5 ਫਰਵਰੀ ਨੂੰ ਅਮਰੀਕਾ ਵਲੋਂ ਆਪਣੇ ਫ਼ੌਜੀ ਜਹਾਜ਼ ਰਾਹੀਂ ਹੱਥਾਂ-ਪੈਰਾਂ ਨੂੰ ਬੇੜੀਆਂ ਪਾ ਕੇ ਅੰਮ੍ਰਿਤਸਰ ਭੇਜੇ ਗਏ 104 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਦੇ ਘਟਨਾਕ੍ਰਮ ਨੇ ਇੰਡੀਆ ਵਿਚ ਹਲਚਲ ਮਚਾ ਦਿੱਤੀ ਸੀ, ਪਰ ਇਹ ਘਟਨਾਕ੍ਰਮ ਇੱਥੇ ਹੀ ਰੁਕਣ ਵਾਲਾ ਨਹੀਂ ਸੀ।ਹੁਣ ਤੱਕ ਅਮਰੀਕਾ ਤਿੰਨ ਗਰੁੱਪਾਂ ਵਿੱਚ 377 ਲੋਕਾਂ ਨੂੰ ਭਾਰਤ ਭੇਜ ਚੁੱਕਾ ਹੈ।
15 ਫਰਵਰੀ ਨੂੰ 116 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਇਕ ਹੋਰ ਅਮਰੀਕੀ ਫ਼ੌਜੀ ਜਹਾਜ਼ ਅੰਮ੍ਰਿਤਸਰ ਉਤਾਰਿਆ ਗਿਆ ਸੀ।ਅਮਰੀਕਾ ਦੀ ਟਰੰਪ ਸਰਕਾਰ ਨੇ ਬੀਤੇ ਐਤਵਾਰ ਨੂੰ ਤੀਜਾ ਫੌਜੀ ਜਹਾਜ਼ ਅੰਮ੍ਰਿਤਸਰ ਭੇਜਿਆ ਗਿਆ ਸੀ। ਜਹਾਜ਼ ਵਿੱਚ ਕੁੱਲ 112 ਪ੍ਰਵਾਸੀ ਭਾਰਤੀ ਵੱਖ ਵੱਖ ਰਾਜਾਂ ਦੇ ਸਵਾਰ ਸਨ। ਡਿਪੋਰਟ ਕੀਤੇ ਗਏ ਲੋਕਾਂ ਵਿੱਚ ਸੱਤ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 31 ਵਿਅਕਤੀ ਸ਼ਾਮਲ ਹਨ। ਦੋ ਦਿਨਾਂ ਦੌਰਾਨ ਇਸ ਤਰ੍ਹਾਂ 228 ਭਾਰਤੀਆਂ ਨੂੰ ਲੈ ਕੇ ਅਮਰੀਕਾ ਦੇ ਦੋ ਫੌਜੀ ਜਹਾਜ਼ ਅੰਮ੍ਰਿਤਸਰ ਉਤਰੇ ਸਨ।ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਮਰਦਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਸਨ ਅਤੇ ਉਨ੍ਹਾਂ ਦੀਆਂ ਲੱਤਾਂ ਨੂੰ ਬੇੜੀਆਂ ਬੰਨ੍ਹੀਆਂ ਹੋਈਆਂ ਸਨ।ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਬਿਆਨਾਂ ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹੋਰ ਉਡਾਣਾਂ ਆਉਣਗੀਆਂ। ਬੀਤੇ ਹਫਤੇ ਵ੍ਹਾਈਟ ਹਾਊਸ ਵਿਖੇ ਟਰੰਪ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਕਿਸੇ ਵੀ ਪ੍ਰਮਾਣਿਤ ਭਾਰਤੀ ਨੂੰ ਵਾਪਸ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਹੱਥ ਕੜੀਆਂ ਤੇ ਬੇੜੀਆਂ ਵਿਚ ਬਝੇ ਭਾਰਤੀ
