ਸੌਖਾ ਨਹੀਂ ਹੋਵੇਗਾ ਭਾਜਪਾ ਲਈ ਪੰਜਾਬ ਨੂੰ ਜਿੱਤਣਾਂ

In ਪੰਜਾਬ
February 10, 2025
ਚੰਡੀਗੜ੍ਹ/ਏ.ਟੀ.ਨਿਊਜ਼: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੀ 27 ਸਾਲਾਂ ਬਾਅਦ ਹੋਈ ਵਾਪਸੀ ਨੇ ਭਾਜਪਾਈਆਂ ਦੇ ਹੌਸਲੇ ਵਧਾ ਦਿੱਤੇ ਹਨ। ਭਾਜਪਾ ਨੇ ਦਿੱਲੀ ਜਿੱਤ ਦੇ ਨਾਲ ਹੀ ਉੱਤਰ ਭਾਰਤ ਵਿੱਚ ਇੱਕ ਹੋਰ ਵੱਡੀ ਪੁਲਾਂਘ ਪੁੱਟ ਲਈ ਹੈ। ਇਸ ਨਾਲ ਭਾਜਪਾ ਨੇ ਉੱਤਰ ਭਾਰਤ ਵਿੱਚ ਸਥਿਤ ਦਿੱਲੀ, ਹਰਿਆਣਾ, ਰਾਜਸਥਾਨ ਵਿੱਚ ਜਿੱਤ ਹਾਸਲ ਕਰ ਲਈ ਹੈ। ਹੁਣ ਭਾਜਪਾ ਨੇ ਪੰਜਾਬ ਵਿੱਚ ਖੁਦ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ, ਜਿੱਥੇ ਅੱਜ ਤੱਕ ਕਦੇ ਭਾਜਪਾ ਦੇ ਇਕੱਲੇ ਪੈਰ ਨਹੀਂ ਲੱਗੇ। ਭਾਜਪਾ ਹਾਈਕਮਾਂਡ ਵੱਲੋਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅੰਦਰਖਾਤੇ ਪੰਜਾਬ ਵਿੱਚ ਮਜ਼ਬੂਤੀ ਲਈ ਵਿਉਂਤਬੰਦੀ ਤਿਆਰ ਕੀਤੀ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਭਾਜਪਾ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਸਿੱਖ ਚਿਹਰਿਆਂ ਨੂੰ ਮੋਹਰੀ ਕਰਦਿਆਂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਭਾਜਪਾ ਨੂੰ ਸਫ਼ਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕੀਤੀ ਹੈ, ਹੁਣ ਅਗਲੀ ਵਾਰੀ ਪੰਜਾਬ ਦੀ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸੇ ਸਦਕਾ ਆਉਣ ਵਾਲੀਆਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸੱਤਾ ਵਿੱਚ ਭਾਜਪਾ ਮਜ਼ਬੂਤੀ ਨਾਲ ਸਰਕਾਰ ਬਣਾ ਕੇ ਰਹੇਗੀ। ਪੰਜਾਬ ਵਿੱਚ ਭਾਜਪਾ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਕੇ ਸਿਆਸਤ ਕਰਦੀ ਆ ਰਹੀ ਹੈ ਪਰ ਪਿਛਲੇ ਦਿਨੀਂ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਤੋੜ ਦਿੱਤਾ ਸੀ। ਉਪਰੰਤ ਭਾਜਪਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਾਬਕਾ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਲੜੀਆਂ ਸਨ ਜਦੋਂ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜੀਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਪੱਲੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ ਇਕ ਸੀਟ ਪਈ ਸੀ ਅਤੇ ਭਾਜਪਾ ਨੇ 6.6 ਫ਼ੀਸਦ ਵੋਟਾਂ ਹਾਸਲ ਕੀਤੀਆਂ ਸਨ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ ਭਾਜਪਾ ਦੇ ਪੱਲੇ ਕੋਈ ਸੀਟ ਨਹੀਂ ਪਈ ਸੀ, ਪਰ ਭਾਜਪਾ ਦਾ ਵੋਟ ਫ਼ੀਸਦ ਤਿੰਨ ਗੁਣਾ ਵਧ ਕੇ 18.56 ਫ਼ੀਸਦ ’ਤੇ ਪਹੁੰਚ ਗਿਆ ਸੀ। ਇਸ ਦੇ ਬਾਅਦ ਤੋਂ ਭਾਜਪਾ ਵੱਲੋਂ ਪੰਜਾਬ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਹਾਲਾਂਕਿ, ਭਾਜਪਾ ਲਈ ਪੰਜਾਬ ਦੀ ਸਿਆਸਤ ਵਿੱਚ ਪੈਰ ਜਮਾਉਣੇ ਸੌਖੇ ਨਹੀਂ ਹਨ। ਪੰਜਾਬ ਦਾ ਕਿਸਾਨ ਵਰਗ ਭਾਜਪਾ ਨਾਲ ਪਿਛਲੇ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਿਹਾ ਹੈ, ਇਸ ਲਈ ਭਾਜਪਾ ਨੂੰ ਪੰਜਾਬ ਦੀ ਸਿਆਸਤ ਵਿੱਚ ਪੈਰ ਰੱਖਣ ਤੋਂ ਪਹਿਲਾਂ ਕਿਸਾਨੀ ਨੂੰ ਨਾਲ ਲਾਉਣਾ ਵਧੇਰੇ ਜ਼ਰੂਰੀ ਹੋਵੇਗਾ।

Loading