ਵਸ਼ਿੰਗਟਨ/ਏ.ਟੀ.ਨਿਊਜ਼: ਤਿੰਨ ਸਾਲ ਪਹਿਲਾਂ ਟਵਿੱਟਰ (ਹੁਣ ਐਕਸ) ’ਤੇ ਕਾਬਜ਼ ਹੋਣ ਵਾਲੇ ਟੈਸਲਾ ਦੇ ਮਾਲਕ ਐਲਨ ਮਸਕ ਦੀ ਨਜ਼ਰ ਹੁਣ ਓਪਨ.ਏ.ਆਈ. ’ਤੇ ਹੈ। ਉਨ੍ਹਾਂ ਦੀ ਅਗਵਾਈ ਵਾਲੇ ਕੰਰਸੋਟਿਅਮ ਨੇ ਓਪਨ.ਏ.ਆਈ. ਨੂੰ 97.4 ਅਰਬ ਡਾਲਰ ’ਚ ਖਰੀਦਣ ਦਾ ਪ੍ਰਸਾਤਾਵ ਦਿੱਤਾ ਹੈ। ਹਾਲਾਂਕਿ ਓਪਨ.ਏ.ਆਈ. ਦੇ ਸੀ.ਈ.ਓ. ਸੈਮ ਆਲਟਮੈਨ ਨੇ ਇਸ ਪ੍ਰਸਤਾਵ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਤੇ ਕਿਹਾ, ‘ਨਹੀਂ ਧੰਨਵਾਦ ਜੇਕਰ ਤੁਸੀਂ ਕਹੋ ਤਾਂ ਅਸੀਂ ਟਵਿੱਟਰ ਨੂੰ 9.74 ਅਰਬ ਡਾਲਰ ਵਿੱਚ ਖਰੀਦ ਲਵਾਂਗੇ।’ ਦੱਸ ਦਈਏ ਕਿ ਮਸਕ ਨੇ 2022 ’ਚ ਟਵਿੱਟਰ ਨੂੰ 44 ਅਰਬ ਡਾਲਰ ਵਿੱਚ ਖਰੀਦਿਆ ਸੀ। ਉਨ੍ਹਾਂ ਬਾਅਦ ਵਿੱਚ ਇਸ ਮੀਡੀਆ ਪਲੇਟਫਾਰਮ ਦਾ ਨਾਂ ਬਦਲ ਕੇ ਐਕਸ ਰੱਖ ਦਿੱਤਾ ਸੀ। ਵਾਲ ਸਟ੍ਰੀਟ ਜਰਨਲ ਦੇ ਮੁਤਾਬਕ ਓਪਨ ਏ.ਆਈ. ਨੂੰ ਖਰੀਦਣ ਦਾ ਪ੍ਰਸਤਾਵ ਦੇਣ ਵਾਲੇ ਮਸਕ ਦੀ ਅਗਵਾਈ ਵਾਲੇ ਕੰਰਸੋਟਿਅਮ ਵਿੱਚ ਐਕਸ ਏ.ਆਈ. ਕੰਰਸੋਟਿਅਮ, ਬੈਰਨ ਕੈਪੀਟਲ ਗਰੁੱਪ, ਈਮੈਨੁਅਲ ਕੈਪੀਟਲ ਮੈਨੇਜਮੈਂਟ ਤੇ ਹੋਰ ਸ਼ਾਮਲ ਹਨ। ਸਮਝੌਤਾ ਹੋਣ ’ਤੇ ਐਕਸ.ਏ.ਆਈ. ਦਾ ਓਪਨ.ਏ.ਆਈ. ਦੇ ਨਾਲ ਰਲੇਵਾਂ ਹੋ ਸਕਦਾ ਹੈ। ਮਸਕ ਦੇ ਪ੍ਰਸਤਾਵ ਨਾਲ ਓਪਨ.ਏ.ਆਈ. ਦੇ ਸੀ.ਈ.ਓ. ਆਲਟਮੈਨ ਦੇ ਨਾਲ ਚੈਟ.ਜੀ.ਪੀ.ਟੀ. ਨਿਰਮਾਤਾ ਦੇ ਭਵਿੱਖ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਡੂੰਘਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਸਕ ਤੇ ਆਲਟਮੈਨ ਨੇ 2015 ’ਚ ਗੈਰਲਾਭਕਾਰੀ ਦੇ ਤੌਰ ’ਤੇ ਓਪਨ.ਏ.ਆਈ. ਨੂੰ ਸ਼ੁਰੂ ਕਰਨ ਵਿੱਚ ਮਦਦ ਕੀਤੀ ਸੀ ਤੇ ਬਾਅਦ ਵਿੱਚ ਉਨ੍ਹਾਂ ਵਿੱਚ ਇਸ ਗੱਲ ’ਤੇ ਮੁਕਾਬਲਾ ਸੀ ਕਿ ਇਸ ਦੀ ਅਗਵਾਈ ਕਿਸ ਨੂੰ ਕਰਨੀ ਚਾਹੀਦੀ। ਮਸਕ ਦੇ 2018 ’ਚ ਬੋਰਡ ਤੋਂ ਅਸਤੀਫਾ ਦੇਣ ਦੇ ਬਾਅਦ ਇਸ ਸਟਾਰਟਅੱਪ ਦੀ ਦਿਸ਼ਾ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਨੇ 2023 ’ਚ ਏ.ਆਈ. ਸਟਾਰਟਅੱਪ ਐਕਸ.ਏ.ਆਈ. ਦੀ ਸਥਾਪਨਾ ਕੀਤੀ। ਟੈਸਲਾ ਦੇ ਸੀ.ਈ.ਓ. ਤੇ ਇੰਟਰਨੈੱਟ ਮੀਡੀਆ ਕੰਪਨੀ ਐਕਸ ਦੇ ਮਾਲਕ ਮਸਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਹੁਤ ਕਰੀਬੀ ਹਨ। ਉਨ੍ਹਾਂ ਟਰੰਪ ਦੀ ਚੋਣ ਵਿੱਚ ਕਰੀਬ 25 ਕਰੋੜ ਡਾਲਰ ਦੀ ਮਦਦ ਕੀਤੀ ਸੀ।