ਦੇਸ਼ ਦੀਆਂ ਵਿਰੋਧੀਆਂ ਪਾਰਟੀਆਂ ਅਤੇ ਲੋਕਾਂ ਦੇ ਸਖ਼ਤ ਵਿਰੋਧ ਨੂੰ ਦੇਖਦਿਆਂ ਉਮੀਦ ਜਤਾਈ ਜਾ ਰਹੀ ਸੀ ਕਿ ਇਸ ਵਾਰ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਕੈਦੀਆਂ ਵਾਂਗ ਇਧਰ ਨਹੀਂ ਭੇਜਿਆ ਜਾਵੇਗਾ, ਪਰ ਇਨ੍ਹਾਂ ਉਮੀਦਾਂ ਦੇ ਉਲਟ ਸਨਿਚਰਵਾਰ ਤੇ ਐਤਵਾਰ ਅੰਮ੍ਰਿਤਸਰ ਪੁੱਜੇ ਜਹਾਜ਼ ਵਿਚ ਵੀ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਹੀ ਲਿਆਂਦਾ ਗਿਆ ਸੀ।
ਇਹ ਸਵਾਲ ਖਾਸ ਤੌਰ 'ਤੇ ਇਸ ਲਈ ਉੱਠਿਆ ਕਿਉਂਕਿ ਕੋਲੰਬੀਆ ਨੇ ਆਪਣੇ ਦੇਸ਼ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੇ ਅਮਰੀਕੀ ਫੌਜੀ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਕੋਲੰਬੀਆ ਨੇ ਅਮਰੀਕੀ ਫੌਜੀ ਜਹਾਜ਼ ਨੂੰ ਵਾਪਸ ਮੋੜ ਦਿੱਤਾ। ਇਸ 'ਤੇ ਟਰੰਪ ਨੇ ਕੋਲੰਬੀਆ 'ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਵੀ ਕੋਲੰਬੀਆ ਝੁਕਿਆ ਨਹੀਂ ਸੀ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਕਿਹਾ ਸੀ ਕਿ ਉਹ ਇਹ ਯਕੀਨੀ ਬਣਾਏਗੀ ਕਿ ਉਸਦੇ ਨਾਗਰਿਕਾਂ ਨੂੰ ਅਮਰੀਕਾ ਤੋਂ ਬੇਇੱਜ਼ਤੀ ਨਾਲ ਨਾ ਕੱਢਿਆ ਜਾਵੇ। ਇਸ ਸਬੰਧ ਵਿੱਚ, ਕੋਲੰਬੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਆਪਣੇ ਬਿਆਨ ਵਿੱਚ 'ਸਨਮਾਨਜਨਕ ਵਾਪਸੀ' ਸ਼ਬਦਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਪੈਟਰੋ ਨੇ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਆਪਣਾ ਵਿਸ਼ੇਸ਼ ਜਹਾਜ਼ ਭੇਜਣ ਦਾ ਫੈਸਲਾ ਕੀਤਾ।
ਹਾਲਾਂਕਿ, ਪਹਿਲੇ ਬੈਚ ਵਿੱਚ ਦੇਸ਼ ਨਿਕਾਲਾ ਦਿੱਤੇ ਗਏ ਅਤੇ ਭਾਰਤ ਆਏ ਲੋਕਾਂ ਨੇ ਆਪਣੀ ਮੁਸ਼ਕਲ ਬਿਆਨ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਫੌਜੀ ਜਹਾਜ਼ ਵਿੱਚ ਬੇੜੀਆਂ ਅਤੇ ਹੱਥਕੜੀਆਂ ਲਗਾ ਕੇ ਲਿਆਂਦਾ ਗਿਆ ਸੀ। ਉਸਨੂੰ 40 ਘੰਟੇ ਬਾਥਰੂਮ ਜਾਣ ਲਈ ਵੀ ਸੰਘਰਸ਼ ਕਰਨਾ ਪਿਆ। ਵਿਰੋਧੀ ਧਿਰ ਨੇ ਇਸ ਅਣਮਨੁੱਖੀ ਸਥਿਤੀ ਲਈ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ। ਇਹ ਮੁੱਦਾ ਸੰਸਦ ਦੇ ਦੋਵਾਂ ਸਦਨਾਂ ਵਿੱਚ ਵੀ ਉਠਾਇਆ ਗਿਆ ਸੀ।
ਇਸ ਦੌਰਾਨ, ਜਦੋਂ ਅੰਮ੍ਰਿਤਸਰ ਵਿੱਚ ਦੂਜੀ ਖੇਪ ਦੇ ਉਤਰਨ ਦੀ ਖ਼ਬਰ ਆਈ, ਤਾਂ ਇਸ ਉੱਤੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ। ਸਵਾਲ ਇਹ ਉੱਠੇ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀਆਂ ਅਮਰੀਕੀ ਡਿਪੋਰਟੇਸ਼ਨ ਉਡਾਣਾਂ ਨੂੰ ਸਿਰਫ਼ ਪੰਜਾਬ ਵਿੱਚ ਹੀ ਕਿਉਂ ਉਤਾਰਿਆ ਜਾ ਰਿਹਾ ਸੀ ਜਦ ਕਿ ਇਸ ਵਿਚ ਭਾਰਤ ਦੇ ਬਾਕੀ ਪ੍ਰਾਤਾਂ ਦੇ ਲੋਕ ਵੀ ਸ਼ਾਮਲ ਹਨ? ਕੀ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਕਿ ਪੰਜਾਬੀ ਹੀ ਅਮਰੀਕਾ ਜਾਣ ਲਈ ਗੈਰ ਕਨੂੰਨੀ ਰਾਹ ਅਪਨਾਉਂਦੇ ਹਨ? ਆਖ਼ਿਰਕਾਰ, ਇਹ ਉਡਾਣਾਂ ਗੁਜਰਾਤ ਜਾਂ ਹਰਿਆਣਾ ਵਰਗੇ ਰਾਜਾਂ ਵਿੱਚ ਕਿਉਂ ਨਹੀਂ ਉਤਰ ਰਹੀਆਂ? ਇਹ ਸਵਾਲ ਉਠਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਲਗਾਤਾਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਅਲੋਕ ਸ਼ਰਮਾ ਨੇ ਭਾਜਪਾ ਨੇਤਾਵਾਂ ਦੇ ਦਾਅਵਿਆਂ ਨੂੰ ਵੀ ਚੁਣੌਤੀ ਦਿੱਤੀ ਕਿ ਅੰਮ੍ਰਿਤਸਰ ਅਜਿਹੀਆਂ ਉਡਾਣਾਂ ਲਈ ਸਭ ਤੋਂ ਨੇੜੇ ਦਾ ਸਟੇਸ਼ਨ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਜਹਾਜ਼ ਅੰਮ੍ਰਿਤਸਰ ਪਹੁੰਚਣ ਲਈ ਪੂਰੇ ਦੇਸ਼ ਦੇ ਉੱਪਰ ਉੱਡ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਬੈਠੇ ਹਨ, ਜਦੋਂ ਕਿ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਨਾਲ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਡੇ ਲਈ, ਸਾਰੇ ਡਿਪੋਰਟ ਕੀਤੇ ਗਏ ਭਾਰਤੀ ਹਨ, ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਗੁਜਰਾਤ ਤੋਂ ਹਨ। ਪਰ ਉਨ੍ਹਾਂ ਨੇ ਅੰਮ੍ਰਿਤਸਰ ਨੂੰ ਕਿਉਂ ਚੁਣਿਆ ਹੈ, ਖਾਸ ਕਰਕੇ ਜਦੋਂ ਇਹ ਸਾਹਮਣੇ ਆ ਰਿਹਾ ਹੈ ਕਿ ਜਹਾਜ਼ਾਂ ਦਾ ਹਵਾਈ ਰਸਤਾ ਪੂਰਬੀ ਪਾਸੇ ਤੋਂ ਹੈ ਅਤੇ ਉਹ ਅੰਮ੍ਰਿਤਸਰ ਪਹੁੰਚਣ ਲਈ ਪੂਰੇ ਦੇਸ਼ ਦਾ ਚੱਕਰ ਕਿਉਂ ਲਗਾ ਰਹੇ ਹਨ? ਭਾਜਪਾ ਨੇਤਾ ਮੋਦੀ ਕੋਲ ਪੰਜਾਬ ਨੂੰ ਬਦਨਾਮ ਕਰਨ ਦਾ ਏਜੰਡਾ ਹੈ ਕਿਉਂਕਿ ਉਹ ਤੇ ਭਾਜਪਾ ਲੀਡਰਸ਼ਿਪ ਪੰਜਾਬ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ?ਜਦੋਂ ਅਮਰੀਕਾ ਲੋਕਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਨਾਲ ਭੇਜ ਰਿਹਾ ਹੈ, ਤਾਂ ਸਾਡੀ ਸਰਕਾਰ ਨੂੰ ਅਮਰੀਕੀ ਰਾਜਦੂਤ ਨੂੰ ਬੁਲਾ ਕੇ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ ਸੀ।ਭਾਰਤ ਸਰਕਾਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਣੇ ਜਹਾਜ਼ ਭੇਜ ਸਕਦੀ ਸੀ।
ਪਰਗਟ ਸਿੰਘ ਨੇ ਸਵਾਲ ਕੀਤਾ ਕਿ ਭਾਜਪਾ ਆਗੂ ਗੁਜਰਾਤ 'ਤੇ ਚੁੱਪ ਕਿਉਂ ਹਨ ਜਦੋਂ ਕਿ ਜ਼ਿਆਦਾਤਰ ਡਿਪੋਰਟ ਕੀਤੇ ਗਏ ਉੱਥੋਂ ਦੇ ਸਨ। ਉਹ ਗੁਜਰਾਤ ਮਾਡਲ ਨੂੰ ਪੇਸ਼ ਕਰ ਰਹੇ ਹਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਗੁਜਰਾਤ ਬਾਰੇ ਇੱਕ ਸ਼ਬਦ ਕਿਉਂ ਨਹੀਂ ਬੋਲ ਸਕਦੇ ਸਨ?"
ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ
ਬੀਤੇ ਸ਼ਨੀਵਾਰ ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਭਾਰਤੀਆਂ ਵਿੱਚੋਂ, ਚਾਰ ਲੋੜੀਂਦੇ ਲੋਕਾਂ ਨੂੰ ਪੁਲਿਸ ਨੇ ਹਵਾਈ ਅੱਡੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ।
ਸਜ਼ਾ ਤੋਂ ਬਚਣ ਲਈ ਇਹ ਲੋਕ ਦੇਸ਼ ਤੋਂ ਬਾਹਰ ਭੱਜ ਗਏ ਸਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 'ਆਪ' ਨੇਤਾ ਦੇ ਕਤਲ ਕੇਸ ਵਿੱਚ ਰਾਜਪੁਰਾ ਦੇ ਦੋ ਚਚੇਰੇ ਭਰਾ, ਲੁਧਿਆਣਾ ਦਾ ਇੱਕ ਭਗੌੜਾ ਅਪਰਾਧੀ ਜਿਸ ਵਿਰੁੱਧ ਐਲਓਸੀ ਜਾਰੀ ਕੀਤਾ ਗਿਆ ਸੀ, ਅਤੇ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ੀ ਸ਼ਾਮਲ ਹੈ
ਅਮਰੀਕਾ ਵਿਚ 20 ਹਜ਼ਾਰ ਤੋਂ ਜ਼ਿਆਦਾ 'ਨਾਜਾਇਜ਼ ਪਰਵਾਸੀਆਂ ਨੂੰ ਦੇਸ ਨਿਕਾਲਾ
ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਦੋ ਖੋਜੀਆਂ ਵਲੋਂ ਵਿਸ਼ਲੇਸ਼ਣ ਵਿਚ ਸਾਹਮਣੇ ਆਇਆ ਹੈ ਕਿ ਇੱਥੇ ਨਾਜਾਇਜ਼ ਪਰਵਾਸੀਆਂ ਵਿਚ ਪਿਛਲੇ ਸਾਲਾਂ ਦੌਰਾਨ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਧੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 2021 ਤੋਂ 2022 ਤੱਕ ਭਾਰਤੀ ਨਾਗਰਿਕਾਂ ਵਲੋਂ ਦਾਇਰ ਕੀਤੀਆਂ ਗਈਆਂ ਸਾਰੀਆਂ ਸ਼ਰਨ ਪਟੀਸ਼ਨਾਂ ਵਿਚੋਂ ਲਗਪਗ 66 ਫ਼ੀਸਦੀ ਪੰਜਾਬੀਆਂ ਵੱਲੋਂ ਦਾਖ਼ਲ ਕੀਤੀਆਂ ਗਈਆਂ ਗਈਆਂ ਸਨ। ਇਕ ਸਮੇਂ ਭਾਰਤੀ ਨਾਜਾਇਜ਼ ਪਰਵਾਸੀਆਂ ਵਿਚ ਹਿੰਦੀ ਭਾਸ਼ੀ ਲੋਕਾਂ ਦੀ ਹਿੱਸੇਦਾਰੀ 14 ਫ਼ੀਸਦੀ ਸੀ। ਹਾਲਾਂਕਿ 2017 ਤੇ 2022 ਦੌਰਾਨ ਇਹ ਦੁੱਗਣੀ ਹੋ ਕੇ 30 ਫ਼ੀਸਦੀ ਹੋ ਗਈ। ਇਹ ਅਧਿਐਨ 10 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ। ਪਿਊ ਰਿਸਰਚ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਵਿਚ ਕਰੀਬ ਛੇ ਲੱਖ 75 ਹਜ਼ਾਰ ਨਾਜਾਇਜ਼ ਭਾਰਤੀ ਪਰਵਾਸੀ ਹਨ। ਅਮਰੀਕਾ ਵਿਚ ਕੁੱਲ ਭਾਰਤੀਆਂ ਦੀ ਗਿਣਤੀ 5.1 ਮਿਲੀਅਨ ਹੈ। ਇਹ ਭਾਰਤੀ ਪਰਵਾਸੀਆਂ ’ਚ ਵਧਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ, ਕਿਉਂਕਿ ਹੁਣ ਹਿੰਦੀ ਭਾਸ਼ੀ ਇਲਾਕਿਆਂ ਤੋਂ ਜ਼ਿਆਦਾ ਲੋਕ ਅਮਰੀਕਾ ਵਿਚ ਸ਼ਰਨ ਮੰਗ ਰਹੇ ਹਨ। ਹੋਰ ਭਾਸ਼ਾ ਗਰੁੱਪ ਵੀ ਪਿੱਛੇ ਨਹੀਂ ਹਨ।
ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਦੇ ਮੁਤਾਬਕ, ਪਿਛਲੇ ਪੰਜ ਸਾਲਾਂ ’ਚ ਅਮਰੀਕਾ ਵਿਚ ਸ਼ਰਨ ਚਾਹੁਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ 470 ਫ਼ੀਸਦੀ ਦਾ ਵਾਧਾ ਹੋਇਆ ਹੈ। 2020 ਵਿਚ ਭਾਰਤੀਆਂ ਦੇ ਸ਼ਰਨ ਦੇ ਦਾਅਵੇ ਜਿੱਥੇ 6,000 ਸਨ, ਉਹ 2023 ਵਿਚ ਵਧ ਕੇ 51 ਹਜ਼ਾਰ ਤੋਂ ਜ਼ਿਆਦਾ ਹੋ ਗਏ। ਪਰਵਾਸੀਆਂ ਦੀ ਇਹ ਗਿਣਤੀ ’ਚ ਅੱਠ ਗੁਣਾ ਵਾਧਾ ਹੈ। ਅਮਰੀਕੀ ਇਮੀਗਰੇਸ਼ਨ ਜੱਜਾਂ ਨੇ ਪੰਜਾਬੀ ਭਾਸ਼ੀਆਂ ਨਾਲ ਸਬੰਧਤ 63 ਫ਼ੀਸਦੀ ਮਾਮਲਿਆਂ ਤੇ ਹਿੰਦੀ ਭਾਸ਼ੀਆਂ ਨਾਲ ਸਬੰਧਤ 58 ਫ਼ੀਸਦੀ ਮਾਮਲਿਆਂ ਨੂੰ ਮਨਜ਼ੂਰੀ ਦਿੱਤੀ, ਪਰ ਗੁਜਰਾਤੀ ਭਾਸ਼ੀਆਂ ਵਲੋਂ ਦਾਇਰ ਸਿਰਫ਼ 25 ਫ਼ੀਸਦੀ ਮਾਮਲਿਆਂ ਨੂੰ ਹੀ ਮਨਜ਼ੂਰੀ ਦਿੱਤੀ ਗਈ
ਇਮੀਗ੍ਰੇਸ਼ਨ ਤੋਂ ਭਰੋਸੇਯੋਗ ਸੂਤਰਾਂ ਮੁਤਾਬਿਕ ਅਮਰੀਕਾ ਵਿਚ ਸਵਾ ਸੱਤ ਲੱਖ ਗ਼ੈਰ-ਕਾਨੂੰਨੀ ਭਾਰਤੀ ਰਹਿ ਰਹੇ ਹਨ, ਜਿਨ੍ਹਾਂ ਵਿਚੋਂ ਤਕਰੀਬਨ 20 ਹਜ਼ਾਰ ਲੋਕਾਂ ਉਤੇ 'ਡਿਪੋਰਟੇਸ਼ਨ' (ਜਬਰੀ ਵਾਪਸ ਭੇਜਣ ਦਾ ਹੁਕਮ) ਲੱਗੀ ਹੋਈ ਹੈ । ਸੂਤਰਾਂ ਮੁਤਾਬਿਕ 17,940 ਲੋਕਾਂ ਦੇ ਪੈਰਾਂ ਵਿਚ 'ਆਈਸ' ਨੇ ਟਰੈਕਰ ਨੈਵੀਗੇਸ਼ਨ ਲਗਾਏ ਹੋਏ ਹਨ । ਉਹ ਜਦੋਂ ਮਰਜ਼ੀ ਇਨ੍ਹਾਂ ਨੂੰ ਬੁਲਾ ਕੇ ਜਹਾਜ਼ੇ ਚੜ੍ਹਾ ਸਕਦੇ ਹਨ ।1996 ਦੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਰਿਫੋਰਮ ਤੇ ਇਮੀਗ੍ਰੇਸ਼ਨ ਐਕਟ 'ਚ ਟਰੰਪ ਪ੍ਰਸ਼ਾਸਨ ਨੇ 'ਐਕਸੀਡੈਂਟਲ ਰਿਮੂਵਲ' ਦਾ ਨਾਂਅ ਦੇ ਕੇ ਸੋਧ ਕੀਤੀ ਹੈ, ਜਿਸ ਨਾਲ ਜਿਨ੍ਹਾਂ ਲੋਕਾਂ ਦੇ ਸ਼ਰਨਾਰਥੀ ਕੇਸ ਚੱਲ ਰਹੇ ਹਨ ਹੁਣ 'ਆਈਸ' ਅਧਿਕਾਰੀ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦਾ ਕੇਸ ਸੁਣਨਗੇ ਅਤੇ ਉਸ ਅਧਿਕਾਰੀ ਕੋਲ ਸ਼ਕਤੀ ਹੋਵੇਗੀ ਕਿ ਉਹ ਕੇਸ ਨੂੰ ਪਾਸ ਜਾਂ ਫੇਲ੍ਹ ਕਰ ਸਕਦਾ ਹੈ, ਜਿਸ ਨੂੰ ਹੁਣ ਜੱਜ ਕੋਲ ਜਾਣ ਦੀ ਲੋੜ ਨਹੀਂ ਪਵੇਗੀ । ਭਰੋਸੇਯੋਗ ਸੂਤਰਾਂ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਗ਼ੈਰ-ਕਾਨੂੰਨੀ ਭਾਰਤੀ ਜੋ ਤਕਰੀਬਨ 20 ਹਜ਼ਾਰ ਤੋਂ ਵੱਧ ਹਨ, ਉਨ੍ਹਾਂ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਜਾਵੇਗੀ, ਜਿਨ੍ਹਾਂ ਲੋਕਾਂ ਨੂੰ 2 ਸਾਲ ਤੋਂ ਘੱਟ ਸਮਾਂ ਅਮਰੀਕਾ ਵਿਚ ਹੋਇਆ ਹੈ ਤੇ ਉਨ੍ਹਾਂ ਨੇ ਕੇਸ ਵੀ ਲਗਾ ਰੱਖੇ ਹਨ ਅਤੇ ਉਨ੍ਹਾਂ ਕੋਲ ਵਰਕ ਪਰਮਿਟ ਵੀ ਹਨ, ਉਹ ਵੀ ਸਾਰੇ ਵਾਪਸ ਭਾਰਤ ਆਉਣਗੇ ।