈ ਗੁਰਦਾਸ ਜੀ ਨੇ ਅਜਿਹੀ ਹੀ ਸੱਚਾਈ ਦਾ ਚਿਤਰਨ ਆਪਣੀ 37ਵੀਂ ਵਾਰ ਦੀ 21ਵੀਂ ਪੌੜੀ ਵਿੱਚ ਕੀਤਾ ਹੈ:- ਕਾਮਣਿ ਕਾਮਣਿਆਰੀਐ ਕੀਤੋ ਕਾਮਣੁ ਕੰਤ ਪਿਆਰੇ। ਜੰਮੇ ਸਾਈਂ ਵਿਸਾਰਿਆ ਵੀਵਾਹਿਆ ਮਾਂ ਪਿਓ ਵਿਸਾਰੇ। ਸੁਖਾਂ ਸੁਖਿ ਵਿਵਾਹਿਆ ਸਾਉਣੁ ਸੰਜੋਗੁ ਵਿਚਾਰ ਵਿਚਾਰੇ। ਪੁੱਤ ਨੂੰਹੈ ਦਾ ਮੇਲੁ ਵੇਖਿ ਅੰਗ ਨ ਮਾਵਨਿ ਮਾਂ ਪਿਉ ਵਾਰੇ। ਨੂੰਹੁ ਨਿਤ ਮਤ ਕੁਮੰਤ ਦੇਇ ਮਾਂ ਪਿਉ ਛਡਿ ਵੱਡੇ ਹਤਿਆਰੇ। ਵੱਖ ਹੋਵੈ ਪੁਤ ਰੰਨਿ ਲੈ ਮਾਂ ਪਿਓ ਦੇ ਉਪਕਾਰ ਵਿਸਾਰੇ। ਲੋਕਾਚਾਰਿ ਹੁਇ ਵਡੇ ਕੁਚਾਰੇ। ਭਾਈ ਗੁਰਦਾਸ ਜੀ ਬਚਨ ਕਰਦੇ ਹਨ ਕਿ ਸੁੰਦਰ ਇਸਤਰੀ ਨੇ ਆਪਣੀ ਸੁਹੱਪਣ ਨਾਲ ਆਪਣੇ ਕੰਤ ਨੂੰ ਵੱਸ ਵਿੱਚ ਕਰ ਲਿਆ ਹੈ। ਜਦੋਂ ਇਨਸਾਨ ਪੈਦਾ ਹੁੰਦਾ ਹੈ ਤਾਂ ਉਸ ਮਾਲਕ ਨੂੰ ਭੁਲਾ ਦਿੰਦਾ ਹੈ। ਜਦੋਂ ਵਿਆਹ ਹੁੰਦਾ ਹੈ ਤਾਂ ਮਾਤਾ ਪਿਤਾ ਨੂੰ ਭੁਲਾ ਦਿੰਦਾ ਹੈ। ਮਾਤਾ ਪਿਤਾ ਨੇ ਸੁੱਖਾਂ ਸੁੱਖ ਕੇ ਸੰਜੋਗ ਵਿਚਾਰ ਕਰਕੇ ਸ਼ਗਨਾਂ ਨਾਲ ਪੁੱਤਰ ਦਾ ਵਿਆਹ ਕੀਤਾ, ਨੂੰ ਪੁੱਤਰ ਦਾ ਮੇਲ ਦੇਖ ਕੇ ਉਹ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ, ਪਰ ਉਹੀ ਨੂੰਹ ਪੁੱਤਰ ਨੂੰ ਸਿਖਾਉਂਦੀ ਹੈ, ਕਿ ਭਲਾ ਹੋਵੇ ਜੇ ਉਹ ਆਪਣੇ ਮਾਂ -ਪਿਓ ਨੂੰ ਛੱਡ ਦੇਵੇ।ਪੁੱਤਰ ਆਪਣੇ ਮਾਤਾ ਪਿਤਾ ਦੀ ਉਪਕਾਰਾਂ ਨੂੰ ਵਿਸਾਰ ਕੇ ਆਪਣੀ ਪਤਨੀ ਲੈ ਕੇ ਅੱਡ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਲੋਕਾਂ ਦਾ ਵਿਵਹਾਰ ਬਹੁਤ ਖੋਟਾ ਹੋ ਗਿਆ ਹੈ। ਭਾਈ ਗੁਰਦਾਸ ਜੀ ਤਾਂ ਆਪਣੀ 34ਵੀਂ ਵਾਰ ਦੀ 21ਵੀਂ ਪੌੜੀ ਵਿੱਚ ਇਥੋਂ ਤੱਕ ਕਹਿੰਦੇ ਹਨ ਕਿ “ਪੁਤੁ ਨਾ ਮੰਨੈ ਮਾਪਿਆ ਕਮਜਾਤੀ ਵੜੀਐ।“ ਭਾਵ ਜੇ ਪੁੱਤਰ ਮਾਤਾ ਪਿਤਾ ਦੀ ਗੱਲ ਨਾ ਮੰਨੇ ਤਾਂ ਉਸ ਨੂੰ ਨੀਵੀਂ ਜਾਤ ਵਾਲਾ ਸਮਝਿਆ ਜਾਣਾ ਚਾਹੀਦਾ ਹੈ। ਭਾਵ ਕਿ ਆਪਣੇ ਮਾਤਾ ਪਿਤਾ ਦੀ ਗੱਲ ਨਾ ਮੰਨਣ ਵਾਲਾ ਪੁੱਤਰ ਕਿਸੇ ਮਾਣ ਇੱਜਤ ਦਾ ਹੱਕਦਾਰ ਨਹੀਂ ਰਹਿ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਹਨ ਸੰਤਾਨ ਦਾ ਧਰਮ ਹੈ ਕਿ ਮਾਤਾ ਪਿਤਾ ਨੂੰ ਦੇਵਤਾ ਰੂਪ ਜਾਣ ਕੇ ਸੇਵਾ ਕਰੇ ਅਤੇ ਆਗਿਆ ਦਾ ਪਾਲਣ ਕਰਕੇ ਉਹਨਾਂ ਦੀ ਆਤਮਾ ਪ੍ਰਸੰਨ ਕਰੇ। ਉੱਤਮ ਆਚਾਰ ਦੇ ਪ੍ਰਭਾਵ ਨਾਲ ਅਤੇ ਯੋਗਤਾ ਰਾਹੀਂ ਕੁੱਲ ਭੂਸ਼ਣ ਬਣੇ। ਅਜੋਕੀ ਪੀੜ੍ਹੀ ਨੂੰ ਲੱਗਦਾ ਹੈ ਕਿ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ ਬਹੁਤ ਔਖਾ ਕੰਮ ਹੈ, ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ। ਬਜ਼ੁਰਗ ਮਾਤਾ ਪਿਤਾ ਨੂੰ ਬਹੁਤਾ ਕੁਝ ਨਹੀਂ ਚਾਹੀਦਾ ਹੁੰਦਾ ਉਹ ਤਾਂ ਚਾਹੁੰਦੇ ਹਨ ਥੋੜਾ ਜਿਹਾ ਪਿਆਰ, ਇੱਜ਼ਤ ਅਤੇ ਥੋੜਾ ਜਿਹਾ ਸਮਾਂ। ਵਡੇਰੀ ਉਮਰ ਵਿੱਚ ਬਜ਼ੁਰਗ ਸਰੀਰਕ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਨ। ਵਡੇਰੀ ਉਮਰ ਵਿੱਚ ਉਹ ਬੱਚਿਆਂ ਦੀ ਤਰ੍ਹਾਂ ਜਿੱਦੀ ਅਤੇ ਖਿਝਾਊ ਸੁਭਾਅ ਵਾਲੇ ਹੋ ਜਾਂਦੇ ਹਨ। ਸ਼ਾਇਦ ਇਸ ਕਰਕੇ ਹੀ ਕਿਹਾ ਗਿਆ ਹੈ ਕਿ ਬੱਚੇ ਅਤੇ ਬੁੱਢੇ ਇੱਕ ਬਰਾਬਰ ਹੁੰਦੇ ਹਨ। ਬਜ਼ੁਰਗਾਂ ਦੇ ਅੰਦਰ ਆਈ ਤਬਦੀਲੀ ਨੂੰ ਨੌਜਵਾਨ ਸਮਝ ਨਹੀਂ ਪਾਉਂਦੇ। ਇਸੇ ਕਾਰਨ ਦੋਹਾਂ ਦੀ ਸੋਚ ਵਿੱਚ ਵਖਰੇਵਾਂ ਪਾਇਆ ਜਾਂਦਾ ਹੈ।। ਇਹ ਵਿਖਰੇਵਾਂ ਰਿਸ਼ਤਿਆਂ ਉੱਪਰ ਆਪਣਾ ਪ੍ਰਭਾਵ ਛੱਡਦਾ ਹੈ। ਵਡੇਰੀ ਉਮਰ ਦਾ ਪੜਾਅ ਜ਼ਿੰਦਗੀ ਦਾ ਸਭ ਤੋਂ ਔਖਾ ਸਫਰ ਹੈ, ਕਿਉਂਕਿ ਇਸ ਸਫਰ ਵਿੱਚ ਸੰਭਾਲ ਕਰਨ ਦੇ ਲਈ ਆਪਣੇ ਵਿੱਚ ਸਰੀਰਕ ਅਤੇ ਮਾਨਸਿਕ ਸ਼ਕਤੀ ਘੱਟ ਹੁੰਦੀ ਹੈ ਅਤੇ ਸਮੱਸਿਆਵਾਂ ਜਿਆਦਾ ਹੁੰਦੀਆਂ ਹਨ। ਭਾਰਤ ਭਿੰਨਤਾਵਾਂ ਵਾਲਾ ਦੇਸ਼ ਹੈ। ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਧਾਰਮਿਕ ਅਤੇ ਇਤਿਹਾਸਿਕ ਪਿਛੋਕੜ ਬਹੁਤ ਹੀ ਮਹਾਨ ਹੈ ਹਰ ਇਕ ਧਰਮ ਵਿੱਚ ਆਪਣੇ ਵੱਡੇ ਵਡੇਰਿਆ ਅਤੇ ਸੰਸਕਾਰਾਂ ਦੇ ਆਦਰ ਸਮਾਨ ਦੀ ਗੱਲ ਕੀਤੀ ਗਈ ਹੈ। ਕੇਰਲ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਪੰਜਾਬ ਵਿੱਚ ਬਜ਼ੁਰਗਾਂ ਦੀ 11 ਫੀਸਦੀ ਤੋਂ ਵੱਧ ਆਬਾਦੀ ਹੈ।। ਇਸ ਵਿੱਚ ਵਾਧਾ ਦਰ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ 2011 ਤੱਕ ਕੇਰਲ ਵਿੱਚ 20.9, ਤਾਮਿਲਨਾਡੂ ਵਿੱਚ 18.2, ਹਿਮਾਚਲ ਪ੍ਰਦੇਸ਼ ਵਿੱਚ 17 ਅਤੇ ਪੰਜਾਬ ਵਿੱਚ 16.2 ਫੀਸਦੀ ਬਜ਼ੁਰਗ ਹੋਣਗੇ। ਆਬਾਦੀ ਦੇ ਇਸ ਬਦਲਦੇ ਰੁਝਾਨ ਕਾਰਨ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਵੱਧ ਰਹੇ ਪੀੜ੍ਹੀ ਦੇ ਅੰਤਰ ਕਾਰਨ ਸਾਂਝੇ ਪਰਿਵਾਰ ਟੁੱਟ ਰਹੇ ਹਨ ਅਤੇ ਆਰਥਿਕ ਤੰਗੀ ਪੇਸ਼ ਆ ਰਹੀ ਹੈ ਕਿਉਂਕਿ ਬਜ਼ੁਰਗਾਂ ਦੀ ਨਿਰਭਰਤਾ ਜਵਾਨ ਬੱਚਿਆਂ ਉੱਪਰ ਵੱਧ ਰਹੀ ਹੈ। ਭੱਜ ਦੌੜ ਦੀ ਇਸ ਜ਼ਿੰਦਗੀ ਵਿੱਚ ਅੱਜ ਕੱਲ੍ਹ ਬੱਚਿਆਂ ਕੋਲ ਆਪਣੇ ਬਜ਼ੁਰਗ ਮਾਪਿਆਂ ਦੀ ਸਾਂਭ ਸੰਭਾਲ ਕਰਨ ਦਾ ਸਮਾਂ ਨਹੀਂ ਹੈ ।ਇਹ ਰਿਪੋਰਟ ਸਤੰਬਰ 2023 ਵਿੱਚ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਨੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਜ਼ ਨਾਲ ਮਿਲ ਕੇ ਜਾਰੀ ਕੀਤੀ ਸੀ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ, ਉਹ ਆਪਣੇ ਜੀਵਨ ਦੇ ਅਨੁਭਵਾਂ ਵਿੱਚੋਂ ਲੰਘ ਕੇ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਹੁੰਦੇ ਹਨ। ਦੁਨੀਆਂ ਦੀ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਹੈ, ਮੁੱਲ ਪਾਇਆ ਜਾ ਸਕਦਾ ਹੈ, ਪਰ ਅਨੁਭਵ ਅਜਿਹੀ ਚੀਜ਼ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ । ਸਿਰਫ ਅਨੁਭਵ ਵਿਅਕਤੀ ਕੋਲੋਂ ਹੀ ਲਾਭ ਲਿਆ ਜਾ ਸਕਦਾ ਹੈ। ਕਈ ਵਾਰ ਇਹ ਗੱਲ ਸੁਣੀ ਜਾਂਦੀ ਹੈ ਕਿ ਪੁਰਾਣੇ ਬਜ਼ੁਰਗਾਂ ਦੇ ਟੋਟਕੇ ਬਹੁਤ ਕਮਾਲ ਦੇ ਹੁੰਦੇ ਸਨ, ਜੋ ਉਨਾਂ ਦੇ ਅਨੁਭਵਾਂ ਵਿੱਚੋਂ ਨਿਕਲੇ ਹੁੰਦੇ ਹਨ। ਉਨਾਂ ਦੀਆਂ ਕਹੀਆਂ ਗੱਲਾਂ ਹੌਲੀ ਹੌਲੀ ਕਹਾਵਤਾਂ ਬਣ ਜਾਂਦੀਆਂ ਹਨ। ਬਜ਼ੁਰਗਾਂ ਦਾ ਅਨੁਭਵ ਦਾ ਖਜ਼ਾਨਾ ਇਨਾ ਵਿਸ਼ਾਲ ਹੁੰਦਾ ਹੈ, ਉਹ ਸੋਚਦੇ ਹਨ ਕਿ ਜਿੰਨਾ ਇਸ ਦੇ ਮੋਤੀ ਵੱਧ ਤੋਂ ਵੱਧ ਵੰਡੇ ਜਾਣ ਉਹਨਾਂ ਚੰਗਾ ਹੈ। ਇਸ ਪ੍ਰਕਿਰਿਆ ਵਿੱਚ ਉਹ ਬਹੁਤ ਵਾਰ ਇਹ ਭੁੱਲ ਜਾਂਦੇ ਹਨ ਕਿ ਜਿਹੜੀ ਕਹਾਣੀ ਜਾਂ ਅਨੁਭਵ ਉਹ ਸੁਣਾ ਰਹੇ ਹਨ, ਉਹ ਤਾਂ ਪਹਿਲਾਂ ਵੀ ਕਈ ਵਾਰ ਸੁਣਾ ਚੁੱਕੇ ਹਨ। ਉਨਾਂ ਬਜ਼ੁਰਗਾਂ ਦੀ ਮਨਸ਼ਾ ਤੁਹਾਨੂੰ ਤੰਗ ਕਰਨ ਦੀ ਨਹੀਂ ਹੁੰਦੀ ਸਗੋਂ ਗੱਲ ਪੁੱਛਣ ਜਾਂ ਸੁਣਾਉਣ ਦੀ ਹੁੰਦੀ ਹੈ। ਇਸ ਲਈ ਉਨਾਂ ਨੂੰ ਅੱਗੋਂ ਟੋਕਣਾ ਨਹੀਂ ਚਾਹੀਦਾ, ਘਟਨਾ ਜਾਂ ਵੇਰਵਾ ਸੁਣਦੇ ਹੋਏ ਹੁੰਗਾਰਾ ਭਰਨਾ ਚਾਹੀਦਾ ਹੈ। ਆਧੁਨਿਕੀਕਰਨ, ਉਦਯੋਗੀਕਰਨ ਅਤੇ ਮਸ਼ੀਨੀਕਰਨ ਮਗਰੋਂ ਅੱਜ ਦੇ ਯੁੱਗ ਵਿੱਚ ਪੱਛਮੀਕਰਨ ਅਤੇ ਪ੍ਰਵਾਸ ਦਾ ਰੁਝਾਨ ਵੱਧ ਰਿਹਾ ਹੈ। ਹਰ ਕੋਈ ਸਮੇਂ ਦਾ ਹਾਣੀ ਬਣਨਾ ਚਾਹੁੰਦਾ ਹੈ ਇਸ ਦੌੜ ਵਿੱਚ ਅਸੀਂ ਆਪਣੀਆਂ ਪੁਰਾਣੀਆਂ ਅਤੇ ਅਮੀਰ ਰਵਾਇਤਾਂ ਛੱਡ ਰਹੇ ਹਾਂ। ਸਾਂਝੇ ਪਰਿਵਾਰ ਸਾਡੇ ਸਮਾਜ ਦਾ ਇੱਕ ਅਨਿਖੜਵਾਂ ਅੰਗ ਸਨ ਜੋ ਹੁਣ ਟੁੱਟ ਕੇ ਇਕਹਿਰੇ ਬਣਦੇ ਜਾ ਰਹੇ ਹਨ ਬਲਕਿ ਬਣ ਗਏ ਹਨ। ਇਨ੍ਹਾਂ ਪਰਿਵਾਰਾਂ ਵਿੱਚ ਬੱਚਿਆਂ ਕੋਲ ਮਾਤਾ ਪਿਤਾ ਦੇ ਕੋਲ ਬੈਠਣ ਦੀ ਵਿਹਲ ਤਾਂ ਦੂਰ ਉਨਾਂ ਦਾ ਹਾਲ ਚਾਲ ਪੁੱਛਣ ਅਤੇ ਸਾਂਭ ਸੰਭਾਲ ਕਰਨ ਦੀ ਨਾ ਵਿਹਲ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਰੁਚੀ ਹੈ। ਪੁਰਾਤਨ ਸਮਿਆਂ ਵਿੱਚ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨੀ ਪਰਮ ਕਰਤੱਵ ਅਤੇ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਅਸਲ ਵਿੱਚ ਮਾਤਾ ਪਿਤਾ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਣਾ ਆਧੁਨਿਕ ਸੰਕਲਪ ਹੈ। ਜਿਸ ਦੀ ਸ਼ੁਰੂਆਤ ਸਾਂਝਾ ਪਰਿਵਾਰਿਕ ਢਾਂਚਾ ਟੁੱਟਣ ਨਾਲ ਅਤੇ ਸ਼ਹਿਰੀਕਰਨ ਨਾਲ ਹੋਈ ਮੰਨੀ ਜਾਂਦੀ ਹੈ। ਜੋ ਕੰਮ ਘਰ ਵਿੱਚ ਬਜ਼ੁਰਗ ਕਰਦੇ ਸਨ ਉਹ ਕੰਮ ਹੁਣ ਮਸ਼ੀਨਾਂ ਨਾਲ ਹੋ ਜਾਂਦੇ ਹਨ, ਬਜ਼ੁਰਗ ਜਿਨਾਂ ਨੂੰ ਘਰਾਂ ਦਾ ਜ਼ਿੰਦਾ ਕਿਹਾ ਜਾਂਦਾ ਸੀ ,ਘਰ ਦੀ ਸਾਂਭ ਸੰਭਾਲ ਦਾ ਕੰਮ ਘਰ ਵਿੱਚ ਬੈਠੇ ਬਜ਼ੁਰਗ ਕਰਦੇ ਸਨ। ਅੱਜ ਕੱਲ ਇਹ ਕੰਮ ਡਿਜੀਟਲ ਕੈਮਰਿਆਂ ਨੇ ਲੈ ਲਿਆ ਹੈ। ਬਜ਼ੁਰਗ ਬੱਚਿਆਂ ਨੂੰ ਪਾਲਣ ਅਤੇ ਉਨਾਂ ਦੀ ਪਰਵਰਿਸ਼ ਦਾ ਕੰਮ ਵੀ ਕਰਦੇ ਸਨ ਅੱਜ ਕੱਲ ਇਸ ਕੰਮ ਦੀ ਜਿੰਮੇਵਾਰੀ ਡੇ ਕੇਅਰ ਸੈਂਟਰਾਂ ਨੇ ਸੰਭਾਲ ਲਈ ਹੈ। ਘਰ ਵਿੱਚ ਬੈਠੇ ਬਜ਼ੁਰਗ ਨੌਜਵਾਨਾਂ ਉੱਤੇ ਬੋਝ ਬਣ ਗਏ ਹਨ।ਕਹਿੰਦੇ ਹਨ ਕਿ ਮਾਤਾ ਪਿਤਾ ਦੀਆਂ ਅੱਖਾਂ ਵਿੱਚ ਦੋ ਵਾਰ ਅੱਥਰੂ ਆਉਂਦੇ ਹਨ, ਇਕ ਧੀ ਦੀ ਡੋਲੀ ਤੋਰਨ ਵੇਲੇ ਦੂਜਾ ਜਦੋਂ ਪੁੱਤ ਮੁੱਖ ਮੋੜ ਲਵੇ। ਭਾਂਡੇ ਮਾਂਝ ਕੇ ਇੱਕ ਮਾਂ ਤਿੰਨ ਚਾਰ ਬੱਚੇ ਪਾਲ ਲੈਂਦੀ ਹੈ, ਭਾਰ ਤਿੰਨ ਚਾਰ ਬੱਚਿਆਂ ਤੋਂ ਇੱਕ ਮਾਂ ਨਹੀਂ ਸੰਭਾਲੀ ਜਾਂਦੀ। ਜਦੋਂ ਰੋਟੀਆਂ ਚਾਰ ਹੋਣ ਤੇ ਖਾਣ ਵਾਲੇ ਪੰਜ ਉਦੋਂ “ਮੈਨੂੰ ਭੁੱਖ ਨਹੀਂ ਹੈ” ਕਹਿਣ ਵਾਲੇ ਮਾਂ ਹੀ ਹੁੰਦੀ ਹੈ। ਇਸ ਲਈ ਮਾਤਾ ਪਿਤਾ ਸਾਡੇ ਸਮਾਜ ਦਾ ਸਾਡੇ ਜੀਵਨ ਦਾ ਬਹੁਮੁੱਲਾ ਸਰਮਾਇਆ ਹਨ। ਇਹਨਾਂ ਦੀ ਸੇਵਾ ਸੰਭਾਲ ਅਤੇ ਸਤਿਕਾਰ ਦੀ ਪੁਨਰ ਬਹਾਲੀ ਲਈ ਸਾਨੂੰ ਸਭ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਜੇਕਰ ਨੌਜਵਾਨ ਵਰਗ ਦੇਸ਼ ਦੀ ਸ਼ਕਤੀ ਹੈ ਤਾਂ ਬਜ਼ੁਰਗਾਂ ਅੰਦਰ ਅਨੁਭਵ ਦਾ ਅਥਾਹ ਸਮੁੰਦਰ ਸਮਾਇਆ ਹੋਇਆ ਹੈ। ਜਿਸ ਦਾ ਲਾਭ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਬਜ਼ੁਰਗਾਂ ਦੇ ਪਿਆਰ ਸਦਕਾ ਅਸੀਂ ਆਪਣੇ ਪਰਿਵਾਰਾਂ ਵਿੱਚ ਸੁਖਾਵਾਂ ਮਾਹੌਲ ਸਿਰਜ ਸਕਦੇ ਹਾਂ।

Loading