ਭਾਰਤ ਕਰਨਾ ਚਾਹੁੰਦਾ ਹੈ ਉਲੰਪਿਕ 2036 ਖੇਡਾਂ ਦੀ ਮੇਜ਼ਬਾਨੀ : ਸ਼ਾਹ

In ਖੇਡ ਖਿਡਾਰੀ
February 17, 2025
ਹਲਦਵਾਨੀ/ਏ.ਟੀ.ਨਿਊਜ਼: ਉੱਤਰਾਖੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ 38ਵੀਆਂ ਕੌਮੀ ਖੇਡਾਂ ਅੱਜ ਇੱਥੇ ਸਮਾਪਤ ਹੋ ਗਈਆਂ, ਜਿਨ੍ਹਾਂ ਵਿੱਚ ਐੱਸ.ਐੱਸ.ਸੀ.ਬੀ. ਸਭ ਤੋਂ ਵੱਧ ਤਗ਼ਮੇ ਜਿੱਤ ਕੇ ਮੋਹਰੀ ਰਿਹਾ। ਸਮਾਪਤੀ ਸਮਾਗਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਕਿਹਾ ਕਿ ਭਾਰਤ 2036 ਦੀਆਂ ਉਲੰਪਕ ਖੇਡਾਂ ਦੀ ਮੇਜ਼ਬਾਨੀ ਲਈ ਤਿਆਰ ਹੈ। ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ.ਓ.ਏ.) ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਅਗਲੇ ਮੇਜ਼ਬਾਨ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੂੰ ਝੰਡਾ ਸੌਂਪਣ ਤੋਂ ਪਹਿਲਾਂ ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ। ਕੌਮੀ ਖੇਡਾਂ 28 ਜਨਵਰੀ ਨੂੰ ਸ਼ੁਰੂੁ ਹੋਈਆਂ ਸਨ। ਸਮਾਪਤੀ ਸਮਾਗਮ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੈਂ ਅੱਜ ਇਹ ਕਹਿ ਸਕਦਾ ਹੈ ਕਿ ਖੇਡਾਂ ’ਚ ਭਾਰਤ ਦਾ ਭਵਿੱਖ ਰੌਸ਼ਨ ਹੈ। ਅਸੀਂ 2036 ਦੀਆਂ ਉਲੰਪਕ ਖੇਡਾਂ ਦੀ ਮੇਜ਼ਬਾਨੀ ਲਈ ਤਿਆਰ ਹਾਂ।’’ ਇਸ ਤੋਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਮਿਤ ਸ਼ਾਹ ਦਾ ਸਵਾਗਤ ਕੀਤਾ। ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ, ‘‘ਇਹ ਭਾਰਤ ਦੇ ਖੇਡ ਕੇਂਦਰ ਬਣਨ ਦੀ ਸ਼ੁਰੂਆਤ ਹੈ।’’ ਪੀ.ਟੀ. ਊਸ਼ਾ ਨੇ ਆਖਿਆ, ‘‘ਸਫ਼ਰ ਹਾਲੇ ਖਤਮ ਨਹੀਂ ਹੋਇਆ, ਇਹ ਭਾਰਤੀ ਖੇਡਾਂ ਦੇ ਸਫ਼ਰ ਦਾ ਆਗਾਜ਼ ਹੈ।’’ ਇਸ ਮੌਕੇ ਉੱਤਰਾਖੰਡ ਦੀ ਖੇਡ ਮੰਤਰੀ ਰੇਖਾ ਆਰੀਆ, ਮੁੱਕੇਬਾਜ਼ ਐੱਮਸੀ ਮੇਰੀਕੋਮ, ਉਲੰਪੀਅਨ ਨਿਸ਼ਾਨੇਬਾਜ਼ ਗਗਨ ਨਾਰੰਗ ਆਦਿ ਮੌਜੂਦ ਸਨ। ਕੌਮੀ ਖੇਡਾਂ ਦੌਰਾਨ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐੱਸ.ਐੱਸ.ਸੀ.ਬੀ.) 68 ਸੋਨੇ ਤਗ਼ਮਿਆਂ ਸਣੇ ਕੁੱਲ 121 ਤਗ਼ਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ ਜਦਕਿ ਮਹਾਰਾਸ਼ਟਰ (198 ਤਗ਼ਮੇ) ਦੂਜੇ ਤੇ ਹਰਿਆਣਾ (153 ਤਗ਼ਮੇ) ਤੀਜੇ ਸਥਾਨ ’ਤੇ ਰਹੇ।

Loading