ਫਰੀਦਕੋਟ/ਏ.ਟੀ.ਨਿਊਜ਼ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਅਤੇ ਸਰਪ੍ਰਸਤ ਭਾਈ ਮੇਜਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਬਰਾੜ ਨਿਵਾਸ ਫਰੀਦਕੋਟ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਨੇ ਆਖਿਆ ਕਿ ਮੁਗਲ ਕਾਲ ਵੇਲੇ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਜੋ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਂਦਾ ਹੈ, ਉਸ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਬਾਬੇ ਨਾਨਕ ਦੀਆਂ ਇਨਕਲਾਬੀ ਗੱਲਾਂ ਦੀਆਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਉਸ ਸਮੇਂ ਰਾਜਨੀਤਿਕ ਅਤੇ ਧਾਰਮਿਕ ਲੋਕ ਬਾਬੇ ਨਾਨਕ ਦੇ ਵਿਰੋਧੀ ਹੋ ਗਏ ਸਨ ਅਤੇ ਗੁਰੂ ਸਾਹਿਬਾਨ ਨੂੰ ਸੱਚ ਬੋਲਣ ਤੇ ਸਿਧਾਂਤਾਂ ’ਤੇ ਪਹਿਰਾ ਦੇਣ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਪਰ ਉਹਨਾਂ ਸੱਚ ਦਾ ਸਾਥ ਨਾ ਛੱਡਿਆ। ਫੈਡਰੇਸ਼ਨ ਆਗੂ ਭਾਈ ਬਲਵਿੰਦਰ ਸਿੰਘ ਰੋਡੇ ਨੇ ਆਖਿਆ ਕਿ ਹੁਣ ਸਾਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਦਮਦਮੀ ਟਕਸਾਲ ਲਈ ਦੋ ਯੋਧਿਆਂ ਦੀ ਭਾਲ ਕਰਨੀ ਪਵੇਗੀ, ਜੋ ਸਿੱਖ ਪੰਥ ਨੂੰ ਸਮਰਪਿਤ ਹੋਣਗੇ, ਨਹੀਂ ਤਾਂ ਪੰਥ ਦਾ ਘਾਣ ਹੁੰਦਾ ਰਹੇਗਾ। ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦਾ ਅਫਸੋਸ ਪ੍ਰਗਟਾਉਂਦਿਆਂ ਆਖਿਆ ਕਿ ਅਜਿਹੇ ਸੂਝਵਾਨ ਅਤੇ ਕੁਰਬਾਨੀ ਵਾਲੇ ਜਥੇਦਾਰਾਂ ਦਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ।