ਦੁਨੀਆਂ ਭਰ ਵਿੱਚ ਕਿੰਨੇ ਪੰਜਾਬੀ ?

In ਮੁੱਖ ਖ਼ਬਰਾਂ
February 17, 2025
ਮਾਹਿਰਾਂ ਮੁਤਾਬਕ 13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਸਭ ਤੋਂ ਵੱਧ ਤਕਰੀਬਨ 10 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਹਨ। ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਭਾਰਤੀ ਪੰਜਾਬ ਅਤੇ ਕਰੀਬ ਇੱਕ ਕਰੋੜ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਸਕੇ ਵਸੇ ਹੋਏ ਹਨ।ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਦੀਆਂ ਕੁੱਲ 28 ਬੋਲੀਆਂ ਹਨ, ਜਿਨ੍ਹਾਂ ਵਿੱਚ 8 ਜ਼ਿਆਦਾ ਪ੍ਰਚਲਿਤ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਖ਼ਤਰਾ ਹੋਣ ਦੀ ਗੱਲ ਵੀ ਕਹੀ। ਡਾ. ਜੋਗਾ ਸਿੰਘ ਦਾ ਕਹਿਣਾ ਹੈ, "ਕਿਸੇ ਵੀ ਭਾਸ਼ਾ ਨੂੰ ਖ਼ਤਰਾ ਹੋ ਸਕਦਾ ਹੈ। ਸੰਸਕ੍ਰਿਤ, ਲਾਤੀਨੀ ਵਰਗੀਆਂ ਵੱਡੀਆਂ ਭਾਸ਼ਾਵਾਂ ਵੀ ਖ਼ਤਮ ਹੋ ਗਈਆਂ ਹਨ। ਭਾਰਤ ਵਿੱਚ ਸੰਸਕ੍ਰਿਤ ਬੋਲਣ ਵਾਲੇ 5-7 ਹਜ਼ਾਰ ਹੀ ਹਨ। ਭਾਸ਼ਾ ਉਦੋਂ ਖ਼ਤਮ ਹੋਣੀ ਹੁੰਦੀ ਹੈ ਜਦੋਂ ਉਸ ਦੀ ਵਰਤੋਂ ਦੇ ਖੇਤਰਾਂ ਵਿੱਚ ਵਰਤੋਂ ਖੁਰਨੀ ਸ਼ੁਰੂ ਹੋ ਜਾਂਦੀ ਹੈ।ਅੱਜ ਸਭ ਤੋਂ ਵੱਡਾ ਮਾਧਿਅਮ ਹੈ ਸਿੱਖਿਆ ਦਾ ਮਾਧਿਅਮ ਕਿਉਂਕਿ ਹਰੇਕ ਬੱਚਾ ਸਕੂਲ ਜਾ ਰਿਹਾ ਹੈ ਤੇ ਸਿੱਖਿਆ ਦਾ ਮਾਧਿਅਮ ਜੋ ਭਾਸ਼ਾ ਹੈ, ਉਹੀ ਉਸ ਦੀ ਪਹਿਲੀ ਭਾਸ਼ਾ ਹੈ। ਕਿਸੇ ਅਗਲੀ ਪੀੜ੍ਹੀ ਵਿੱਚ ਜਾ ਕੇ ਉਨ੍ਹਾਂ ਦੇ ਬੱਚਿਆਂ ਦੀ ਮਾਤ ਭਾਸ਼ਾ ਬਣ ਜਾਵੇਗੀ। ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕਿ ਲੋਕਾਂ ਨੇ ਘਰਾਂ ਦੇ ਨਾਮ ਵੀ ਅੰਗਰੇਜ਼ੀ ਵਿੱਚ ਹੀ ਲਿਖੇ ਹੁੰਦੇ ਹਨ।"ਦੇਸ ਵਿੱਚ ਸੰਪਰਕ ਭਾਸ਼ਾ ਦੀ ਲੋੜ ਹੋਵੇ ਤਾਂ ਲੋਕ ਖੁਦ ਹੀ ਬਣਾ ਲੈਂਦੇ ਹਨ। ਸਕੂਲਾਂ ਵਿੱਚ ਸਹੂਲਤਾਂ ਦਿਓ, ਜਿਹੜੀ ਭਾਸ਼ਾ ਸਿੱਖਣ ਦੀ ਲੋੜ ਹੈ, ਉਹ ਲੋਕ ਖੁਦ ਹੀ ਸਿੱਖ ਲੈਣਗੇ।" ਡਾ. ਜੋਗਾ ਸਿੰਘ ਦਾ ਕਹਿਣਾ ਹੈ, "ਇਹ ਦਲੀਲ ਹੀ ਬੜੀ ਖ਼ਤਰਨਾਕ ਹੈ ਕਿ ਭਾਰਤ ਦੀ ਕੋਈ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ। ਭਾਰਤ ਦੀ ਸੰਵਿਧਾਨਿਕ ਰਾਸ਼ਟਰ ਭਾਸ਼ਾ ਨਹੀਂ ਹੈ। ਦਰਅਸਲ ਪਹਿਲਾਂ ਰਾਸ਼ਟਰ ਭਾਸ਼ਾ ਹੁੰਦੀ ਹੈ, ਫਿਰ ਉਸ ਦੇ ਆਧਾਰ 'ਤੇ ਰਾਸ਼ਟਰ ਬਣਦੇ ਹਨ।ਜਰਮਨੀ ਭਾਸ਼ਾ ਦੇ ਆਧਾਰ 'ਤੇ ਜਰਮਨੀ ਦੇਸ ਬਣ ਗਿਆ, ਫਰਾਂਸਿਸੀ ਬੋਲਣ ਵਾਲੇ ਇਲਾਕੇ ਵਿੱਚ ਫਰਾਂਸ ਬਣ ਗਿਆ।"ਜੇ ਅਸੀਂ ਕਹਿ ਰਹੇ ਹਾਂ ਕਿ ਭਾਰਤ ਦੀ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਮਤਲਬ ਇਹ ਹੈ ਕਿ ਅਸੀਂ ਮੰਨਦੇ ਹਾਂ ਭਾਰਤ ਅਜੇ ਰਾਸ਼ਟਰ ਨਹੀਂ ਬਣਿਆ। ਭਾਰਤ ਵਿੱਚ ਸਾਰੀਆਂ ਭਾਸ਼ਾਵਾਂ ਦੀ ਸਮਾਨਤਾ ਸੰਵਿਧਾਨਕ ਤੌਰ 'ਤੇ ਹੈ ਤੇ ਹਰ ਭਾਸ਼ਾ ਦੀ ਸਮਾਨਤਾ ਸਥਾਪਤ ਹੋਣੀ ਚਾਹੀਦੀ ਹੈ।"

Loading