
ਮੈਕਸਿਕੋ ਸ਼ਹਿਰ/ਏ.ਟੀ.ਨਿਊਜ਼:
ਦੱਖਣੀ ਮੈਕਸਿਕੋ ਵਿਚ ਸ਼ਨਿੱਚਰਵਾਰ ਵੱਡੇ ਤੜਕੇ ਬੱਸ ਤੇ ਟਰੱਕ ਦੀ ਸਿੱਧੀ ਟੱਕਰ ਵਿੱਚ 41 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋਵਾਂ ਵਾਹਨਾਂ ਦੇ ਡਰਾਈਵਰ ਵੀ ਸ਼ਾਮਲ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਬੱਸ ਵਿੱਚ ਕੁੱਲ 48 ਵਿਅਕਤੀ ਸਵਾਰ ਸਨ। ਹਾਦਸੇ ਵਿੱਚ 38 ਮੁਸਾਫ਼ਰਾਂ ਤੇ ਦੋਵਾਂ ਡਰਾਈਵਰਾਂ ਦੀ ਮੌਤ ਹੋ ਗਈ।
ਸਥਾਨਕ ਅਥਾਰਿਟੀਜ਼ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਟਰੱਕ ਦਾ ਡਰਾਈਵਰ ਵੀ ਸ਼ਾਮਲ ਹੈ। ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨੂੰ ਅੱਗ ਲੱਗ ਗਈ। ਖ਼ਬਰ ਏਜੰਸੀ ਰਾਇਟਰਜ਼ ਵੱਲੋਂ ਜਾਰੀ ਤਸਵੀਰਾਂ ਵਿੱਚ ਬੱਸ ਅੱਗ ਦੀਆਂ ਲਪਟਾਂ ਵਿੱਚ ਘਿਰੀ ਨਜ਼ਰ ਆ ਰਹੀ ਹੈ। ਟਬੈਸਕੋ ਸਿਕਿਓਰਿਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ 18 ਬੁਰੀ ਤਰ੍ਹਾਂ ਝੁਲਸੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ ਤੇ ਹੋਰਾਂ ਦੀ ਭਾਲ ਜਾਰੀ ਹੈ।’’ ਬੱਸ ਅਪਰੇਟਰ ਟੂਰਜ਼ ਐਕੋਸਟਾ ਨੇ ਫੇਸਬੁੱਕ ’ਤੇ ਇਕ ਪੋਸਟ ਵਿੱਚ ਹਾਦਸੇ ’ਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਧਰ ਸਥਾਨਕ ਅਥਾਰਿਟੀਜ਼ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਹਾਦਸਾ ਵਾਹਨਾਂ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਵਾਪਰਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ।