ਤਰਨ ਤਾਰਨ, 7 ਫਰਵਰੀ:
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਅਨੀਮੀਆ ਜਾਂਚ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਪਹਿਲੇ ਦਿਨ 10 ਟੀਮਾਂ ਵੱਲੋਂ 1152 ਵਿਦਿਆਰਥਣਾਂ ਦੀ ਅਨੀਮੀਆ ਜਾਂਚ ਕੀਤੀ ਗਈ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੇ ਸ਼ੁਰੂ ਵਿੱਚ ਜ਼ਿਲ੍ਹੇ ਦੀਆਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਲਗਭਗ 30 ਹਜ਼ਾਰ ਦੇ ਕਰੀਬ ਲੜਕੀਆਂ ਦੇ ਖੂਨ ਦੀ ਜਾਂਚ ਕੀਤੀ ਜਾਵੇਗੀ। ਅਨੀਮੀਆ ਦਾ ਪਤਾ ਲਗਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਜਾਂਚ ਲਈ ਬਿਨਾਂ ਸੂਈ ਚੁਭਾਏ ਹੀਮੋਗਲੋਬਿਨ ਲੈਵਲ ਅਤੇ ਅਨੀਮੀਆ ਦਾ ਪਤਾ ਚੱਲ ਸਕੇਗਾ। ਡਾ. ਬਲਜੀਤ ਕੌਰ ਨੇ ਬੱਚਿਆਂ ਨੂੰ ਚੰਗੀ ਪੌਸ਼ਟਿਕ ਖੁਰਾਕ ਲੈਣ ਅਤੇ ਬਾਜ਼ਾਰੀ ਖਾਣੇ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਮਾਤਾ-ਪਿਤਾ ਨੂੰ ਆਪਣੀਆਂ ਧੀਆਂ ਦੇ ਪੌਸ਼ਟਿਕ ਖੁਰਾਕ ਪ੍ਰਤੀ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨੀਮੀਆ ਜਾਂਚ ਲਈ ਸਿਹਤ ਵਿਭਾਗ ਨੂੰ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਗਏ ਹਨ ਜਿਨ੍ਹਾਂ ਰਾਹੀਂ ਕੁਝ ਹੀ ਮਿੰਟਾਂ ਵਿੱਚ ਵਿਦਿਆਰਥਣਾਂ ਦੇ ਹੀਮੋਗਲੋਬਿਨ ਲੈਵਲ ਦਾ ਪਤਾ ਲਗਾਇਆ ਜਾ ਸਕੇਗਾ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵਰਿੰਦਰਪਾਲ ਕੌਰ ਵੱਲੋਂ ਅਨੀਮੀਆ ਦੇ ਸਰੀਰ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਰਾਹੁਲ ਅਰੋੜਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਗਗਨਦੀਪ ਸਿੰਘ, ਰਵਿੰਦਰ ਕੌਰ ਅਹਲੂਵਾਲੀਆਂ ਪ੍ਰਿੰਸੀਪਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਕੁਮਾਰ, ਐੱਸ. ਡੀ. ਐੱਮ. ਅਰਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ|
![]()
