
ਵਾਸ਼ਿੰਗਟਨ/ਏ.ਟੀ.ਨਿਊਜ਼:
ਟਰੰਪ ਪ੍ਰਸ਼ਾਸਨ ਨੇ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ (ਯੂ.ਐੱਸ.ਏਡ.) ਦੇ 1,600 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਉਸ ਨੇ ਦੁਨੀਆਂ ਭਰ ’ਚ ਯੂ.ਐੱਸ.ਏਡ. ਦੇ ਕੁਝ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ। ਇਹ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਲਾਗਤ ’ਚ ਕਟੌਤੀ ਵਿਭਾਗ ਦੇ ਉਨ੍ਹਾਂ ਦੇ ਸਹਿਯੋਗੀ ਐਲਨ ਮਸਕ ਵੱਲੋਂ ਸੰਘੀ ਸਰਕਾਰ ਦੇ ਆਕਾਰ ਨੂੰ ਘੱਟ ਕਰਨ ਦੀ ਦਿਸ਼ਾ ਵੱਲ ਚੁੱਕਿਆ ਗਿਆ ਤਾਜ਼ਾ ਅਤੇ ਸਭ ਤੋਂ ਵੱਡਾ ਕਦਮ ਹੈ। ਦਰਅਸਲ ਪਿਛਲੇ ਦਿਨੀਂ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਅਮਰੀਕਾ ਅਤੇ ਦੁਨੀਆਂ ਭਰ ’ਚ ਹਜ਼ਾਰਾਂ ਯੂ.ਐੱਸ.ਏਡ. ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੀ ਉਨ੍ਹਾਂ ਦੀ ਯੋਜਨਾ ’ਤੇ ਮੋਹਰ ਲਗਾ ਦਿੱਤੀ ਸੀ, ਜਿਸ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕੀ ਜ਼ਿਲ੍ਹਾ ਜੱਜ ਕਾਰਲ ਨਿਕੋਲਸ ਨੇ ਮੁਲਾਜ਼ਮਾਂ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ, ਜਿਸ ’ਚ ਉਨ੍ਹਾਂ ਸਰਕਾਰ ਦੀ ਯੋਜਨਾ ’ਤੇ ਆਰਜ਼ੀ ਤੌਰ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਟਰੰਪ ਪ੍ਰਸ਼ਾਸਨ ਵੱਲੋਂ ਯੂ.ਐੱਸ.ਏਡ. ਮੁਲਾਜ਼ਮਾਂ ਨੂੰ ਬੀਤੀ ਰਾਤ ਕਰੀਬ 12 ਵਜੇ ਸੁਨੇਹਾ ਭੇਜਿਆ ਗਿਆ ਕਿ ਉਨ੍ਹਾਂ ਨੂੰ ਛੁੱਟੀ ’ਤੇ ਭੇਜਿਆ ਜਾ ਰਿਹਾ ਹੈ। ਨੋਟਿਸ ’ਚ ਕਿਹਾ ਗਿਆ ਕਿ ਮੁਲਾਜ਼ਮਾਂ ਦੀ ਗਿਣਤੀ ’ਚ ਕਟੌਤੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਅਮਰੀਕਾ ’ਚ 2 ਹਜ਼ਾਰ ਨੌਕਰੀਆਂ ਖ਼ਤਮ ਹੋ ਜਾਣਗੀਆਂ। ਬਾਅਦ ’ਚ ਯੂ.ਐੱਸ.ਏਡ. ਦੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਨੋਟਿਸ ’ਚ ਖ਼ਤਮ ਕੀਤੇ ਗਏ ਅਹੁਦਿਆਂ ਦੀ ਗਿਣਤੀ ਘੱਟ ਕਰਕੇ 1,600 ਦੱਸੀ ਗਈ। ਪ੍ਰਸ਼ਾਸਨ ਨੇ ਇਸ ਸਬੰਧ ’ਚ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਹੈ। ਯੂ.ਐੱਸ.ਏਡ. ਦੇ ਡਿਪਟੀ ਪ੍ਰਸ਼ਾਸਕ ਪੀਟ ਮਾਰਕੋ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਯੋਜਨਾ ਕਰੀਬ 600 ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖਣ ਦੀ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਅਮਰੀਕਾ ’ਚ ਰਹਿੰਦੇ ਹਨ।